ਮਿਲਾਨ, 2 ਮਾਰਚ : (ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼)
ਬੇਸ਼ਕ ਇਟਲੀ ਦਾ ਨੌਜਵਾਨ ਅੱਜ ਬਿਹਤਰ ਭੱਵਿਖ ਲਈ ਇਟਲੀ ਨੂੰ ਅਲਵਿਦਾ ਆਖ ਰਿਹਾ ਹੈ ਇਟਲੀ ਦੀ ਰਾਸ਼ਟਰੀ ਅੰਕੜਾ ਏਜੰਸੀ ਇਸਤਤ ਅਨੁਸਾਰ ਪਿਛਲੇ 2 ਦਹਾਕਿਆਂ ਦੌਰਾਨ ਦੇਸ਼ ਦੇ 30 ਲੱਖ ਨੌਜਵਾਨਾਂ ਨੇ ਬੇਰੁਜ਼ਗਾਰੀ ਕਾਰਨ ਇਟਲੀ ਤੋਂ ਕਿਨਾਰਾ ਕਰ ਲਿਆ ਹੈ ਪਰ ਇਸ ਦੇ ਬਾਵਜੂਦ ਪ੍ਰਵਾਸੀਆਂ ਦਾ ਇਟਲੀ ਵਿਚ ਧੜਾਧੜ ਗੈਰ ਕਾਨੂੰਨੀ ਢੰਗ ਨਾਲ ਆਉਣਾ ਇਟਲੀ ਸਰਕਾਰ ਨੂੰ ਸੋਚਣ ਲਈ ਮਜ਼ਬੂਰ ਕਰਦਾ ਹੈ ਕਿ ਆਖਿ਼ਰ ਕਿਉਂ ਪ੍ਰਵਾਸੀ ਇੰਨੀ ਵੱਡੀ ਤਦਾਦ ਵਿੱਚ ਇਟਲੀ ਆ ਰਹੇ ਹਨ।ਇਟਲੀ ਸਰਕਾਰ ਨੇ ਪ੍ਰਵਾਸੀਆਂ ਦੀ ਇਹੀ ਨਬਜ਼ ਨੂੰ ਪਛਾਣਦਿਆਂ ਉਹਨਾਂ ਤੋਂ ਖਾਲੀ ਸਰਕਾਰੀ ਖਜ਼ਾਨੇ ਨੂੰ ਭਰਨ ਲਈ ਹਰ ਸਾਲ ਇਟਲੀ ਤੋਂ ਬਾਹਰੋਂ ਕਾਮਿਆਂ ਦੀ ਮੰਗ ਕਰਨਾ ਸਰਕਾਰ ਦੇ ਭਲੇ ਵਿੱਚ ਹੋਵੇ ਜਾਂ ਨਾ ਪਰ ਉਹਨਾਂ ਠੱਗ ਏਜੰਟਾਂ ਦੇ ਫਾਇਦਾ ਵਿੱਚ ਜਰੂਰ ਹੋ ਰਿਹਾ ਹੈ ਜਿਹੜੇ ਇਟਲੀ ਦੇ ਤਥਾਕਥਿਤ ਇਮੀਗ੍ਰੇਸ਼ਨ ਅਫ਼ਸਰ ਬਣ ਲੋਕਾਂ ਤੋਂ ਲੱਖਾਂ ਰੁਪੲੈ ਡਕਾਰ ਰਹੇ ਹਨ। ਇਟਲੀ ਯੂਰਪ ਦਾ ਅਜਿਹਾ ਦੇਸ਼ ਹੈ ਜਿਸ ਦੇ ਨਾਮ ਉਪੱਰ ਸਭ ਤੋਂ ਵੱਧ ਭਾਰਤੀ ਨੌਜਵਾਨਾਂ ਦੀ ਲੁੱਟ ਤਥਾਕਥਿਤ ਟ੍ਰੈਵਲ ਏਜੰਟ ਇਟਲੀ ਦਾ ਕੰਮ ਵਾਲਾ ਵੀਜ਼ਾ ਲੁਆਉਣ ਦੇ ਨਾਮ ਤੇ ਕਰਦੇ ਹਨ ਅਜਿਹਾ ਵੀ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਅਵਾਮ ਵਿੱਚ ਉਹਨਾਂ ਬਾਬਿਆਂ ਦੇ ਇਸ਼ਤਿਹਾਰਾਂ ਦਾ ਗੁੱਗਾ ਅਲਾਪਿਆ ਜਾਂਦਾ ਹੈ ਜਿਹੜੇ ਕਿ ਵਸ਼ੀਕਰਨ,ਕਾਰੋਬਾਰ ਜਾਂ ਲੋਕਾਂ ਨੂੰ ਭੂਤ-ਪ੍ਰੇਤਾਂ ਤੋਂ ਬਚਾਉਣ ਦੇ ਵੱਡੇ-ਵੱਡੇ ਦਾਵੇ ਕਰਦੇ ਹਨ ਪਰ ਇਹਨਾਂ ਦਾਵਿਆਂ ਨਾਲ ਕਿੰਨੇ ਲੋਕਾਂ ਦਾ ਭਲਾ ਹੁੰਦਾ ਇਹ ਸਭ ਭਲੀਭਾਂਤ ਜਾਣਦੇ ਹਨ ਠੀਕ ਉਸ ਤਰ੍ਹਾਂ ਹੀ ਅੱਜ ਦੇ ਸੋ਼ਸ਼ਲ ਮੀਡੀਏ ਵਿੱਚ ਇਟਲੀ ਦੇ ਪੇਪਰ ਖੁਲੱਣ ਦਾ ਜ਼ਿਆਦਾਤਰ ਆਪੂ ਬਣੇ ਪੱਤਰਕਾਰ ਦਿਨ-ਰਾਤ ਪ੍ਰਚਾਰ ਕਰਦੇ ਹਨ ਤੇ ਨਾਲ ਹੀ ਆਪਣੀ ਏਜੰਟਗਿਰੀ ਦੀਆਂ ਸਰਾਫ਼ਤੀ ਬਾਤਾਂ ਪਾਕੇ ਮੁਰਗੇ ਫਸਾਉਣ ਲਈ ਚੋਗਾ ਵੀ ਖਿਲਾਦੇ ਹਨ ਜਿਸ ਵਿੱਚ ਭਾਰਤ ਤੇ ਪਾਕਿਸਤਾਨੀ ਪੰਜਾਬ ਦੇ ਭੋਲੇਭਾਲੇ ਜਾਂ ਮਜ਼ਬੂਰ ਨੌਜਵਾਨ ਫਸ ਜਾਦੇ ਹਨ।ਇਹ ਪੰਜਾਬੀ ਨੌਜਵਾਨ ਹਰ ਸਾਲ ਉਸ ਸਮੇਂ ਲੱਖਾਂ ਰੁਪੲੈ ਦੀ ਲੁੱਟ ਚਿੱਟੇ ਦਿਨ ਆਪ ਹੀ ਤਥਾਕਥਿਤ ਏਜੰਟਾਂ ਕੋਲ ਜਾਂ-ਜਾਂ ਕਰਵਾਉਂਦੇ ਹਨ ਜਦੋਂ ਇਟਲੀ ਦੀ ਸਰਕਾਰ ਕੰਮ ਵਾਲੇ ਪੇਪਰਾਂ ਲਈ ਕੋਟਾਂ ਜਾਰੀ ਕਰਦੀ ਹੈ।ਇਟਲੀ ਦੇ ਪ੍ਰਧਾਨ ਮੰਤਰੀ ਦੇ ਤਖ਼ਤ ਉਪੱਰ ਬਿਰਾਜਮਾਨ ਕੋਈ ਵੀ ਹੋਵੇ ਪਰ ਸੰਨ 2006 ਤੋਂ ਇਟਲੀ ਸਰਕਾਰ ਦੇਸ਼ ਅੰਦਰ ਕਾਮਿਆਂ ਦੀ ਮੰਗ ਵਧਾਉਂਦੀ ਹੀ ਜਾ ਰਹੀ ਹੈ ਜਿਸ ਨਾਲ ਸਰਕਾਰ ਨੂੰ ਉਹਨਾਂ ਲਾਭ ਹੁੰਦਾ ਨਹੀਂ ਜਾਪਦਾ ਜਿੰਨਾ ਲਾਭ ਤਥਾਕਥਿਤ ਏਜੰਟਾਂ ਨੂੰ ਹੁੰਦਾ ਹੈ ਤੇ ਸਭ ਤੋਂ ਵੱਧ ਉਹਨਾਂ ਨੌਜਵਾਨਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ ਜਿਹੜੇ ਵਿਚਾਰੇ ਲੱਖਾਂ ਰੁਪੲੈ ਕਰਜ਼ਾ ਚੁੱਕ ਇਟਲੀ ਵਰਕ ਪਰਮਿੰਟ ਉਪੱਰ ਆਉਂਦੇ ਹਨ ਪਰ ਇੱਥੇ ਆਕੇ ਵੀ ਕੱਚੇ ਦੇ ਕੱਚੇ ਰਹਿ ਜਾਦੇ ਹਨ ਕਿਉਂਕਿ ਉਹਨਾਂ ਦੇ ਏਜੰਟ ਨਿਵਾਸ ਆਗਿਆ ਲਈ ਉਹਨਾਂ ਦੇ ਪੇਪਰ ਇਮੀਗ੍ਰੇਸ਼ਨ ਦਫ਼ਤਰ ਵਿੱਚ ਜਮਾਂ ਨਹੀਂ ਕਰਵਾਉਂਦੇ ਕੁਝ ਕੁ ਤਾਂ ਭਾਰਤ ਜਾਂ ਪਾਕਿਸਤਾਨ ਵਿੱਚ ਰਹਿ ਜਾਂਦੇ ਹਨ ਕਿਉਂਕਿ ਏਜੰਟ ਉਹਨਾਂ ਨੂੰ ਫਰਜ਼ੀ ਪੇਪਰਾਂ ਦਾ ਲੋਲੀਪੋਪ ਦੇ 9-2-11 ਹੋ ਜਾਂਦੇ ਹਨ।ਇਟਲੀ ਦਾ ਸਭ ਤੋਂ ਵੱਡਾ ਸੂਬਾ ਕੰਪਾਨੀਆਂ ਹੈ ਜਿੱਥੇ ਮਾਫ਼ੀਆ ਰਾਜ ਹੈ ਇਹ ਮਾਫ਼ੀਆ ਸਥਾਨਕ ਵਕੀਲਾਂ ਨਾਲ ਗੰਡਤੁਪ ਕਰਕੇ ਹੁਣ ਤੱਕ ਲੱਖਾਂ ਲੋਕਾਂ ਨੂੰ ਬਿਨ੍ਹਾਂ ਇਟਾਲੀਅਨ ਮਾਲਕਾਂ ਨੂੰ ਜਾਣਕਾਰੀ ਦਿੱਤੇ ਉਹਨਾਂ ਦੇ ਪੇਪਰਾਂ ਉਪੱਰ ਕਾਮਿਆਂ ਨੂੰ ਸਰਕਾਰੇ ਦਰਬਾਰਾਂ ਸੈਟਿੰਗ ਕਰ ਬਾਹਰੋ ਬਾਹਰ ਬੁਲਾ ਚੁੱਕਾ ਹੈ ਜਿਹਨਾਂ ਦਾ ਹੁਣ ਪਰਦਾਫਾਸ਼ ਹੋ ਚੁੱਕਾ ਹੈ ਤੇ ਇਟਲੀ ਅੰਬੈਂਸੀ ਦਿੱਲੀ ਨੇ ਅਜਿਹੇ ਨੂਲੇ ਔਸਤਿਆਂ ਉਪੱਰ ਵੀਜ਼ੇ ਦੇਣੇ ਬੰਦ ਕਰ ਦਿੱਤੇ ਹਨ।ਇਸ ਵਾਰ ਜਦੋਂ ਇਟਲੀ ਦੇ ਪੇਪਰ ਖੁਲੱਣ ਦਾ ਐਲਾਨ ਹੋ ਚੁੱਕਾ ਹੈ ਤਾਂ ਉਹਨਾਂ ਤਥਾਕਥਿਤ ਏਜੰਟਾਂ ਨੇ ਆਪਣੇ ਮਨਸੂਬਿਆਂ ਨੂੰ ਨੇਪੜੇ ਚਾੜਨ ਲਈ ਸੋਸ਼ਲ ਮੀਡੀਏ ਰਾਹੀ ਜਾਲ ਵਿਛਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਬਹੁਤ ਸਾਰੇ ਕਬੂਤਰ ਸਾਡੇ ਜਾਗਰੂਕ ਕਰਨ ਦੇ ਬਾਵਜੂਦ ਇਹਨਾਂ ਠੱਗਾਂ ਦੇ ਜਾਲ ਵਿੱਚ ਫਸ ਜਾਣਗੇ ਕਿਉਂਕਿ ਲੁੱਟ ਹੋਣ ਵਾਲੇ ਨੌਜਵਾਨਾਂ ਨੂੰ ਲੱਗਦਾ ਹੈ ਕਿ ਇਟਲੀ ਦੇ ਕਾਨੂੰਨ ਤੇ ਪੇਪਰਾਂ ਸੰਬਧੀ ਮੁਕੰਮਲ ਜਾਣਕਾਰੀ ਉਹਨਾਂ ਸੋਸ਼ਲ ਮੀਡੀਏ ਰਾਹੀ ਲੈ ਲਈ ਹੈ ਤੇ ਆਪਣੀ ਨਾਲ ਹੋ ਰਹੀ ਲੁੱਟ ਦੀ ਉਹ ਕਿਸੇ ਰਿਸ਼ਤੇਦਾਰ ਜਾਂ ਸਾਕ ਸਬੰਧੀ ਨੂੰ ਭਿੰਨਕ ਵੀ ਨਹੀਂ ਲੱਗਣ ਦਿੰਦੇ ।ਅਜਿਹੇ ਵਾਕਿਆਂ ਇਟਲੀ ਵਿੱਚ ਹਰ ਸਾਲ ਹੁੰਦੇ ਹਨ ਤੇ ਸ਼ਾਇਦ ਹੁੰਦੇ ਵੀ ਰਹਿਣਗੇ ਕਿਉਂਕਿ ਕਿ ਕਈ ਵਾਰ ਬੇਰੁਜ਼ਗਾਰੀ,ਲਾਚਾਰੀ,ਬੇਵੱਸੀ ਤੇ ਘਰਾਂ ਦੀ ਮਜ਼ਬੂਰੀ ਇਨਸਾਨ ਨੂੰ ਅੱਖੀ ਦੇਖ ਮੱਖੀ ਖਾਣ ਲਈ ਮਜ਼ਬੂਰ ਕਰ ਦਿੰਦੀ ਹੈ।ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਵੱਲੋਂ ਅਸੀਂ ਉਹਨਾਂ ਤਮਾਮ ਪੰਜਾਬੀ ਜਾਂ ਭਾਰਤੀ ਨੌਜਵਾਨਾਂ ਨੂੰ ਇਹ ਜਰੂਰ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਉਹ ਇਟਲੀ ਦੇ ਵਰਕ ਪਰਮਿੰਟ ਉਪੱਰ ਇਟਲੀ ਆਉਣ ਦੇ ਇਛੁੱਕ ਹੈ ਤਾਂ ਆਪਣੇ ਪੇਪਰਾਂ ਦੀ ਪੂਰੀ ਜਾਣਕਾਰੀ ਜਰੂਰ ਲੈਣ ਤੇ ਏਜੰਟ ਨਾਲ ਪੱਕੀ ਠੱਕੀ ਕਰਨ ਸਮੇਂ ਇਟਲੀ ਆਕੇ ਪੇਪਰ ਜਮ੍ਹਾਂ ਕਰਵਾਉਣ ਦੀ ਗੱਲ ਜਰੂਰ ਕਰਨ ਨਹੀਂ ਤਾਂ ਉਹਨਾਂ ਨੂੰ ਬਹੁਤ ਪਛਤਾਉਣਾ ਪੈ ਸਕਦਾ ਹੈ ਕਿਉਂ ਕਿ ਬਿਨ੍ਹਾਂ ਪੇਪਰ ਇਟਲੀ ਵਿੱਚ ਕੰਮ ਲੱਭਣਾ ਹਨੇਰੇ ਵਿੱਚ ਸੂਈ ਲੱਭਣ ਬਰਾਬਰ ਹੁੰਦਾ ਜਾ ਰਿਹਾ ਹੈ।ਇਹਨਾਂ ਪੇਪਰਾਂ ਦੀ ਆੜ ਵਿੱਚ ਉਹ ਠੱਗ ਦੋਨਾਂ ਹੱਥਾਂ ਨਾਲ ਲੋਕਾਂ ਦੀ ਲੁੱਟ ਰੱਜ ਕੇ ਕਰਨਗੇ ਜਿਹੜੇ ਪੇਪਰ ਅਪਲਾਈ ਕਰਨ ਲਈ 100-200 ਯੂਰੋ ਪਹਿਲਾਂ ਲੈਣਗੇ ਤੇ ਫਰਜ਼ੀ ਰਸੀਦਾਂ ਦੇ ਅਣਜਾਣ ਨੌਜਵਾਨਾਂ ਨੂੰ ਉੱਲੂ ਬਣਾ ਕੇ ਵੀ ਸਾਫ਼ ਬਚ ਜਾਣਗੇ ਕਿਉਂਕਿ ਇਹ ਠੱਗ ਪਹਿਲਾਂ ਹੀ ਦੱਸ ਦਿੰਦੇ ਹਨ ਕਿ ਜੇਕਰ ਪੇਪਰ ਨਾ ਨਿਕਲੇ ਤਾਂ ਅਡਵਾਂਸ ਨਹੀਂ ਮੁੜਨਾ।ਜਿ਼ਕਰਯੋਗ ਹੈ ਕਿ ਇਟਲੀ ਪ੍ਰਵਾਸੀਆਂ ਦਾ ਹਰਮਨ ਪਿਆਰਾ ਦੇਸ਼ ਹੋਣ ਕਾਰਨ ਸੰਨ 1990 ਤੋਂ ਸੰਨ 2020 ਤੱਕ 16 ਲੱਖ 20 ਹਜ਼ਾਰ ਪ੍ਰਵਾਸੀਆਂ ਨੇ ਇਟਾਲੀਅਨ ਨਾਗਰਿਕਤਾ ਹਾਸਲ ਕੀਤੀ ਹੈ ਤੇ ਇਸ ਸਮੇਂ ਦੇਸ਼ ਵਿੱਚ ਸਭ ਤੋਂ ਵੱਧ ਚਾਈਨੀ ਪ੍ਰਵਾਸੀਆਂ ਦੀ ਗਿਣਤੀ ਹੈ।ਰਾਸ਼ਟਰੀ ਏਜੰਸੀ ਇਸਤਤ ਅਨੁਸਾਰ ਸੰਨ 2022 ਵਿੱਚ ਸਰਕਾਰ ਨੇ 37 ਲੱਖ ਪ੍ਰਵਾਸੀਆਂ ਨੂੰ ਇਟਲੀ ਦੀ ਨਿਵਾਸ ਆਗਿਆ ਦਿੱਤੀ ਜਿਸ ਵਿੱਚ 1
5 ਲੱਖ ਪ੍ਰਵਾਸੀਆਂ ਨੂੰ ਅਸਥਾਈ ਤੇ 22 ਲੱਖ ਨੂੰ ਸਥਾਈ ਨਿਵਾਸ ਆਗਿਆ ਮਿਲੀ ਹੈ।
Leave a Comment
Your email address will not be published. Required fields are marked with *