ਮਿਲਾਨ, 30 ਜਨਵਰੀ: (ਨਵਜੋਤ ਪਣੈਚ ਢੀਂਡਸਾ/ਵਰਲਡ ਪੰਜਾਬੀ ਟਾਈਮਜ਼)
ਇਟਲੀ ਦੇ ਕਰੇਮੋਨਾ ਜ਼ਿਲੇ ਦੇ ਕਸਬਾ ਵੇਸਕੋਵਾਤੋ ਵਿਖੇ ਸਥਿਤ ਪਰੋਸੂਸ ਮੀਟ ਦੀ ਫੈਕਟਰੀ ਵਿੱਚੋਂ ਕੱਢੇ ਗਏ 60 ਪੰਜਾਬੀ ਕਾਮਿਆ ਜੋ ਕਿ ਪਿਛਲੇ 104 ਦਿਨਾਂ ਤੋਂ ਮੀਹ,ਹਨੇਰੀ,ਝੱਖੜ ਅਤੇ ਬਰਫ ਦੀ ਪਰਵਾਹ ਨਾ ਕਰਦਿਆਂ ਲਗਾਤਾਰ ਧਰਨੇ ਤੇ ਬੈਠੇ ਹੋਏ ਹਨ। ਉਹਨਾਂ ਵੱਲੋਂ 28 ਜਨਵਰੀ 2024 ਨੂੰ ਫੈਕਟਰੀ ਵਿਖੇ ਹੀ ਇੱਕ ਇਕੱਠ ਦਾ ਸੱਦਾ ਦਿੱਤਾ ਗਿਆ ਸੀ। ਜਿਸ ਵਿੱਚ ਉਹਨਾਂ ਨੂੰ ਭਾਰੀ ਹਿਮਾਇਤ ਮਿਲੀ ਹੈ।ਇਸ ਇਕੱਠ ਵਿੱਚ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਟਰਸਟ,ਵੱਖ-ਵੱਖ ਗੁਰਦੁਆਰਾ ਸਾਹਿਬਾਨਾ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਹੋਰ ਵੀ ਵੱਖ-ਵੱਖ ਪਤਵੰਤੇ ਸੱਜਣਾਂ ਵੱਲੋਂ ਸ਼ਿਰਕਤ ਕੀਤੀ ਗਈ ਪਹੁੰਚੇ ਵੀਰਾਂ ਨੇ ਕਿਹਾ ਕਿ ਉਹਨਾਂ ਦਾ ਭਾਈਚਾਰਾ ਹਮੇਸ਼ਾ ਉਹਨਾਂ ਦੇ ਨਾਲ ਹੈ।ਜਿਕਰਯੋਗ ਹੈ ਕਿ ਇਹ ਪੰਜਾਬੀ ਵੀਰ ਜੋ ਕਿ ਪਿਛਲੇ 10,15 ਅਤੇ 20 ਸਾਲਾਂ ਤੋਂ ਇਸ ਮੀਟ ਦੀ ਫੈਕਟਰੀ ਵਿੱਚ ਕੰਮ ਕਰ ਰਹੇ ਸਨ। ਉਹਨਾਂ ਨੂੰ ਬਿਨਾਂ ਦੱਸੇ ਹੀ ਕੰਮ ਤੋਂ ਕੱਢ ਦਿੱਤਾ ਗਿਆ ਸੀ। ਜਿਸਦੇ ਰੋਸ ਵਜੋਂ ਉਹ 104 ਦਿਨਾਂ ਤੋਂ ਉਹ ਲਗਾਤਾਰ ਫੈਕਟਰੀ ਦੇ ਅੰਦਰ ਅਤੇ ਬਾਹਰ ਧਰਨੇ ਤੇ ਬੈਠੇ ਹੋਏ ਹਨ ਅਤੇ ਉਹਨਾਂ ਦੀ ਮੰਗ ਹੈ ਕਿ ਉਹਨਾਂ ਨੂੰ ਕੰਮ ਤੇ ਵਾਪਸ ਬੁਲਾਇਆ ਜਾਵੇ। ਇਹ ਵੀਰ ਯੂ.ਐਸ.