“ਔਰਤ ਯਕੀਨ ਹੈ,ਔਰਤ ਈਮਾਨ ਹੈ”
ਸਮਾਜ ਨੂੰ ਸਿਰਜਣ ਵਾਲੀ ਇਸਤਰੀ ਨੂੰ ਨਤਮਸਤਕ। ਸ੍ਰਿਸ਼ਟੀ ਦੀ ਰਚਨਹਾਰ ਅਤੇ ਨਾਰੀ ਦੋਵੇਂ ਹੀ ਮਹਾਨ ਹਨ। ਕੁਦਰਤ ਵਲੋਂ ਸਾਜੀ ਪ੍ਰਕਿਰਤੀ ਦੀ ਆਪਣੀ ਖ਼ੂਬਸੂਰਤੀ ਅਤੇ ਮਹੱਤਤਾ ਹੈ।ਪਰ ਸਮਾਜ ਨੂੰ ਸਿਰਜਣ ਵਾਲੀ ਕੇਵਲ ਨਾਰੀ ਹੀ ਹੈ। ਪਵਿੱਤਰ ਗੁਰਬਾਣੀ ਵੀ ਇਸਤਰੀ ਜਾਤੀ ਨੂੰ ਸੰਸਾਰ ਦੀ ਜਣਨੀ ਮੰਨਦੀ ਹੈ ਅਤੇ ਇਸ ਨੂੰ ਮੰਦਾ ਕਹਿਣ ਤੋਂ ਵਰਜਦੀ ਹੈ। ਫ਼ਰਮਾਨ ਹੈ :
“ਸੋ ਕਿਉ ਮੰਦਾ ਆਖੀਐ,ਜਿਤ ਜੰਮਹਿ ਰਾਜਾਨ”॥
ਭਾਰਤੀ ਸਮਾਜ ਨੂੰ ਵਰਤਮਾਨ ਸਮੇਂ ਵਿਚ ਅਨੇਕਾਂ ਅਲਾਮਤਾਂ ਨੇ ਘੇਰਾ ਪਾਇਆ ਹੋਇਆ ਹੈ। ਜਿਨ੍ਹਾਂ ਵਿਚ ਮਨੁੱਖ ਦੀ ਦਾਨਵ ਬਿਰਤੀ ਦਾ ਸ਼ਰਮਨਾਕ ਕਾਰਾ ਭਰੂਣ ਹੱਤਿਆ ਹੈ।ਭਾਵ “ਅਣਜੰਮੀ ਲੜਕੀ ਦੇ ਸਾਹ ਕੁੱਖ ਵਿੱਚ ਹੀ ਦਫ਼ਨ ਕਰ ਦੇਣੇ। ਪਹਿਲਾਂ ਤਾਂ ਸਿਰਫ਼ ਸੱਪ ਜਾਤੀ ਬਾਰੇ ਹੀ ਕਿਹਾ ਜਾਂਦਾ ਸੀ ਕਿ ਉਹ ਆਪਣਾ ਵੰਸ਼ ਆਪ ਤਬਾਹ ਕਰ ਲੈਂਦੇ ਹਨ, ਪਰ ਹੁਣ ਇਹ ਪ੍ਰਵਿਰਤੀ ਮਨੁੱਖ ਵਿਚ ਵੀ ਪ੍ਰਵੇਸ਼ ਕਰ ਗਈ ਹੈ।ਜਿਵੇਂ ਭੁੱਖੀ ਸੱਪਣੀ ਆਪਣੇ ਹੀ ਬੱਚਿਆਂ ਨੂੰ ਖਾ ਜਾਂਦੀ ਹੈ, ਪਰ ਅਸੀਂ ਤਾਂ ਰੱਜੇ ਹੋਣ ਦੇ ਬਾਵਜੂਦ ਆਪਣੀਆਂ ਧੀਆਂ ਨੂੰ ਮਾਰ ਰਹੇ ਹਾਂ ਤਾਂ ਕੀ ਅਸੀਂ ਸੱਪਾਂ ਤੋਂ ਵੀ ਭੈੜੇ ਹਾਂ ?ਪੰਜਾਬ ਤਾਂ ਗੁਰੂਆਂ, ਪੀਰਾਂ, ਫਕੀਰਾਂ ਦਾ ਦੇਸ਼ ਕਹਾਉਂਦਾ ਹੈ। ਕਹਿੰਦੇ ਹਨ:
“ਚੌੜਾ ਸਾਦਾ ਬੀਰਾਂ ਵਾਲਾ, ਗੁਰੂਆਂ ਵਾਲਾ, ਪੀਰਾਂ ਵਾਲਾ,
ਆਸ਼ਕ ਮਸਤ ਫ਼ਕੀਰਾਂ ਵਾਲਾ, ਰਾਂਝਿਆਂ ਵਾਲਾ, ਹੀਰਿਆਂ ਵਾਲਾ।”
ਪਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਵੀ ਦੇਸ਼ ਦੇ ਸਭ ਰਾਜਾਂ ਤੋਂ ਭਰੂਣ ਹੱਤਿਆ ਦੇ ਮਾਮਲੇ ਵਿਚ ਅੱਗੇ ਜਾ ਰਿਹਾ ਹੈ। ਇਸ ਗੁਰੂਆਂ, ਪੀਰਾਂ, ਫ਼ਕੀਰਾਂ ਵਾਲੀ ਧਰਤੀ ਤੇ ਏਨੀ ਵੱਡੀ ਗਿਣਤੀ ਵਿੱਚ ਅੱਧ ਖਿੜੀਆਂ ਕਲੀਆਂ ਨੂੰ ਮਧੋਲਿਆ ਜਾ ਰਿਹਾ ਹੈ।ਜੇ ਮਰਦ ਪਰਬਤ ਹੈ ਤਾਂ ਔਰਤ ਉਸ ਵਿੱਚੋਂ ਫੁੱਟਣ ਵਾਲਾ ਚਸ਼ਮਾ ਹੈ।ਪਰਮਾਤਮਾ ਨੇ ਔਰਤ ਨੂੰ ਸਿਰਜਣ ਦੀ ਸ਼ਕਤੀ ਦਿੱਤੀ ਹੈ। ਔਰਤ ਮਰਦ ਵੱਲੋਂ ਮਿਲੀਆਂ ਅੰਮ੍ਰਿਤ ਬੂੰਦਾਂ ਨੂੰ ਆਪਣੀ ਕੁੱਖ ਅੰਦਰ ਸੰਜੋਦੀ, ਮਰਦ ਨੂੰ ਸਿੰਮਦੀ ਹੈ ਅਤੇ ਅਸਹਿ ਪੀੜਾ ਸਹਿ ਕੇ ਮਰਦ ਨੂੰ ਜਨਮ ਦਿੰਦੀ ਹੈ ,ਪਰ ਉਸ ਦੁਆਰਾ ਸਿਰਜਿਆ ਸਮਾਜ ਹੀ ਉਸ ਨਾਲ ਵਧੀਕੀਆਂ ਕਰਨ ਤੋਂ ਗੁਰੇਜ਼ ਨਹੀਂ ਕਰਦਾ। ਇਸ ਲਈ ਅੌਰਤ ਦੇ ਮੂੰਹੋਂ ਆਪ ਮੁਹਾਰੇ ਹੀ ਫੁੱਟਦਾ ਹੈ:
“ਜੱਗ ਜਨਣੀ ਦਾ ਮਾਣ ਬਖ਼ਸ਼ਿਆ, ਆਦਿ ਕਾਲੋਂ ਕਰਤਾਰ ਨੇ,
ਰੱਜ ਰੱਜ ਮੇਰਾ ਸ਼ੋਸ਼ਣ ਕੀਤਾ, ਮੇਰੇ ਹੀ ਸਿਰਜੇ ਸੰਸਾਰ ਨੇ।”
ਅੱਜ ਔਰਤ ਨੇ ਭਾਵੇਂ ਧਰਤੀ,ਆਕਾਸ਼, ਸਮੁੰਦਰ ਗਾਹ ਲਏ ਹਨ ,ਪਰ ਆਮ ਔਰਤ ਦੀ ਕਹਾਣੀ ਤਾਂ ਉੱਥੇ ਦੀ ਉੱਥੇ ਹੀ ਹੈ। ਲੜਕੀਆਂ ਨੂੰ ਤਾਂ ਅੱਜ ਵੀ ਦਰਦ ਹੀ ਸਮਝਿਆ ਜਾਂਦਾ ਹੈ।ਅਤੇ ਉਹ ਆਟੇ ਦੀਆਂ ਚਿੜੀਆਂ ਹੀ ਹਨ। ਅੱਜ ਦੇ ਇਸ ਮਰਦ ਪ੍ਰਧਾਨ ਸਮਾਜ ਵਿੱਚ ਹਾਲੇ ਤਕ ਕੋਈ ਅਜਿਹਾ ਰਾਹ ਨਹੀਂ ਬਣਿਆ, ਜਿਸ ਉੱਪਰ ਲੜਕੀਆਂ ਨਿਡਰ ਅਤੇ ਨਿਧੜਕ ਹੋ ਕੇ ਚੱਲ ਸਕਣ। ਅੱਜ ਵੀ ਅਨੇਕਾਂ ਔਰਤਾਂ ਮਰਦਾਂ ਦੇ ਜ਼ੁਲਮਾਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲੈਂਦੀਆਂ ਹਨ।
“ਔਰਤ ਨੇ ਜਨਮ ਦਿਆ ਮਰਦੋਂ ਕੋ,ਮਰਦੋਂ ਨੇ ਉਸੇ ਬਾਜ਼ਾਰ ਕੀਆ,
ਜਬ ਜੀਅ ਚਾਹਾ ਕੁਚਲਾ ਮਸਲਾ, ਜਬ ਜੀਅ ਚਾਹਾ ਦੁਤਕਾਰ ਦੀਆ।”
