ਇਨਸਾਨ ਨੂੰ ਦੋ ਹੱਥ ਮਿਲੇ ਖੱਬਾ ਹੱਥ ਤੇ ਸੱਜਾ ਹੱਥ। ਉਸਦਾ ਸੱਜਾ ਹੱਥ ਹਮੇਸ਼ਾਂ ਚੰਗੇ ਕੰਮ ਕਰਦਾ ਹੈ। ਉਸਦਾ ਖੱਬਾ ਹੱਥ ਹਮੇਸ਼ਾਂ ਮਾੜੇ ਕੰਮ ਕਰਦਾ ਹੈ। ਇਨਸਾਨ ਦੀਆਂ ਦੋ ਅੱਖਾਂ ਨੂੰ ਖੱਬੇ ਹੱਥ ਅਤੇ ਸੱਜੇ ਹੱਥ ਵੱਲੋਂ ਕੀਤੇ ਜਾ ਰਹੇ ਚੰਗੇ ਮਾੜੇ ਸਾਰੇ ਕੰਮ ਦਿਖ ਰਹੇ ਹਨ। ਇਨਸਾਨ ਦਾ ਦਿਮਾਗ ਸੋਚਦਾ ਹੈ ਕਿ ਇਹ ਦੋਨੋਂ ਹੱਥ ਮੇਰੇ ਹਨ। ਮੇਰੇ ਹੀ ਸ਼ਰੀਰ ਦਾ ਹਿੱਸਾ ਹਨ। ਇਸ ਲਈ ਇਹ ਜੋ ਵੀ ਕਰ ਰਹੇ ਹਨ ਉਸ ਦਾ ਮੈਂ ਵੀ ਹਿੱਸਾ ਹਾਂ। ਪਰ ਮੈਂ ਸਮਾਜ ਵਿੱਚ ਖੁਦ ਨੂੰ ਗਲਤ ਸਾਬਿਤ ਨਹੀਂ ਹੋਣ ਦੇਣਾ। ਮੈਂ ਹਮੇਸ਼ਾਂ ਚੰਗਿਆਈ ਦਾ ਪਾਤਰ ਬਣਕੇ ਰਹਿਣਾ ਹੈ। ਇਸ ਲਈ ਇਨਸਾਨ ਦੀ ਜ਼ੁਬਾਨ ਆਪਣੇ ਸੱਜੇ ਹੱਥ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਢਿੰਡੋਰਾ ਪਿਟਣਾ ਸ਼ੁਰੂ ਕਰ ਦਿੰਦੀ ਹੈ। ਤਾਂ ਜੋ ਖੱਬੇ ਹੱਥ ਵੱਲੋਂ ਕੀਤੇ ਜਾ ਰਹੇ ਮਾੜੇ ਕੰਮਾਂ ਵੱਲ ਕਿਸੇ ਦਾ ਧਿਆਨ ਜਾਵੇ ਹੀ ਨਾ। ਇਨਸਾਨ ਦੇ ਦੋਵੇਂ ਕੰਨ ਇਨਸਾਨ ਦੀ ਤਰੀਫ ਅਤੇ ਬੁਰਾਈ ਦੋਨੋਂ ਸੁਣਦੇ ਹਨ। ਦਿਮਾਗ ਅਤੇ ਜ਼ੁਬਾਨ ਆਪਣਾ ਕੰਮ ਬਾਖੂਬੀ ਕਰ ਰਹੇ ਹਨ ਇਨਸਾਨ ਨੂੰ ਨੇਕ ਸਾਬਿਤ ਕਰਣ ਲਈ।
ਸ਼ਾਇਦ ਇਨਸਾਨ ਨੂੰ ਦਿਮਾਗ ਅਤੇ ਜ਼ੁਬਾਨ ਇਸ ਲਈ ਹੀ ਇੱਕ ਮਿਲਿਆ ਹੈ, ਤਾਂ ਜੋ ਇਹ ਇਨਸਾਨੀ ਫਿੱਤਰ ਨੂੰ ਉਜਾਗਰ ਕਰ ਸਕਣ। ਤਾਂ ਹੀ ਕਿਸੇ ਵੀ ਇਨਸਾਨ ਦੀ ਕਦਰ ਜਾਂ ਉਸਦੀ ਨਿੰਦਿਆਂ ਉਸਦੀ ਸੋਚ ਅਤੇ ਉਸਦੇ ਬੋਲਾਂ ਨੂੰ ਦੇਖ ਕੇ ਹੀ ਕੀਤੀ ਜਾਂਦੀ ਹੈ। ਪਰ ਇਨਸਾਨ ਇਹ ਕਿਉਂ ਭੁੱਲ ਜਾਂਦਾ ਹੈ ਕਿ ਉਸ ਅਕਾਲਪੁਰਖ ਨੇ ਸਿਰਫ ਉਸ ਇੱਕ ਨੂੰ ਹੀ ਨਹੀਂ ਦੋ ਹੱਥ, ਦੋ ਕੰਨ, ਦੋ ਅੱਖਾਂ, ਇੱਕ ਦਿਮਾਗ ਅਤੇ ਇੱਕ ਜ਼ੁਬਾਨ ਦਿੱਤੀ ਹੈ। ਉਸ ਅਕਾਲਪੁਰਖ ਨੇ ਹਰ ਇਨਸਾਨ ਨੂੰ ਇੰਨਾਂ ਅੰਗਾ ਨਾਲ ਨਿਵਾਜਿਆ ਹੈ।
ਸ਼ਾਇਦ ਕਿਸੇ ਹੋਰ ਇਨਸਾਨ ਦੀਆਂ ਨਜ਼ਰਾਂ ਚੁੱਪ ਚਾਪ ਖੱਬੇ ਹੱਥ ਵੱਲੋਂ ਕੀਤੇ ਜਾ ਰਹੇ ਹਰ ਕਾਰਜ ਨੂੰ ਦੇਖ ਰਹੀਆਂ ਹੋਣ। ਸ਼ਾਇਦ ਉਸ ਖੱਬੇ ਹੱਥ ਵੱਲ ਕਿਸੇ ਹੋਰ ਇਨਸਾਨ ਦੀਆਂ ਨਜ਼ਰਾਂ ਜਾ ਹੀ ਨਾ ਰਹੀਆਂ ਹੋਣ। ਪਰ ਇਨਸਾਨ ਵੱਲੋਂ ਇਹ ਸਮਝ ਲੈਣਾ ਕਿ ਕੋਈ ਵੀ ਖਾਲੀ ਭਾਂਡੇ ਅਤੇ ਭਰੇ ਭਾਂਡੇ ਦੀ ਟਣਕਾਰ ਦੀ ਅਵਾਜ਼ ਨੂੰ ਵੀ ਨਹੀਂ ਸਮਝੇਗਾ ਤਾਂ ਇਹ ਇਨਸਾਨ ਦੀ ਗਲਤਫਹਿਮੀ ਹੁੰਦੀ ਹੈ।
ਸਮਾਜ ਗਲਤਫਹਿਮੀਆਂ ਨਾਲ ਨਹੀਂ ਚੱਲਦਾ ਜਮੀਰਾਂ ਨਾਲ ਚੱਲਦਾ ਹੈ। ਸੁੱਤੀਆਂ ਜਮੀਰਾਂ ਵਾਲੇ ਸਿਰਫ ਨਿੱਜ ਤੱਕ ਸੀਮਤ ਹੁੰਦੇ ਹਨ, ਜਾਗਦੀਆਂ ਜਮੀਰਾਂ ਵਾਲੇ ਇਤਿਹਾਸ ਰੱਚਦੇ ਹਨ। ਜਾਗਦੀਆਂ ਜਮੀਰਾਂ ਵਾਲੇ ਇੱਕ ਵਧੀਆ ਸਮਾਜ ਸਿਰਜਦੇ ਹਨ। ਹਰ ਇਨਸਾਨ ਆਪਣੀ ਫਿੱਤਰਤ ਦੀ ਖੁਦ ਪੜਚੋਲ ਕਰੇ।
