ਇਹ ਕੋਈ ਰਚਨਾ ਨਹੀ ਬੱਸ ਇੱਕ ਤਕਲੀਫ ਹੈ ਜੋ ਆਪਣੇ ਕਿਸੇ ਖ਼ਾਸ ਦੇ ਅਚਨਚੇਤ ਅਤੇ ਛੋਟੀ ਉਮਰੇ ਇਸ ਜਹਾਨ ਤੋਂ ਟੁਰ ਜਾਣ ਤੋਂ ਬਾਦ ਉਸਦੇ ਆਪਣਿਆਂ ਨੂੰ ਹੁੰਦੀ ਹੈ, ਸ਼ਾਇਦ ਜਿਸ ਦਾ ਅੱਜ ਜਨਮਦਿਨ ਹੋਵੇ ਪਰ ਉਹ ਅੱਜ ਇਸ ਦੁਨੀਆ ਵਿੱਚ ਨਾ ਹੋਵੇ
“ਇੱਕ ਤਕਲੀਫ “
ਤੇਰੇ ਸਿਵੇ ਬਲੇ ਦਾ ਦੁੱਖ ਮਣਾਵਾਂ
ਜਾਂ ਫਿਰ ਅੱਜ ਚੰਦਰਿਆਂ
ਤੇਰਾ ਜਨਮ ਦਿਨ ਮਣਾਵਾਂ
ਅੱਜ ਦੇ ਦਿਨ ਹੀ ਮੈਂ ਕਦੇ
ਸ਼ੁਕਰਾਨੇ ਕੀਤੇ ਸੀ ਉਸ ਰੱਬ ਦੇ ਅੱਗੇ
ਅੱਜ ਦੇ ਦਿਨ ਹੀ ਮੈਂ ਉਸ
ਰੱਬ ਅੱਗੇ ਹੀ ਦੁਹਾਈਆਂ ਪਾਵਾਂ
ਕਿੰਝ ਮੈਂ ਆਪਣਾ ਕਲੇਜਾ ਪਾੜ ਦਿਖਾਵਾਂ
ਤੇਰੀ ਯਾਦ ਵਿੱਚ ਮੈਂ ਨਿੱਤ ਰੋਵਾਂ ਤੇ ਕੁਰਲਾਵਾਂ
ਇੱਕ ਤੇਰਾ ਜਨਮ ਦਿਨ ਤੇ ਦੂਜਾ ਤੇਰਾ ਮਰਣ ਦਿਨ
ਮੈਨੂੰ ਕਮਲ਼ੀ ਨੂੰ ਸਮਝ ਨਾ ਆਵੇ
ਕਿਸ ਦਿਨ ਖੁਸ਼ੀ ਤੇ ਕਿਸ ਦਿਨ ਵੈਣ ਪਾਵਾਂ
ਤੂੰ ਤਾਂ ਟੁਰ ਗਿਆ ਕੁਝ ਸੱਧਰਾਂ ਦਿਲ ਵਿੱਚ ਹੀ ਲੈ ਕੇ
ਪਰ ਮੈਂ ਹਰ ਸਾਹ ਉਨਾਂ ਸੱਧਰਾਂ ਨਾਲ ਸੋਗ ਮਣਾਵਾਂ
ਜੇ ਮੇਰਾ ਨਹੀ ਸੀ ਤਾਂ ਮੇਰੇ ਕੋਲ ਕਿਉਂ ਸੀ
ਜੇਕਰ ਮੇਰਾ ਸੀ ਤਾਂ ਹੁਣ ਕੋਲ ਕਿਉਂ ਨਹੀਂ
ਕਿੰਝ ਖੁਦ ਨੂੰ ਸਮਝਾਵਾਂ ਤੇ ਕੀ ਸਮਝਾਵਾਂ
ਤੇਰੇ ਜਨਮ ਦਿਨ ਵਾਲੇ ਦਿਨ ਤੇਰਾ ਮਰਣਾ ਯਾਦ ਆਉਂਦਾ ਏ
ਤੇਰੇ ਮਰਣ ਦਿਨ ਵਾਲੇ ਦਿਨ ਤੇਰਾ ਜਨਮ ਯਾਦ ਆਉਦਾ ਏ
ਮੈਨੂੰ ਚੰਦਰੀ ਨੂੰ ਸਮਝ ਨਾ ਆਵੇ ਤੇਰੇ ਬਿਨ ਕਿੰਝ ਦਿਨ ਲਗਾਵਾਂ
ਦੱਸ ਵੇ ਚੰਦਰਿਆਂ ਤੇਰਾ ਕਿਹੜਾ ਦਿਨ ਮਣਾਵਾਂ
ਕਿਸ ਦਿਨ ਮੈਂ ਤੇਰੇ ਨਾਂ ਦੀ ਸੱਜ ਧੱਜ ਖੁਸ਼ੀ
ਤੇ ਕਿਸ ਦਿਨ ਤੇਰੇ ਨਾਂ ਦੇ ਵੈਣ ਪਾ ਕੁਰਲਾਵਾਂ
ਦੱਸ ਖਾਂ ਵੇ ਚੰਦਰਿਆਂ ਤੇਰਾ ਕਿਹੜਾ ਦਿਨ ਮਣਾਵਾਂ
ਰਸ਼ਪਿੰਦਰ ਕੌਰ ਗਿੱਲ
ਲੇਖਕ, ਐਂਕਰ, ਸੰਪਾਦਕ,
ਪ੍ਰਧਾਨ- ਪੀਂਘਾਂ ਸੋਚ ਦੀਆਂ
ਸਾਹਿਤ ਮੰਚ, ਪਬਲਿਕੇਸ਼ਨ, ਵੈੱਬ ਚੈਨਲ, ਮੈਗਜ਼ੀਨ, ਸਿੱਖੀ ਫਰਜ਼ ਸਕਾਲਰਸ਼ਿਪ
+91-9888697078
Leave a Comment
Your email address will not be published. Required fields are marked with *