ਕੋਟਕਪੂਰਾ/ਸਾਦਿਕ, 29 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੁੱਢਲੇ ਸਿਹਤ ਕੇਂਦਰ ਸੀ.ਐਚ.ਸੀ. ਸਾਦਿਕ ਵਿਖੇ ਆਸ਼ਾ ਵਰਕਰ ਨਿਰੋਲ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਧਰਨਾ ਦੇਣ ਉਪਰੰਤ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਜ਼ਿਲਾ ਪ੍ਰਧਾਨ ਦਲਜੀਤ ਕੌਰ ਬਰਾੜ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ ਸੀ। ਯੂਨੀਅਨ ਦੇ ਨਿਰਦੇਸ਼ਾਂ ਅਨੁਸਾਰ 25 ਜਨਵਰੀ ਤੋਂ 31 ਜਨਵਰੀ ਤੱਕ ਬਲਾਕ ਪੱਧਰੀ ਧਰਨੇ ਦਿੱਤੇ ਜਾ ਰਹੇ ਹਨ। ਜਿਸ ਦੌਰਾਨ ਕੇਂਦਰ ਦੇ ਸਿਹਤ ਪਰਿਵਾਰ ਭਲਾਈ ਮੰਤਰੀ ਨੂੰ ਮੈਡੀਕਲ ਅਫਸਰਾਂ ਰਾਂਹੀ ਮੰਗ ਪੱਤਰ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਆਸਾ ਵਰਕਰਾਂ ਨੂੰ ਨਿਗੂਣੇ ਜਿਹੇ ਭੱਤੇ ਦੇ ਕੇ ਸੋਸਣ ਕੀਤਾ ਜਾ ਰਿਹਾ ਹੈ। ਜਦੋਂ ਕਿ ਸਾਡੀਆਂ ਮੰਗਾਂ ਆਸਾ ਵਰਕਰਾਂ ਨੂੰ ਡੀ.ਸੀ. ਰੇਟ ਦੇਣ, ਪੰਜਾਬ ਸਰਕਾਰ ਵੱਲੋਂ ਕੀਤਾ ਵਾਅਦਾ 2500 ਰੁਪਏ ਨੂੰ ਡਬਲ ਕਰਨ, ਪ੍ਰਸੂਤਾ ਛੁੱਟੀ ਲਾਗੂ ਕਰਨ, ਰਾਤ ਠਹਿਰਣ ਲਈ ਕੇਸ ਲੈ ਕੇ ਗਈਆਂ ਵਰਕਰਾਂ ਵਾਸਤੇ ਕਮਰਾ ਦੇਣ, ਹਰ ਮੁਲਾਜ਼ਮ ਦੀ ਤਰਾਂ ਆਸਾ ਵਰਕਰਾਂ ਨੂੰ ਮੁਲਾਜ਼ਮ ਮੰਨਿਆ ਜਾਵੇ ਜੋ ਕਿ ਸਿਹਤ ਵਿਭਾਗ ਦੀ ਰੀੜ ਦੀ ਹੱਡੀ ਹੈ, ਰਿਟਾਇਰਮੈਂਟ ਹੋਣ ਤੇ ਵਰਕਰਾਂ ਨੂੰ ਆਂਗਨਵਾੜੀ ਦੀ ਤਰਾਂ ਇੱਕ ਲੱਖ ਰੁਪਏ ਦਿੱਤੇ ਜਾਣੇ ਉਨਾਂ ਮੰਗ ਕੀਤੀ ਕਿ ਸਾਡੀਆਂ ਜਾਇਜ ਮੰਗਾਂ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਧਿਆਨ ਦੇਵੇ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਅੰਤ ’ਚ ਸਮੂਹ ਆਸ਼ਾ ਵਰਕਰਾਂ ਵਲੋਂ ਐੱਸਐੱਮਓ ਡਾ. ਪਰਮਜੀਤ ਸਿੰਘ ਬਰਾੜ ਤੇ ਮੈਡੀਕਲ ਅਫਸਰ ਡਾ. ਜਗਵੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਪਰਮਜੀਤ ਕੌਰ ਸਾਦਿਕ, ਕਰਮਜੀਤ ਕੌਰ, ਕੁਲਦੀਪ ਕੌਰ ਚਮੇਲੀ, ਰਮਨਦੀਪ ਕੌਰ ਕੋਟ ਸੁਖੀਆ, ਦਲਜੀਤ ਕੌਰ ਚਾਹਲ ਤੇ ਕੁਲਬੀਰ ਕੌਰ ਵੀ ਹਾਜਰ ਸਨ।