ਕੋਟਕਪੂਰਾ, 15 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਲ ਇੰਡੀਆ ਆਸ਼ਾ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਅੱਜ ਸਥਾਨਕ ਬੱਸ ਅੱਡੇ ਤੇ ਭਗਵੰਤ ਮਾਨ ਸਰਕਾਰ ਦੇ ਖਿਲਾਫ ਤਿੱਖੀ ਨਾਅਰੇਬਾਜ਼ੀ ਕਰਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ। ਆਸ਼ਾ ਵਰਕਰਾਂ ਨੂੰ ਜਥੇਬੰਦੀ ਦੇ ਸੂਬਾ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ ਨੇ ਸੰਬੋਧਨ ਕਰਦਿਆਂ ਭਗਵੰਤ ਮਾਨ ਸਰਕਾਰ ਨੂੰ ਝੂਠਾਂ ਦੀ ਪੰਡ ਕਰਾਰ ਦਿੱਤਾ। ਬੁਲਾਰਿਆਂ ਨੇ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਦੀ 6 ਨਵੰਬਰ ਨੂੰ ਹੋਈ ਮੀਟਿੰਗ ਦੌਰਾਨ ਪੰਜਾਬ ਦੇ 7 ਲੱਖ ਤੋਂ ਜ਼ਿਆਦਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਗਿਣੀ ਮਿਥੀ ਸਾਜਸ਼ ਤਹਿਤ ਨਿਰਾਸ਼ ਕੀਤਾ ਗਿਆ ਹੈ। ਉਹਨਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਆਸ਼ਾ ਵਰਕਰਾਂ ਨਾਲ ਅਖਤਿਆਰ ਕੀਤਾ ਜਾ ਰਿਹਾ ਅਜਿਹਾ ਵਤੀਰਾ ਪੰਜਾਬ ਸਰਕਾਰ ਨੂੰ ਮਹਿੰਗਾ ਪਵੇਗਾ। ਆਗੂਆਂ ਨੇ ਮੰਗ ਕੀਤੀ ਕਿ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ, ਠੇਕਾ ਅਧਾਰਤ ਅਤੇ ਆਊਟ ਸੋਰਸ ਮੁਲਾਜ਼ਮ ਅਤੇ ਸਕੀਮ ਵਰਕਰਜ਼ ਨਾਲ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਕੀਤੇ ਗਏ ਸਾਰੇ ਚੋਣ ਵਾਅਦੇ ਪੂਰੇ ਕੀਤੇ ਜਾਣ। ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਦੀਵਾਲੀ ਤੋਂ ਪਹਿਲਾਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਕੋਈ ਰਾਹਤ ਨਾ ਦੇਕੇ ਇਹਨਾਂ ਸਾਰਿਆਂ ਦੇ ਪੱਲੇ ਨਿਰਾਸ਼ਾ ਹੀ ਪਾਈ ਹੈ। ਆਗੂਆਂ ਨੇ ਆਪਣੇ ਸੰਬੋਧਨ ਵਿੱਚ ਅਫਸੋਸ ਪ੍ਰਗਟ ਕੀਤਾ ਕਿ ਭਗਵੰਤ ਮਾਨ ਸਰਕਾਰ ਨੇ ਅਜੇ ਤੱਕ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਇੱਕ ਵੀ ਚੋਣ ਵਾਅਦਾ ਪੂਰਾ ਨਾ ਕਰਨ ਕਰਕੇ ਲੋਕਾਂ ਦਾ ਇਸ ਸਰਕਾਰ ਤੋਂ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ ਹੈ ਇਸ ਕਰਕੇ ਲੋਕ ਕਾਲੀ ਦੀਵਾਲੀ ਮਨਾਉਣ ਲਈ ਮਜ਼ਬੂਰ ਹੋ ਗਏ ਹਨ। ਇਸ ਮੌਕੇ ਆਸ਼ਾ ਵਰਕਰਾਂ ਦੇ ਆਗੂ ਸਿੰਬਲਜੀਤ ਕੌਰ, ਛਿੰਦਰ ਪਾਲ ਕੌਰ ਝੱਖੜਵਾਲਾ, ਚਰਨਜੀਤ ਕੌਰ ਲੰਭਵਾਲੀ ਹਰਬੰਸ ਕੌਰ ਦਬੜੀਖਾਨਾ, ਵੀਰਪਾਲ ਕੌਰ ਵਾੜਾਭਾਈ, ਰਮਨਦੀਪ ਕੌਰ ਮੱਲਾ, ਹਰਪ੍ਰੀਤ ਕੌਰ ਬਰਗਾੜੀ, ਸੁੱਖਵਿੰਦਰ ਕੌਰ ਸਰਾਵਾ, ਅਮਨਦੀਪ ਕੌਰ ਹਰੀਨੌ, ਸਿੰਦਰ ਕੌਰ ਮੌੜ, ਰਾਣੀ ਕੌਰ ਖਾਰਾ, ਇੰਦਰਜੀਤ ਕੌਰ ਬਾਦਰਜਟਾਣਾ, ਅਮਰਜੀਤ ਕੌਰ ਸੰਧਵਾ, ਗਰਵਿੰਦਰ ਕੌਰ ਉਕੰਦਵਾਲਾ, ਗੁਰਮੀਤ ਕੌਰ ਚੈਨਾ, ਸੁਕੰਤਲਾ ਚੰਦਭਾਨ, ਬਲਤੇਜ ਕੌਰ ਬਿਸਨੰਦੀ ਤੇ ਕੁਲਦੀਪ ਕੌਰ ਕੋਠੇ ਆਦਿ ਹਾਜ਼ਰ ਸਨ ।
Leave a Comment
Your email address will not be published. Required fields are marked with *