ਫਰੀਦਕੋਟ, 17 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਅੱਜ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਇੰਦਰਜੀਤ ਸਿੰਘ ਖਾਲਸਾ ਜੋ ਕਿ ਪਿਛਲੇ ਦਿਨੀਂ ਆਪਣੇ ਸਵਾਸਾਂ ਦੀ ਪੂੰਜੀ ਭੋਗ ਕੇ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ, ਦੇ ਅਕਾਲ ਚਲਾਣੇ ਦੇ ਭੋਗ ਅਤੇ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਏ। ਇਸ ਮੌਕੇ ਬੋਲਦਿਆਂ ਸ. ਸੰਧਵਾਂ ਨੇ ਕਿਹਾ ਇਸ ਇਲਾਕੇ ਦੀ ਮੰਨੀ ਪਰਮੰਨੀ ਸ਼ਖਸ਼ੀਅਤ 97 ਸਾਲਾ ਇੰਦਰਜੀਤ ਸਿੰਘ ਖਾਲਸਾ ਲੰਮਾ ਸਮਾਂ ਵਕਾਲਤ ਦੇ ਖਿੱਤੇ ਨਾਲ ਜੁੜੇ ਰਹੇ ਅਤੇ ਕਈ ਸਾਲ ਬਤੌਰ ਮੁੱਖ ਸੇਵਾਦਾਰ ਗੁਰਦੁਆਰਾ ਗੋਦੜੀ ਸਾਹਿਬ, ਬਾਬਾ ਫਰੀਦ ਸੁਸਾਇਟੀ, ਟਿੱਲਾ ਬਾਬਾ ਫਰੀਦ ਰਿਲੀਜੀਅਸ ਐਂਡ ਚੈਰੀਟੇਬਲ ਸੁਸਾਇਟੀ ਫਰੀਦਕੋਟ, ਚੇਅਰਮੈਨ ਬਾਬਾ ਫਰੀਦ ਲਾਅ ਕਾਲਜ ਅਤੇ ਬਾਬਾ ਫਰੀਦ ਸਕੂਲ ਫਰੀਦਕੋਟ ਵਜੋਂ ਸੇਵਾਵਾਂ ਨਿਭਾਉਂਦੇ ਰਹੇ। ਉਨ੍ਹਾਂ ਕਿਹਾ ਕਿ ਇਹਨਾਂ ਅਹੁਦਿਆਂ ਤੇ ਰਹਿੰਦਿਆਂ ਇੰਦਰਜੀਤ ਖਾਲਸਾ ਨੇ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਕੰਮ ਕੀਤਾ। ਉਹਨਾਂ ਕਿਹਾ ਕਿ ਇੰਦਰਜੀਤ ਸਿੰਘ ਖਾਲਸਾ ਨੂੰ ਇਸ ਇਲਾਕੇ ਦਾ ਨਾਮ ਦੁਨੀਆ ਦੇ ਨਕਸ਼ੇ ਤੇ ਲਿਆਉਣ ਲਈ ਹਮੇਸ਼ਾ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਰਹੇਗਾ। ਉਹਨਾਂ ਦੱਸਿਆ ਕਿ ਭਾਰਤ ਦੇ ਰਾਸ਼ਟਰਪਤੀ ਸਵਰਗੀ ਗਿਆਨੀ ਜੈਲ ਸਿੰਘ ਦੇ ਅਤੀ ਕਰੀਬੀ ਰਹੇ ਖਾਲਸਾ ਜੀ ਦਾ ਰਾਜਨੀਤੀ ਵਿੱਚ ਸਰਗਰਮ ਪ੍ਰਮੁੱਖ ਨੇਤਾਵਾਂ ਦੇ ਨਾਲ ਖਾਸ ਲਗਾਵ ਰਿਹਾ ਸੀ। ਉਨ੍ਹਾਂ ਇਸ ਦੁੱਖ ਦੀ ਘੜ੍ਹੀ ਵਿੱਚ ਸ਼ਰੀਕ ਹੁੰਦਿਆਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ। ਉਨ੍ਹਾਂ ਨੇ ਅੰਤਿਮ ਅਰਦਾਸ ਮੌਕੇ ਰਾਗੀ ਸਿੰਘਾਂ ਵੱਲੋਂ ਕੀਤਾ ਗਿਆ ਵਿਰਾਗਮਈ ਕੀਰਤਨ ਸੁਣਿਆ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸਾਏ ਰਾਹ ’ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਚਾਹੀਦਾ ਹੈ, ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਗੁਰਤੇਜ ਸਿੰਘ ਖੋਸਾ, ਸੰਧਵਾਂ ਦੇ ਪੀ ਆਰ ਓ ਮਨਪ੍ਰੀਤ ਸਿੰਘ ਧਾਲੀਵਾਲ, ਚੇਅਰਮੈਨ ਯੋਜਨਾ ਕਮੇਟੀ ਸੁਖਜੀਤ ਸਿੰਘ ਢਿੱਲਵਾਂ, ਸੁਖਵੰਤ ਸਿੰਘ ਪੱਕਾ, ਮਾਰਕਿਟ ਕਮੇਟੀ ਦੇ ਚੇਅਰਮੈਨ ਅਮਨਦੀਪ ਸਿੰਘ ਬਾਬਾ ਅਤੇ ਸ਼ਹਿਰ ਦੀਆਂ ਨਾਮਵਰ ਸ਼ਖਸ਼ੀਅਤਾਂ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਆਗੂ ਹਾਜ਼ਰ ਸਨ।
Leave a Comment
Your email address will not be published. Required fields are marked with *