ਅੰਤ ਵਿੱਚ ਅਸੀਂ ਇਹੀ ਕਹਿ ਸਕਦੇ ਹਾਂ ਕਿ ਲੜਕੀ ਦੇ ਜਨਮ ਤੋਂ ਪਹਿਲਾਂ ਸਭ ਤੋਂ ਸੁਰੱਖਿਅਤ ਥਾਂ ਮਾਂ ਦੀ ਕੁੱਖ ਹੁੰਦੀ ਹੈ ਅਤੇ ਜਨਮ ਤੋਂ ਬਾਅਦ ਮਾਂ ਦੀ ਬੁੱਕਲ। ਪਰ ਅੱਜ ਆਲਮ ਇਹ ਹੈ ਕਿ ਕੁੱਖ ਕਬਰ ਬਣ ਗਈ ਹੈ ਅਤੇ ਬੁੱਕਲ ਜ਼ਹਿਰ ਦਾ ਰੂਪ ਅਖਤਿਆਰ ਕਰ ਰਹੀ ਹੈ।ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਸ ਨੂੰ ਰੋਕਣਾ ਪਵੇਗਾ।ਇਸ ਨੂੰ ਰੋਕਣ ਲਈ ਲੜਕੀਆਂ ਦੀ ਸਾਖਰਤਾ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਹੋਵੇਗਾ।ਉਨ੍ਹਾਂ ਦੀ ਗਰੈਜੂਏਸ਼ਨ ਤੱਕ ਦੀ ਪੜ੍ਹਾਈ ਮੁਫ਼ਤ ਕਰਕੇ, ਉਨ੍ਹਾਂ ਨੂੰ ਆਪਣੇ ਅਧਿਕਾਰਾਂ ਅਤੇ ਹੱਕਾਂ ਪ੍ਰਤੀ ਜਾਗਰੂਕ ਕਰਕੇ,ਉਨ੍ਹਾਂ ਵਿੱਚ ਸਹੀ ਨੈਤਿਕ ਗੁਣਾਂ ਦਾ ਨਿਰਮਾਣ ਕਰਕੇ, ਉਨ੍ਹਾਂ ਨੂੰ ਪੁਰਾਣੀਆਂ ਕਦਰਾਂ ਕੀਮਤਾਂ ਅਤੇ ਰੂੜੀਵਾਦੀ ਸੋਚ ਤੋਂ ਛੁਟਕਾਰਾ ਦਵਾ ਕੇ ਪ੍ਰਸ਼ਾਸਨ ਔਰਤਾਂ ਦੀ ਸਿੱਖਿਆ ਤੇ ਮਾਣ ਨੂੰ ਬਣਾਈ ਰੱਖ ਕੇ ਉਨ੍ਹਾਂ ਦੀ ਮਦਦ ਕਰ ਸਕਦਾ ਹੈ। ਸਿਰਫ਼ ਹਰ ਜਗ੍ਹਾ ਤੇ ਇਹ ਲਿਖਣਾ-ਪੜ੍ਹਨਾ ਤੇ ਸੁਣਨਾ ਕਾਫ਼ੀ ਨਹੀਂ ਕਿ ਔਰਤਾਂ ਦੀ ਦਸ਼ਾ ਸੁਧਾਰੀ ਜਾਵੇ ,ਸਗੋਂ ਇਸ ਨੂੰ ਦਿਲੋਂ ਮਹਿਸੂਸ ਕੀਤਾ ਜਾਣਾ ਚਾਹੀਦਾ ਹੈ।ਅਸੀਂ ਸਿਰਫ਼ ਇਹੀ ਕਹਿ ਸਕਦੇ ਹਾਂ :
“ਔਰਤਾਂ ਦੀ ਇੱਜ਼ਤ ਕਰਨੀ ਸਿੱਖੋ।
ਹੋ ਸਕਦੇ ਤੁਹਾਡੇ ਘਰੇ ਭੈਣ ਜਾਂ ਧੀ ਨਾ ਹੋਵੇ,
ਪਰ ਮਾਂ ਹਰ ਇੱਕ ਦੇ ਘਰ ਹੁੰਦੀ ਹੈ”
![](https://i0.wp.com/worldpunjabitimes.com/wp-content/uploads/2023/12/IMG-20231230-WA0002.jpg?resize=446%2C487&ssl=1)
“ਨੀਲਮ” (97797- 88365)
Leave a Comment
Your email address will not be published. Required fields are marked with *