ਸਰੀ, 22 ਨਵੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਤਰਕਸ਼ੀਲ ਸੁਸਾਇਟੀ ਦੇ ਵੈਨਕੂਵਰ ਯੂਨਿਟ ਦੀ ਮੀਟਿੰਗ ਕੌਮੀ ਪ੍ਰਧਾਨ ਅਵਤਾਰ ਬਾਈ ਦੀ ਪ੍ਰਧਾਨਗੀ ਹੇਠ ਪ੍ਰੋਗਰੈਸਿਵ ਕਲਚਰਲ ਸੈਂਟਰ ਸਰੀ ਵਿੱਚ ਹੋਈ। ਇਸ ਮੀਟਿੰਗ ਵਿੱਚ ਐਬਸਫੋਰਡ ਵਿਖੇ ਤਰਕਸ਼ੀਲ ਮੈਂਬਰਾਂ ਦੀ ਗਿਣਤੀ ਵਧਣ ਅਤੇ ਉੱਥੇ ਸੁਸਾਇਟੀ ਦਾ ਵੱਖਰਾ ਯੂਨਿਟ ਬਣਨ ‘ਤੇ ਖੁਸ਼ੀ ਅਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਗਿਆ ਕਿ ਇਸ ਨਾਲ ਤਰਕਸ਼ੀਲਤਾ ਦੇ ਪ੍ਰਚਾਰ ਅਤੇ ਪਸਾਰ ਨੂੰ ਹੋਰ ਹੁਲਾਰਾ ਮਿਲੇਗਾ। ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਕਿ ਵੈਨਕੂਵਰ ਯੂਨਿਟ ਦੀ ਦੋ-ਸਾਲਾ ਚੋਣ ਦੀ ਮਿਆਦ ਭਾਵੇਂ ਲੰਘ ਗਈ ਹੈ ਪਰ ਇਸ ਲਈ ਨਵੀਂ ਮੈਂਬਰਸ਼ਿਪ ਕਰ ਕੇ ਇਹ ਚੋਣ ਅਪ੍ਰੈਲ ਵਿੱਚ ਕੀਤੀ ਜਾਵੇਗੀ ਅਤੇ ਉਦੋਂ ਤੱਕ ਆਰਜ਼ੀ ਤੌਰ ‘ਤੇ ਚੋਣ ਕੀਤੀ ਗਈ ਜਿਸ ਵਿਚ ਜਸਵਿੰਦਰ ਹੇਅਰ – ਪ੍ਰਧਾਨ, ਗੁਰਮੇਲ ਗਿੱਲ – ਸਕੱਤਰ ਅਤੇ ਅਨੂਜ ਸੂਦ – ਮੀਤ ਪ੍ਰਧਾਨ, ਨਿਰਮਲ ਕਿੰਗਰਾ – ਮੀਤ ਸਕੱਤਰ ਅਤੇ ਹਰਪਾਲ ਗਰੇਵਾਲ – ਖਜ਼ਾਨਚੀ ਚੁਣੇ ਗਏ। ਸੁਸਾਇਟੀ ਵੱਲੋਂ ਪੰਜਾਬੀ ਭਾਈਚਾਰੇ ਨੂੰ ਅਤੇ ਖਾਸ ਕਰਕੇ ਭੈਣਾਂ ਨੂੰ ਸੁਸਾਇਟੀ ਦੀ ਮੈਂਬਰਸ਼ਿਪ ਹਾਸਲ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਗਈ ਤਾਂ ਜੋ ਸਮਾਜ ਵਿੱਚ ਅੰਧਵਿਸ਼ਵਾਸ਼ ਫੈਲਾਉਣ ਵਾਲੇ ਅਤੇ ਹਰ ਕਿਸਮ ਦੀ ਲੁੱਟ ਕਰਨ ਵਾਲੇ ਅਨਸਰਾਂ ਤੋਂ ਆਮ ਲੁਕਾਈ ਨੂੰ ਜਾਣੂੰ ਕਰਵਾਉਣ ਦਾ ਕਾਰਜ ਲਗਾਤਾਰ ਜਾਰੀ ਰੱਖਿਆ ਜਾ ਸਕੇ। ਇਹ ਵੀ ਫੈਸਲਾ ਕੀਤਾ ਗਿਆ ਕਿ ਅਪ੍ਰੈਲ 2024 ਦੀ ਚੋਣ ਤੋਂ ਪਹਿਲਾਂ ਕੁੱਝ ਸੈਮੀਨਾਰ ਵੀ ਕੀਤੇ ਜਾਣਗੇ।
ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਹੇਅਰ ਅਤੇ ਸਕੱਤਰ ਗੁਰਮੇਲ ਗਿੱਲ ਨੇ ਦੱਸਿਆ ਹੈ ਕਿ ਮੀਟਿੰਗ ਵਿੱਚ ਇਜ਼ਰਾਈਲ ਵੱਲੋਂ ਗਾਜ਼ਾ ਉੱਤੇ ਕੀਤੇ ਜਾ ਰਹੇ ਲਗਾਤਾਰ ਹਮਲਿਆਂ, ਜਿਨ੍ਹਾਂ ਵਿੱਚ ਹਜਾਰਾਂ ਬੱਚਿਆਂ ਸਮੇਤ ਅਨੇਕਾਂ ਜਾਨਾਂ ਜਾ ਚੁੱਕੀਆਂ ਹਨ, ਦੀ ਫਿਕਰਮੰਦੀ ਕਰਦਿਆਂ ਕਰੜੀ ਨਿੰਦਾ ਕੀਤੀ ਗਈ ਅਤੇ ਇਨ੍ਹਾਂ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਗਈ। ਸੁਸਾਇਟੀ ਦੀਆਂ ਨਜ਼ਰਾਂ ਵਿੱਚ ਇਜ਼ਰਾਈਲ ਦੀ ਇਹ ਕਾਰਵਾਈ ਗੈਰ-ਮਨੁੱਖੀ, ਜ਼ਾਲਮਾਨਾ ਅਤੇ ਅੰਤਰ-ਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨਾਂ ਦੀਆਂ ਧੱਜੀਆਂ ਉਡਾਉਣ ਵਾਲੀ ਹੈ, ਜਿਸ ਦਾ ਹਰ ਪਾਸਿਆਂ ਤੋਂ ਵਿਰੋਧ ਹੋਣਾ ਚਾਹੀਦਾ ਹੈ। ਸੁਸਾਇਟੀ ਅਮਰੀਕਾ, ਕੈਨੇਡਾ ਸਮੇਤ ਉਨ੍ਹਾਂ ਸਾਰੇ ਦੇਸ਼ਾਂ ਦੀ ਵੀ ਕਰੜੀ ਨਿੰਦਾ ਕਰਦੀ ਹੈ ਜਿਹੜੇ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਮਨੁੱਖਤਾ ਦੇ ਕਤਲ ਦਾ ਸਮਰਥਨ ਕਰ ਕੇ ਉਸ ਦਾ ਸਾਥ ਦੇ ਰਹੇ ਹਨ। ਸੁਸਾਇਟੀ ਦੁਨੀਆ ਭਰ ਵਿੱਚੋਂ ਇਜ਼ਰਾਈਲ ਵਿਰੁੱਧ ਵੱਡੀ ਗਿਣਤੀ ਵਿੱਚ ਉੱਠ ਰਹੀਆਂ ਅਵਾਜ਼ਾਂ ਨੂੰ ਸਲੂਟ ਕਰਦੀ ਹੈ ਅਤੇ ਫ਼ਲਸਤੀਨੀਆਂ ਵਿਰੁੱਧ ਹੋ ਰਹੇ ਜ਼ੁਲਮ ਵਿੱਚ ਉਨ੍ਹਾਂ ਨਾਲ ਖੜ੍ਹਨ ਦਾ ਇਜ਼ਹਾਰ ਕਰਦੀ ਹੈ।
Leave a Comment
Your email address will not be published. Required fields are marked with *