ਜੇਕਰ ਕਿਸੇ ਦਾ ਵੀ ਦੁੱਖ ਦੇਖਕੇ ਤੁਹਾਡੇ ਦਿਲ ਨੂੰ ਸਹੀ ਮਾਇਨੇ ਵਿੱਚ ਤਕਲੀਫ ਹੋ ਰਹੀ ਹੈ। ਜੇਕਰ ਤੁਹਾਡਾ ਦਿਮਾਗ ਕਿਸੇ ਦੀ ਤਕਲੀਫ ਨੂੰ ਸਮਝ ਪਾ ਰਿਹਾ ਹੈ। ਜੇਕਰ ਤੁਹਾਡੀਆਂ ਅੱਖਾਂ ਕਿਸੇ ਦੀ ਤਕਲੀਫ ਨੂੰ ਦੇਖ ਕੇ ਨੰਮ ਹੋ ਰਹੀਆਂ ਹਨ। ਜੇਕਰ ਤੁਹਾਡੇ ਕੰਨਾਂ ਨੂੰ ਕਿਸੇ ਦੀ ਤਕਲੀਫ ਦੀਆਂ ਚੀਕਾਂ ਸੁਣ ਰਹੀਆਂ ਹਨ। ਜੇਕਰ ਤੁਹਾਡੇ ਦੋਨੋਂ ਹੱਥ ਕਿਸੇ ਦੀ ਤਕਲੀਫ ਵਿੱਚ ਉਸਦੀ ਮਦਦ ਕਰ ਰਹੇ ਹਨ। ਜੇਕਰ ਤੁਹਾਡੀ ਜ਼ੁਬਾਨ ਕਿਸੇ ਦੀ ਤਕਲੀਫ ਦਾ ਤਮਾਸ਼ਾ ਨਹੀਂ ਬਣਾ ਰਹੀ ਤਾਂ ਤੁਹਾਡੀ ਜਮੀਰ ਜ਼ਿੰਦਾ ਹੈ।
ਤੁਸੀਂ ਇਨਸਾਨੀ ਫਿੱਤਰਤ ਤੋਂ ਕਾਫੀ ਉੱਪਰ ਉੱਠ ਚੁੱਕੇ ਹੋ। ਜਿੰਨਾਂ ਦੀਆਂ ਜਮੀਰਾਂ ਸੁੱਤੀਆਂ ਹੁੰਦੀਆਂ ਹਨ ਉਹ ਇਨਸਾਨੀ ਫਿੱਤਰਤ ਵਿੱਚ ਹੀ ਉਲਝੇ ਰਹਿੰਦੇ ਹਨ। ਇਨਸਾਨੀ ਫਿੱਤਰਤ ਦੇ ਇਸ ਬਜ਼ਾਰ ਵਿੱਚ ਜਾਗਦੀਆਂ ਜਮੀਰਾਂ ਵਿਰਲੀਆਂ ਹੀ ਹੁੰਦੀਆਂ ਹਨ।
ਰਸ਼ਪਿੰਦਰ ਕੌਰ ਗਿੱਲ
ਐਕਟਰ, ਲੇਖਕ, ਐਂਕਰ, ਸੰਪਾਦਕ,
ਪ੍ਰਧਾਨ- ਪੀਂਘਾਂ ਸੋਚ ਦੀਆਂ
ਸਾਹਿਤ ਮੰਚ, ਪਬਲਿਕੇਸ਼ਨ, ਮੈਗਜ਼ੀਨ
+91-9888697078
Leave a Comment
Your email address will not be published. Required fields are marked with *