ਬਠਿੰਡਾ, 16 ਫ਼ਰਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿੱਚ ਵਧ ਰਹੀ ਬੇਰੋਜ਼ਗਾਰੀ ਅਤੇ ਨੌਜਵਾਨਾਂ ਦੀ ਮਾਨਸਿਕਤਾ ਦਾ ਕਈ ਕਥਿਤ ਇੰਮੀਗ੍ਰੇਸ਼ਨ ਏਜੰਟ ਖੂਬ ਫਾਇਦਾ ਉਠਾ ਰਹੇ ਹਨ। ਕਿਸੇ ਟਾਈਮ ਮਸ਼ਹੂਰ ਰਹੇ ਬਨਾਰਸ ਦੇ ਠੱਗਾਂ ਨੂੰ ਵੀ ਇਸ ਧੰਦੇ ਵਿੱਚ ਸ਼ਾਮਿਲ ਕੁੱਝ ਲੋਕ ਮਾਤ ਪਾਉਂਦੇ ਦਿਖਾਈ ਦੇ ਰਹੇ ਹਨ। ਆਪਣੇ ਬੱਚਿਆਂ ਦੀ ਜ਼ਿੱਦ ਜਾਂ ਉਨ੍ਹਾਂ ਦੇ ਵਿਦੇਸ਼ਾਂ ਪ੍ਰਤੀ ਦੇਖੇ ਗਏ ਸੁਪਨਿਆਂ ਕਾਰਨ ਉਹਨਾਂ ਦੇ ਮਾਂ ਬਾਪ ਆਪਣੀ ਜ਼ਮੀਨ ਗਹਿਣੇ ਕਰਕੇ ਜਾਂ ਵੇਚ ਕੇ, ਆਪਣੇ ਸੋਨੇ ਆਦਿ ਦੇ ਗਹਿਣੇ ਵੇਚ ਜਾਂ ਮੋਟੇ ਵਿਆਜ ਦਰ ਉੱਤੇ ਕਰਜ਼ਾ ਲੈਕੇ ਇਹਨਾ ਕਥਿਤ ਏਜੰਟਾਂ ਕੋਲ ਆਪਣੇ ਲੱਖਾਂ ਰੁਪਏ ਫਸਾ ਬੈਠਦੇ ਹਨ ਪਰ ਅਜਿਹੇ ਕਥਿਤ ਏਜੰਟ ਇਹਨਾ ਲੋਕਾਂ ਦੀ ਮਿਹਨਤ ਦੀ ਕਮਾਈ ਉੱਤੇ ਐਸ਼ ਕਰਦੇ ਆ ਰਹੇ ਹਨ । ਇੱਥੋਂ ਤੱਕ ਕਿ ਕੁੱਝ ਏਜੰਟਾਂ ਨੂੰ ਵਿਦੇਸ਼ਾਂ ਦੀ ਫਾਈਲ ਲਗਾਉਣ ਦਾ ਜ਼ਰਾ ਵੀ ਤਜ਼ਰਬਾ ਨਹੀਂ ਅਤੇ ਉਹ ਇਹਨਾ ਫਾਈਲਾਂ ਨੂੰ ਅੱਗੇ ਏਜੰਟਾਂ ਨੂੰ ਭੇਜ ਵਿੱਚੋਂ ਮੋਟਾ ਕਮਿਸ਼ਨ ਖਾਂਦੇ ਹਨ। ਇਹਨਾ ਏਜੰਟਾਂ ਨੇ ਬਕਾਇਦਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਲਾਇਸੈਂਸ ਵੀ ਲੈ ਰੱਖੇ ਹਨ ਅਤੇ ਇਹਨਾ ਵੱਲੋਂ ਗ੍ਰਾਹਕਾਂ ਨੂੰ ਫਸਾਉਣ ਲਈ ਅਜਿਹੇ ਸੇਲਜ ਏਜੰਟ ਰੱਖੇ ਹੁੰਦੇ ਹਨ ਜਿੰਨਾ ਨੂੰ ਲੋਕਾਂ ਦੀ ਨਬਜ਼ ਟੋਹਣ ਅਤੇ ਉਨ੍ਹਾਂ ਨੂੰ ਗੱਲਾਂ ਵਿੱਚ ਫਸਾਉਣ ਦਾ ਚੰਗਾ ਤਜ਼ਰਬਾ ਹੁੰਦਾ ਹੈ।ਇਹ ਏਜੰਟ ਲੋਕਾਂ ਦਾ ਕਰੋੜਾਂ ਰੁਪਈਆ ਕਈ ਸਾਲਾਂ ਤੋਂ ਵਰਤਦੇ ਆ ਰਹੇ ਹਨ ਅਤੇ ਜਦੋਂ ਵੀਜ਼ਾ ਦੇਣ ਦੀ ਗੱਲ ਆਉਂਦੀ ਹੈ ਤਾਂ ਕਿਸੇ ਨਾ ਕਿਸੇ ਬਹਾਨੇ ਠੇਂਗਾ ਦਿਖਾ ਦਿੰਦੇ ਹਨ। ਜਦੋਂ ਕੋਈ ਜਿਆਦਾ ਹੀ ਰੌਲਾ ਪਾਉਂਦਾ ਦਿਖਾਈ ਦਿੰਦਾ ਹੈ ਤਾਂ ਇਹ ਲੋਕ ਕਿਸੇ ਹੋਰ ਗ੍ਰਾਹਕ ਤੋ ਪੈਸਾ ਲੈਕੇ ਇਹਨਾ ਨੂੰ ਟਿਕਾ ਦਿੰਦੇ ਹਨ।ਲੋਕ ਵੀ ਆਪਣੇ ਬੱਚਿਆਂ ਦੇ ਭਵਿੱਖ ਕਾਰਨ ਜਿਆਦਾ ਰੌਲਾ ਰੱਪਾ ਪਾਉਣ ਤੋਂ ਗੁਰੇਜ਼ ਹੀ ਕਰਦੇ ਹਨ ਜਿਸਦਾ ਫਾਇਦਾ ਅਜਿਹੇ ਇੰਮੀਗ੍ਰੇਸ਼ਨ ਏਜੰਟ ਖੂਬ ਉਠਾਉਂਦੇ ਹਨ। ਇਸ ਬਾਰੇ ਜਦੋਂ ਡੂੰਘਾਈ ਨਾਲ ਪੜਤਾਲ ਕੀਤੀ ਗਈ ਤਾਂ ਕਈ ਹੈਰਾਨੀਜਨਕ ਤੱਥ ਸਾਹਮਣੇ ਆਏ। ਕੁੱਝ ਏਜੰਟ ਤਾਂ ਐਸੇ ਵੀ ਹਨ ਜਿੰਨਾ ਦਾ ਪਿਛਲੇ ਕਈ ਸਾਲਾਂ ਤੋਂ ਇੱਕ ਵੀ ਵੀਜ਼ਾ ਨਹੀਂ ਆਇਆ ਪਰ ਕਿਸੇ ਹੋਰ ਏਜੰਟਾਂ ਦੇ ਆਏ ਹੋਏ ਵੀਜਿਆਂ ਨੂੰ ਆਪਣਾ ਦਿਖਾ ਇਹ ਲੋਕ ਗ੍ਰਾਹਕਾਂ ਨੂੰ ਭਰਮਾ ਰਹੇ ਹਨ। ਸਾਡੀ ਟੀਮ ਵੱਲੋਂ ਇਸ ਬਾਰੇ ਜਦੋਂ ਡੂੰਘਾਈ ਨਾਲ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਇੱਕ ਕਥਿਤ ਏਜੰਟ ਪਹਿਲਾਂ ਪੰਜਾਬ ਦੇ ਇੱਕ ਵੱਡੇ ਸ਼ਹਿਰ ਚੋਂ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਕੁੱਝ ਸਾਲ ਪਹਿਲਾਂ ਬਠਿੰਡਾ ਆਇਆ ਸੀ। ਸੂਤਰਾਂ ਮੁਤਾਬਕ ਉਸਦਾ ਰਿਕਾਰਡ ਮਾੜਾ ਹੋਣ ਕਾਰਨ ਉਸਨੇ ਆਪਣੇ ਇੱਕ ਬਹੁਤ ਨਜ਼ਦੀਕੀ ਰਿਸ਼ਤੇਦਾਰ ਦੇ ਨਾਮ ਤੇ ਡੀ ਸੀ ਦਫਤਰ ਬਠਿੰਡਾ ਤੋਂ ਲਾਇਸੈਂਸ ਹਾਸਲ ਕਰਨ ਉਪਰੰਤ ਅਜੀਤ ਰੋਡ ਤੇ ਇਮੀਗ੍ਰੇਸ਼ਨ ਦਾ ਧੰਦਾ ਸ਼ੁਰੂ ਕਰ ਲਿਆ। ਲੋਕਾਂ ਤੋਂ ਇੱਕਠੇ ਕੀਤੇ ਪੈਸਿਆਂ ਨਾਲ ਉਕਤ ਏਜੰਟ ਨੇ ਆਪਣੇ ਦਫ਼ਤਰ ਨੂੰ ਸਜਾਉਣ ਚ ਕੋਈ ਕਸਰ ਨਾ ਛੱਡੀ ਤਾਂ ਕਿ ਗ੍ਰਾਹਕਾਂ ਨੂੰ ਵੱਡੇ ਤੋਂ ਵੱਡਾ ਦਿਖਾਵਾ ਕਰਕੇ ਭਰਮਾਇਆ ਜਾਵੇ। ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਉਕਤ ਵੱਲੋਂ ਕੁੱਝ ਸੁੰਦਰ ਲੜਕੀਆਂ ਨੂੰ ਆਪਣੇ ਦਫ਼ਤਰ ਸਟਾਫ਼ ਚ ਰੱਖ ਜਿੱਥੇ ਖੁਦ ਉਹਨਾਂ ਦਾ ਸ਼ਰੀਰਕ ਸ਼ੋਸ਼ਣ ਕੀਤਾ ਉੱਥੇ ਉਹਨਾਂ ਲੋੜਵੰਦ ਲੜਕੀਆਂ ਨੂੰ ਗ੍ਰਾਹਕਾਂ ਸਮੇਤ ਇੱਕ ਖ਼ਾਸ ਮਹਿਕਮੇ ਦੇ ਅਫ਼ਸਰਾਂ ਅੱਗੇ ਵੀ ਪਰੋਸਿਆ। ਉਕਤ ਏਜੰਟ ਦੇ ਦਫਤਰ ਕੰਮ ਕਰਨ ਵਾਲੇ ਇੱਕ ਸਟਾਫ਼ ਮੈਂਬਰ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਇੱਥੋਂ ਤੱਕ ਦੱਸਿਆ ਕਿ ਇਸ ਏਜੰਟ ਨੂੰ ਇੱਕ ਖੂਬਸੂਰਤ ਲੜਕੀ ਨੇ ਵਿਆਹ ਉਪਰੰਤ ਉਸ ਨਾਲ ਸਬੰਧਾਂ ਕਾਰਨ ਕੁੱਝ ਸਮਾਂ ਬਲੈਕਮੇਲ਼ ਕਰਦਿਆਂ ਪੈਸੇ ਵੀ ਵਸੂਲ ਕੀਤੇ।
ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਪੰਜੇ ਉਂਗਲਾਂ ਬਰਾਬਰ ਨਹੀ ਹੁੰਦੀਆਂ ਉਵੇਂ ਹੀ ਬਠਿੰਡਾ ਵਿੱਚ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਕੁੱਝ ਅਜਿਹੇ ਵੀ ਏਜੰਟ ਹਨ ਜਿਹੜੇ ਪੂਰੀ ਜ਼ਿੰਮੇਵਾਰੀ ਨਾਲ ਆਪਣਾ ਕੰਮ ਕਰਦੇ ਹਨ ਪਰ ਉਹਨਾਂ ਦੀ ਗਿਣਤੀ ਆਟੇ ਚ ਲੂਣ ਮਾਤਰ ਰਹਿ ਗਈ ਹੈ। ਜਿਆਦਾਤਰ ਏਜੰਟ ਲੋਕਾਂ ਦੇ ਖੂਨ ਪਸੀਨੇ ਨਾਲ ਕਮਾਇਆ ਕਰੋੜਾਂ ਰੁਪਇਆ ਇਕਠਾ ਕਰ ਸ਼ਹਿਰ ਛੱਡ ਜਾਣ ਨੂੰ ਤਰਜੀਹ ਦੇ ਰਹੇ ਹਨ।
ਸਾਡੇ ਵੱਲੋਂ ਉਕਤ ਏਜੰਟ ਦਾ ਵੀ ਨਾਮ ਨਾ ਛਾਪਣ ਦਾ ਇਹੀ ਕਾਰਨ ਹੈ ਕਿ ਸਾਡਾ ਮਕਸਦ ਇੱਥੇ ਕਿਸੇ ਨੂੰ ਬਦਨਾਮ ਕਰਨ ਦਾ ਨਾ ਹੋਕੇ ਸਿਰਫ਼ ਸਮਾਜ ਨੂੰ ਇਹੀ ਸੁਨੇਹਾ ਦੇਣਾ ਹੈ ਕਿ ਸਰਕਾਰਾਂ ਦੀ ਮਿਲੀਭੁਗਤ ਨਾਲ਼ ਇਮੀਗ੍ਰੇਸ਼ਨ ਦੀ ਆੜ੍ਹ ਚ ਕੁੱਝ ਸਵਾਰਥੀ ਲੋਕ ਨਾ ਸਿਰਫ਼ ਲੋਕਾਂ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾ ਰਹੇ ਹਨ ਬਲਕਿ ਕੁੱਝ ਲੋੜਵੰਦ ਅਤੇ ਮਜ਼ਬੂਰ ਲੜਕੀਆਂ ਦਾ ਵੀ ਫ਼ਾਇਦਾ ਚੁੱਕਦੇ ਹਨ।
ਲੋਕਾਂ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਕਥਿਤ ਏਜੰਟਾਂ ਦੀ ਠੱਗੀ ਦਾ ਖੁਲਾਸਾ ਕਰਦਿਆਂ ਇਹਨਾ ਦਾ ਚਿਹਰਾ ਲੋਕਾਂ ਸਾਹਮਣੇ ਨੰਗਾ ਕੀਤਾ ਜਾਵੇ ਅਤੇ ਇਹਨਾ ਦੀ ਸ਼ਿਕਾਇਤ ਪੁਲਿਸ ਪ੍ਰਸ਼ਾਸ਼ਨ ਨੂੰ ਕੀਤੀ ਜਾਵੇ।