ਬੀ ਯੂਨੀਅਨ ਨਾਲ ਜੁੜੇ ਹੋਏ ਹਨ ਅਤੇ ਇਹ ਸੰਸਥਾ ਹੀ ਉਹਨਾਂ ਨੂੰ ਕਾਨੂੰਨੀ ਕਾਰਵਾਈ ਪ੍ਰਦਾਨ ਕਰ ਰਹੀ ਹੈ। ਜਿਸ ਨਾਲ ਕਿ ਉਹਨਾਂ ਦੀ ਆਵਾਜ਼ ਸਾਰੇ ਇਟਲੀ ਵਿੱਚ ਗੂੰਜ ਰਹੀ ਹੈ। ਹੁਣ ਤੱਕ ਵੱਖ-ਵੱਖ ਇਟਾਲੀਅਨ ਜਥੇਬੰਦੀਆਂ ਪੰਜਾਬੀ ਭਾਈਚਾਰਾ ਅਤੇ ਹੋਰ ਭਾਈਚਾਰਿਆਂ ਦੇ ਲੋਕਾਂ ਵੱਲੋਂ ਵੀ ਇਹਨਾਂ ਵੀਰਾਂ ਦੀ ਹਿਮਾਇਤ ਕੀਤੀ ਗਈ ਹੈ। ਇਸ ਵਾਰ ਕਰਮੋਨਾ ਤੋਂ ਹੀ ਇੱਕ ਹੋਰ ਮੀਟ ਦੀ ਫੈਕਟਰੀ ‘ਅਨੋਨੀ’ ਵਿੱਚੋਂ ਵੀ ਇਟਾਲੀਅਨ ਕਾਮਿਆਂ ਵੱਲੋਂ ਇਹਨਾਂ ਵੀਰਾਂ ਦੀ ਹਿਮਾਇਤ ਲਈ ਹਾਜ਼ਰੀ ਭਰੀ ਗਈ। ਵੀਰਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰਿਆਂ ਦੀ ਇਸ ਔਖੀ ਘੜੀ ਵਿੱਚ ਉਹਨਾਂ ਦੀ ਕੀਤੀ ਗਈ ਮਦਦ ਦਾ ਨਤੀਜਾ ਹੁਣ ਨਿਕਲਣ ਹੀ ਵਾਲਾ ਹੈ। ਉਮੀਦ ਹੈ ਕਿ ਵਾਹਿਗੁਰੂ ਦੀ ਕਿਰਪਾ ਸਦਕਾ ਥੋੜੇ ਹੀ ਸਮੇਂ ਵਿੱਚ ਉਹਨਾਂ ਦੀ ਜਿੱਤ ਹੋਵੇਗੀ ਅਤੇ ਉਹਨਾਂ ਨੂੰ ਵਾਪਸ ਕੰਮਾਂ ਤੇ ਬੁਲਾ ਲਿਆ ਜਾਵੇਗਾ ਅੰਤ ਵਿੱਚ ਉਹਨਾਂ ਨੇ ਇਕੱਠ ਵਿੱਚ ਪਹੁੰਚੇ ਸਾਰੇ ਹੀ ਵੀਰਾਂ ਦਾ ਧੰਨਵਾਦ ਕੀਤਾ ਅਤੇ ਵਿਸ਼ੇਸ਼ ਤੌਰ ‘ਤੇ ਇਟਾਲੀਅਨ ਇੰਡੀਅਨ ਪ੍ਰੈਸ ਕਲੱਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਲੱਬ ਵੱਲੋਂ ਪਹਿਲੇ ਹੀ ਦਿਨ ਤੋਂ ਉਹਨਾਂ ਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਵੀਰਾਂ ਨੇ ਇਹ ਵੀ ਕਿਹਾ ਕਿ ਅੱਗੇ ਤੋਂ ਵੀ ਉਹਨਾਂ ਨੂੰ ਪ੍ਰੈੱਸ ਕਲੱਬ ਦਾ ਸਾਥ ਮਿਲਦਾ ਰਹੇ।
Leave a Comment
Your email address will not be published. Required fields are marked with *