ਕੋਟਕਪੂਰਾ, 16 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਬਕਾਇਆ ਇੰਤਕਾਲਾਂ ਦਾ ਨਿਪਟਾਰਾ ਕਰਨ ਲਈ ਲਾਏ ਗਏ ਵਿਸ਼ੇਸ਼ ਕੈਂਪ ਵਿੱਚ 127 ਇੰਤਕਾਲ ਆਨਲਾਈਨ ਮਨਜੂਰ ਕੀਤੇ ਗਏ। ਪਰਮਜੀਤ ਸਿੰਘ ਬਰਾੜ ਤਹਿਸੀਲਦਾਰ ਅਤੇ ਗੁਰਚਰਨ ਸਿੰਘ ਬਰਾੜ ਨਾਇਬ ਤਹਿਸੀਲਦਾਰ ਦੀ ਅਗਵਾਈ ਵਿੱਚ ਲਾਏ ਗਏ ਉਕਤ ਵਿਸ਼ੇਸ਼ ਕੈਂਪ ਵਿੱਚ ਕਾਨੂੰਗੋ, ਪਟਵਾਰੀ ਅਤੇ ਹੋਰ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਨੇ ਆਖਿਆ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਯਤਨਾ ਸਦਕਾ ਸਰਕਾਰ ਤੁਹਾਡੇ ਦੁਆਰ ਵਰਗੇ ਪੋ੍ਰਗਰਾਮ ਉਲੀਕੇ ਗਏ ਹਨ, ਜੋ ਸਿਸਟਮ ਵਿੱਚ ਵਿਲੱਖਣ ਤਬਦੀਲੀਆਂ ਕਰਕੇ ਇਤਿਹਾਸਿਕ ਮੀਲ ਪੱਥਰ ਸਿੱਧ ਹੋ ਰਹੇ ਹਨ। ਉਹਨਾਂ ਆਖਿਆ ਕਿ ਕਈ-ਕਈ ਮਹੀਨੇ ਜਾਂ ਕਈ ਸਾਲ ਇੰਤਕਾਲ ਲਈ ਪਟਵਾਰਖਾਨਿਆਂ ਜਾਂ ਤਹਿਸੀਲਾਂ ਵਿੱਚ ਗੇੜੇ ਮਾਰ-ਮਾਰ ਕੇ ਅੱਕ ਅਤੇ ਥੱਕ ਚੁੱਕੇ ਖਪਤਕਾਰਾਂ ਲਈ ਇਹ ਕਾਰਜ ਅਲੋਕਿਕ ਅਤੇ ਵਿਲੱਖਣ ਹੋਵੇਗਾ, ਕਿਉਂਕਿ ਕਈ ਕਈ ਮਹੀਨੇ ਪੁਰਾਣੇ ਇੰਤਕਾਲ ਮਿੰਟਾਂ, ਸੈਕਿੰਡਾਂ ਵਿੱਚ ਕਰਵਾ ਕੇ ਖਪਤਕਾਰ ਦੀ ਸੰਤੁਸ਼ਟੀ ਹੋਣੀ ਸੁਭਾਵਿਕ ਹੈ। ਉਹਨਾਂ ਆਖਿਆ ਕਿ ਇੰਤਕਾਲ ਕਰਵਾਉਣ ਦੇ ਨਾਮ ’ਤੇ ਰਿਸ਼ਵਤ ਮੰਗਣ ਵਾਲੇ ਦੋਸ਼ਾਂ ਨੂੰ ਵੀ ਵਿਰਾਮ ਲੱਗ ਗਿਆ ਹੈ, ਕਿਉਂਕਿ ਅੱਜ ਕੀਤੇ ਗਏ 127 ਇੰਤਕਾਲ ਕਰਾਉਣ ਵਾਲੇ ਖਪਤਕਾਰ ਇਸ ਦੇ ਜਿਉਂਦੇ ਜਾਗਦੇ ਗਵਾਹ ਹਨ। ਉਹਨਾਂ ਆਖਿਆ ਕਿ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੀ ਸਮੁੱਚੀ ਟੀਮ ਵਲੋਂ ਸਮੁੱਚੇ ਹਲਕੇ ਵਿੱਚ ਘਰ ਘਰ ਲੋਕਾਂ ਨੂੰ ਇਸ ਤਰਾਂ ਦੇ ਇੰਤਕਾਲ ਮੁਫਤ ਕਰਵਾਉਣ ਦੀਆਂ ਸਹੂਲਤਾਂ ਲੈਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
Leave a Comment
Your email address will not be published. Required fields are marked with *