ਇਟਲੀ 2 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਰੋਮ ਇਟਲੀ (ਬਿਊਰੋ) ਪੰਜਾਬੀ ਨੌਜਵਾਨਾਂ ਦੀਆਂ ਵਿਦੇਸ਼ਾਂ ਵਿੱਚ ਹੋ ਰਹੀਆਂ ਬੇਵਕਤੀ ਮੌਤਾਂ ਪਿੱਛੇ ਬੁੱਢੇ ਮਾਪਿਆ ਲਈ ਤੇ ਭਾਰਤੀ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਆਏ ਦਿਨ ਕਨੇਡਾ ਤੇ ਇਟਲੀ ਵਿੱਚ ਰੋਡ ਐਕਸੀਂਡੈਟ ਤੇ ਦਿਲ ਦੀ ਧੜਕਣ ਰੁਕ ਜਾਣ ਨਾਲ ਬੇਵਕਤੀ ਮੌਤਾ ਨੇ ਵਿਦੇਸ਼ਾਂ ਵੱਲ ਰੱਖ ਕਰਨ ਵਾਲੇ ਨਵੇ ਨੌਜਵਾਨਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਬੀਤੇ ਦਿਨੀ ਰਾਜਧਾਨੀ ਰੋਮ ਦੇ ਪੰਜਾਬੀ ਭਾਈਚਾਰੇ ਦੀ ਵੱਧ ਵੱਸੋਂ ਵਾਲੇ ਸ਼ਹਿਰ ਲਵੀਨੀਓ ਵਿਖੇ ਰਹਿਣ ਵਸੇਰਾ ਕਰ ਰਹੇ ਬਲਵਿੰਦਰ ਸਿੰਘ (42) ਸਾਲ ਦੇ ਪੰਜਾਬੀ ਦੀ ਦਿਲ ਦੀ ਧੜਕਣ ਰੁਕ ਜਾਣ ਕਰਕੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਇਸ ਸਬੰਧੀ ਗੱਲਬਾਤ ਕਰਦਿਆ ਸਿੱਖ ਆਗੂ ਭਾਈ ਭਗਵੰਤ ਸਿੰਘ ਕੰਗ ਨੇ ਦੱਸਿਆ ਕਿ ਬਲਵਿੰਦਰ ਸਿੰਘ ਕੁਝ ਸਮਾ ਪਹਿਲਾ ਹੀ ਰੋਮ ਦੇ ਨਜ਼ਦੀਕ ਪੈਂਦੇ ਸ਼ਹਿਰ ਲਵੀਨੀਓ ਵਿਖੇ ਕੰਮ ਕਾਰ ਦੇ ਸਿਲਸਿਲੇ ਵਿੱਚ ਰਹਿਣ ਆਇਆ ਸੀ ਪਰ ਵਾਹਿਗੁਰੂ ਨੂੰ ਕੁਝ ਹੋਰ ਹੀ ਮਨਜ਼ੂਰ ਸੀ । ਉਨ੍ਹਾ ਦੱਸਿਆ ਕਿ ਬਲਵਿੰਦਰ ਸਿੰਘ ਦੀ ਅਚਾਨਕ ਸਿਹਤ ਖੁਰਾਬ ਹੋਣ ਉਪਰੰਤ ਉਸ ਨੂੰ ਐਂਬੂਲੈਂਸ ਰਾਹੀ ਅੰਸੀਓ ਸ਼ਹਿਰ ਦੇ ਹਸਪਤਾਲ ਲਿਜਾਇਆ ਗਿਆ। ਉਪਰੰਤ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਮ੍ਰਿਤਕ ਬਲਵਿੰਦਰ ਸਿੰਘ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਸਮਾਣਾ ਦੇ ਗ੍ਰਾਮਾਂ ਪੱਟੀ 4 ਨਾਲ ਸਬੰਧਿਤ ਸੀ ਤੇ ਉਹ ਵੀ ਪੰਜਾਬ ਦੇ ਬਾਕੀ ਨੌਜਵਾਨਾਂ ਵਾਂਗ ਚੰਗੇ ਭਵਿੱਖ ਲਈ ਇਟਲੀ ਆਇਆ ਹੋਇਆ ਸੀ। ਮ੍ਰਿਤਕ ਬਲਵਿੰਦਰ ਸਿੰਘ ਦੀਆਂ ਸਸਕਾਰ ਤੇ ਅੰਤਿਮ ਰਸਮਾਂ ਇਲਾਕੇ ਦੇ ਸਮੂਹ ਗੁਰਦੁਆਰਿਆਂ, ਸਮਾਜ ਸੇਵੀ ਸੰਸਥਾ ਤੇ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਤੇ ਪਰਿਵਾਰ ਦੀ ਸਹਿਮਤੀ ਨਾਲ ਇਟਲੀ ਵਿੱਚ ਹੀ ਨਿਭਾਈਆਂ ਜਾਣਗੀਆਂ।
Leave a Comment
Your email address will not be published. Required fields are marked with *