ਭਾਰਤੀ ਸੰਵਿਧਾਨ ਦੇ ਸ਼ਿਲਪਕਾਰ, ਰਾਸ਼ਟਰ ਨਿਰਮਾਤਾ, ਸ਼ੋਸ਼ਿਤ ਵਰਗ ਦੇ ਮਸੀਹਾ ਅਤੇ ਭਾਰਤ ਰਤਨ ਨਾਲ ਸਨਮਾਨਿਤ ਡਾਕਟਰ ਭੀਮ ਰਾਓ ਰਾਮ ਜੀ ਅੰਬੇਦਕਰ ਵਾਸਤਵ ਵਿੱਚ ਇੱਕ ਯੁਗ ਪੁਰਸ਼ ਸਨ। ਉਨਾਂ ਨੇ ਆਪਣਾ ਸਾਰਾ ਜੀਵਨ ਦਲਿਤ, ਸ਼ੋਸ਼ਿਤ ਅਤੇ ਕਮਜ਼ੋਰ ਵਰਗਾਂ ਨੂੰ ਉਚਿਤ ਥਾਂ ਦੁਆਉਣ ਲਈ ਹੀ ਨਹੀਂ ਲਗਾਇਆ ਬਲਕਿ ਉਹਨਾਂ ਨੇ ਆਪਣੇ ਜੀਵਨ ਦੇ 65 ਸਾਲਾਂ ਵਿੱਚ ਸਮਾਜਿਕ, ਆਰਥਿਕ, ਰਾਜਨੀਤਿਕ, ਵਿਦਿਅਕ, ਧਾਰਮਿਕ, ਸੰਸਕ੍ਰਿਤਕ, ਔਰਤ ਨੂੰ ਸਨਮਾਨ ਦਵਾਉਣ, ਉਦਯੋਗਿਕ ਅਤੇ ਸੰਵਿਧਾਨਕ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਇਆ। ਉਨਾਂ ਦੀਆਂ ਅਣਥਕ ਕੋਸ਼ਿਸ਼ਾਂ ਅਤੇ ਸਮਾਨਤਾ ਲਈ ਨਿਰੰਤਰ ਸੰਘਰਸ਼ ਸਦਕਾ ਉਨਾਂ ਦੇ ਜਨਮ ਦਿਵਸ ਨੂੰ ਸਮਾਨਤਾ ਅਤੇ ਗਿਆਨ ਦਿਵਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਬਾਬਾ ਸਾਹਿਬ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਮਹੂ ਵਿੱਚ ਰਾਮਜੀ ਮਾਲੋ ਜੀ ਸੁਕਪਾਲ ਅਤੇ ਭੀਮਾ ਬਾਈ ਦੇ ਘਰ ਹੋਇਆ। ਇਹ ਆਪਣੇ ਮਾਂ ਬਾਪ ਦੀ ਚੌਦਵੀਂ ਅਤੇ ਆਖਰੀ ਸੰਤਾਨ ਸਨ। ਇਹਨਾਂ ਨੇ ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਵਿੱਚ ਹੀ ਕੀਤੀ। ਉਸ ਸਮੇਂ ਦਲਿਤ ਸਮਾਜ ਦੇ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਨਹੀਂ ਕੀਤਾ ਜਾਂਦਾ ਸੀ। ਇਹਨਾਂ ਦੇ ਪਿਤਾ ਜੀ ਬ੍ਰਿਟਿਸ਼ ਰਾਜ ਵਿੱਚ ਸੂਬੇਦਾਰ ਦੇ ਪਦ ਤੇ ਕੰਮ ਕਰਦੇ ਸਨ। ਇਸ ਲਈ ਇਹਨਾਂ ਦਾ ਦਾਖਲਾ ਸਕੂਲ ਵਿੱਚ ਹੋ ਗਿਆ ਪ੍ਰੰਤੂ ਆਪਣੀ ਆਤਮ ਕਥਾ ‘ਵੇਟਿੰਗ ਫਾਰ ਵੀਜਾ’ ਵਿੱਚ ਇਹਨਾਂ ਨੇ ਆਪਣੀ ਮੁਢਲੀ ਸਿੱਖਿਆ ਦਾ ਵਰਣਨ ਕਰਦੇ ਹੋਏ ਦੱਸਿਆ ਕਿ ਕਲਾਸ ਵਿੱਚ ਸਵਰਨ ਬੱਚੇ ਬੈਂਚਾਂ ਤੇ ਬੈਠਦੇ ਸਨ ਜਦ ਕਿ ਇਹਨਾਂ ਨੂੰ ਆਪਣੇ ਘਰੋਂ ਇੱਕ ਬੋਰਾ ਲੈ ਕੇ ਜਾਣਾ ਪੈਂਦਾ ਸੀ ਅਤੇ ਬੈਂਚਾਂ ਦੇ ਪਿੱਛੇ ਜ਼ਮੀਨ ਤੇ ਇਹ ਬੈਠਦੇ ਸਨ ਅਤੇ ਛੁੱਟੀ ਹੋਣ ਸਮੇਂ ਉਹ ਬੋਰਾ ਆਪਣੇ ਘਰ ਲੈ ਕੇ ਆਂਦੇ ਸਨ। ਪੜ੍ਹਾਈ ਦਾ ਜ਼ਿਕਰ ਕਰਦੇ ਹੋਏ ਇਹ ਦੱਸਦੇ ਹਨ ਕਿ ਸ਼ੁਰੂਆਤੀ ਦਿਨਾਂ ਵਿੱਚ ਜਦੋਂ ਅਧਿਆਪਕ ਨੇ ਬੱਚਿਆਂ ਤੋਂ ਕੋਈ ਪ੍ਰਸ਼ਨ ਪੁੱਛਿਆ ਤਾਂ ਹਰ ਵਾਰ ਇਹ ਆਪਣਾ ਹੱਥ ਖੜਾ ਕਰਦੇ ਰਹੇ ਲੇਕਿਨ ਇਹਨਾਂ ਨੂੰ ਉੱਤਰ ਦੇਣ ਦਾ ਮੌਕਾ ਨਹੀਂ ਦਿੱਤਾ ਗਿਆ। ਘਰ ਆ ਕੇ ਇਹ ਬਹੁਤ ਨਰਾਜ਼ ਹੋਏ ਤੇ ਇਹਨਾਂ ਨੇ ਆਪਣੇ ਮਾਂ ਬਾਪ ਨੂੰ ਦੱਸਿਆ ਕਿ ਇਹ ਹੁਣ ਸਕੂਲ ਨਹੀਂ ਜਾਇਆ ਕਰਨਗੇ ਅਤੇ ਇਸ ਦਾ ਕਾਰਨ ਵੀ ਦੱਸਿਆ। ਉਸ ਸਮੇਂ ਇਹਨਾਂ ਦੇ ਪਿਤਾ ਜੀ ਨੇ ਇਹਨਾਂ ਨੂੰ ਸਮਝਾਇਆ ਕਿ ਇਸ ਭੇਦਭਾਵ ਨੂੰ ਦੂਰ ਕਰਨ ਲਈ ਅਤੇ ਸਮਾਜ ਦੀ ਇਸ ਵਿਵਸਥਾ ਨੂੰ ਬਦਲਣ ਲਈ ਉਨਾਂ ਦਾ ਸਿੱਖਿਆ ਗ੍ਰਹਿਣ ਕਰਨਾ ਬਹੁਤ ਹੀ ਲਾਜ਼ਮੀ ਹੈ। ਮਾਂ ਨੇ ਸਮਝਾਇਆ,”ਬੇਟਾ ਤੈਨੂੰ ਸਮਾਜ ਵਿੱਚ ਬਹੁਤ ਅਪਮਾਨ ਸਹਿਣਾ ਪਵੇਗਾ, ਨਫਰਤ ਝੱਲਣੀ ਪਵੇਗੀ। ਇਸ ਸਭ ਦੀ ਪਰਵਾਹ ਨਹੀਂ ਕਰਨਾ ਕਿਸੇ ਦੇ ਨਾਲ ਉਲਝਣਾ ਨਹੀਂ। ਤੂੰ ਪੜਨਾ ਹੈ। ਬਿਨਾਂ ਪੜੇ ਕੋਈ ਵੱਡਾ ਆਦਮੀ ਨਹੀਂ ਬਣ ਸਕਦਾ। ਜਦੋਂ ਤੂੰ ਵੱਡਾ ਆਦਮੀ ਬਣ ਜਾਵੇ ਉਸ ਸਮੇਂ ਸਮਾਜ ਦੀ ਇਸ ਗੰਦੀ ਰੀਤ ਨੂੰ ਬਦਲ ਦੇਣਾ ਇਹੀ ਮੇਰੀ ਇੱਛਾ ਹੈ” ਇਹ ਬਹੁਤ ਹੀ ਹੁਸ਼ਿਆਰ ਵਿਦਿਆਰਥੀ ਸਨ ਇਨਾਂ ਦੀ ਵਿਦਵਤਾ ਤੋਂ ਖੁਸ਼ ਹੋ ਕੇ ਇਹਨਾਂ ਦੇ ਇੱਕ ਬ੍ਰਾਹਮਣ ਅਧਿਆਪਕ ਨੇ ਇਹਨਾਂ ਨੂੰ ਆਪਣਾ ਸਰ ਨੇਮ ਅੰਬੇਦਕਰ ਦਿੱਤਾ। ਇੱਕ ਮਰਾਠੀ ਲੇਖਕ ਅਤੇ ਸਮਾਜ ਸੁਧਾਰਕ ਸ੍ਰੀ ਕ੍ਰਿਸ਼ਨ ਜੀ ਕੇਲੁਸਕਰ ਨੇ ਭੀਮ ਰਾਉ ਨੂੰ ਭਗਵਾਨ ਗੌਤਮ ਬੁੱਧ ਦੀ ਇੱਕ ਛੋਟੀ ਜਿਹੀ ਜੀਵਨੀ ਪੜ੍ਨ ਨੂੰ ਦਿੱਤੀ ਜਿਸ ਨੇ ਭੀਮ ਰਾਓ ਦੇ ਮਨ ਤੇ ਬਹੁਤ ਗਹਿਰਾ ਪ੍ਰਭਾਵ ਪਾਇਆ। ਕੇਲੁਸਕਰ ਹੀ ਭੀਮ ਰਾਓ ਨੂੰ ਬੜੌਦਾ ਦੇ ਰਾਜਾ ਸਾਹਿਬ ਦੇ ਕੋਲ ਲੈ ਕੇ ਗਏ ਅਤੇ ਉਨਾਂ ਨੂੰ 25 ਰੁਪਏ ਦੀ ਸਕਾਲਰਸ਼ਿਪ ਮਿਲਣ ਲੱਗੀ।ਇੱਕ ਹੋਰ ਘਟਨਾ ਦਾ ਵਰਣਨ ਕਰਦੇ ਹੋਏ ਉਹ ਦੱਸਦੇ ਹਨ ਕਿ ਸਾਰੇ ਬੱਚੇ ਸਕੂਲ ਵਿੱਚ ਨਲਕੇ ਤੋਂ ਪਾਣੀ ਪੀ ਸਕਦੇ ਸਨ ਪਰ ਇਹਨਾਂ ਨੂੰ ਉਸਦੀ ਇਜਾਜ਼ਤ ਨਹੀਂ ਸੀ। ਚਪੜਾਸੀ ਇਹਨਾਂ ਨੂੰ ਪਾਣੀ ਦਿੰਦਾ ਸੀ ਅਤੇ ਜਿਸ ਦਿਨ ਚਪੜਾਸੀ ਛੁੱਟੀ ਤੇ ਹੁੰਦਾ ਸੀ ਉਸ ਦਿਨ ਇਹਨਾਂ ਨੂੰ ਪਿਆਸੇ ਹੀ ਰਹਿਣਾ ਪੈਂਦਾ ਸੀ। ਇਹਨਾਂ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਅੰਬੇਦਕਰ ਸਾਹਿਬ ਨੇ ਸਕੂਲ ਤੋਂ ਬਾਅਦ ਮੁੰਬਈ ਵਿਸ਼ਵ ਵਿਦਿਆਲਾ ਤੋਂ ਸਮਾਜ ਸ਼ਾਸਤਰ, ਰਾਜਨੀਤੀ ਸ਼ਾਸਤਰ, ਅਰਥ ਸ਼ਾਸਤਰ ਅਤੇ ਮਾਨਵ ਵਿਗਿਆਨ ਵਿੱਚ ਐਮਏ ਕੋਲੰਬੀਆ ਵਿਸ਼ਵ ਵਿਦਿਆਲਾ ਤੋਂ ਪੀਐਚਡੀ,ਲੰਦਨ ਸਕੂਲ ਆਫ ਇਕਨੋਮਿਕਸ ਤੋਂ ਐਮਐਸਸੀ ਅਤੇ ਡੀਐਸਸੀ, ਗਰੇਸਨ ਲੰਡਨ ਤੋਂ ਐਲਐਲਬੀ ਅਤੇ ਉਸਮਾਨੀਆ ਵਿਸ਼ਵ ਵਿਦਿਆਲਾ ਤੋਂ ਡੀ ਲਿਟ ਦੀ ਪੜ੍ਹਾਈ ਕੀਤੀ। ਬਾਬਾ ਸਾਹਿਬ ਹਿੰਦੀ, ਪਾਲੀ, ਸੰਸਕ੍ਰਿਤ, ਅੰਗਰੇਜ਼ੀ, ਫਰੈਂਚ, ਜਰਮਨ, ਮਰਾਠੀ ਅਤੇ ਗੁਜਰਾਤੀ ਸਮੇਤ ਨੌ ਭਾਸ਼ਾਵਾਂ ਨੂੰ ਜਾਣਦੇ ਸਨ। ਉਨਾਂ ਨੇ ਲੰਦਨ ਵਿੱਚ ਅੱਠ ਸਾਲ ਦੀ ਪੜ੍ਹਾਈ ਸਿਰਫ ਦੋ ਸਾਲ ਤਿੰਨ ਮਹੀਨੇ ਵਿੱਚ ਪੂਰੀ ਕੀਤੀ। ਗਵਰਨਰ ਲਾਰਡ ਲਿਨ ਲਿਥਗੋ ਅਤੇ ਗਾਂਧੀ ਜੀ ਦਾ ਮੱਤ ਸੀ ਕਿ ਬਾਬਾ ਜੀ ਹਜ਼ਾਰਾਂ ਵਿਦਵਾਨਾਂ ਤੋਂ ਵੀ ਜਿਆਦਾ ਬੁੱਧੀਮਾਨ ਸੀ। ਜੋ ਬੱਚਾ ਮਿੱਟੀ ਦੇ ਇੱਕ ਛੋਟੇ ਜਿਹੇ ਲੈਂਪ ਨਾਲ ਰਾਤ ਰਾਤ ਭਰ ਪੜਦਾ ਸੀ, ਦੋ ਚਾਰ ਬਰੈਡ ਦੇ ਪੀਸ ਲੈ ਕੇ ਕੋਲੰਬੀਆ ਅਤੇ ਲੰਦਨ ਸਕੂਲ ਆਫ ਇਕਨੋਮਿਕਸ ਵਿੱਚ ਪੜ੍ਹ ਕੇ ਆਇਆ ਉਹ ਕਿੰਨਾ ਵੀ ਧਨ ਕਮਾ ਸਕਦਾ ਸੀ ਪਰ ਉਸਨੇ ਆਪਣਾ ਸਾਰਾ ਜੀਵਨ ਸਮਾਜ ਪਰਿਵਰਤਨ ਲਈ ਸਮਰਪਿਤ ਕਰ ਦਿੱਤਾ। ਬਾਬਾ ਸਾਹਿਬ ਦੇ ਸਾਰੇ ਸੰਘਰਸ਼ ਵਿੱਚ ਜੋ ਆਤਮ ਤਤਵ ਹੈ ਉਹ ਗੌਤਮ ਬੁੱਧ ਕਬੀਰ ਅਤੇ ਜੋਤੀ ਰਾਓ ਫੂਲੇ ਤੋਂ ਆਉਂਦਾ ਹੈ।
ਇਹ ਉਨਾਂ ਦੀ ਯੋਗਤਾ ਹੀ ਸੀ ਕਿ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਾਬਾ ਸਾਹਿਬ ਨੂੰ ਬਣਾਇਆ ਗਿਆ ਅਤੇ ਆਜ਼ਾਦ ਦੇਸ਼ ਦਾ ਸੰਵਿਧਾਨ ਰਚਣ ਲਈ ਉਹਨਾਂ ਨੂੰ ਸੰਵਿਧਾਨ ਦੀ ਖਰੜਾ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ। ਉਨਾਂ ਨੇ ਸਮਤਾ, ਸਮਾਨਤਾ ਅਤੇ ਭਾਈਚਾਰੇ ਤੇ ਆਧਾਰਤ ਭਾਰਤੀ ਸੰਵਿਧਾਨ ਨੂੰ ਦੋ ਸਾਲ 11 ਮਹੀਨੇ 17 ਦਿਨ ਵਿੱਚ ਤਿਆਰ ਕੀਤਾ।
ਮਾਨਵ ਅਧਿਕਾਰ ਜਿਵੇਂ ਦਲਿਤਾਂ ਦੇ ਮੰਦਰ ਵਿੱਚ ਪ੍ਰਵੇਸ਼, ਪਾਣੀ ਪੀਣ, ਛੂਆ ਛੂਤ ਅਤੇ ਊਚ ਨੀਚ ਵਰਗੀ ਕੁਰੀਤੀਆਂ ਨੂੰ ਮਿਟਾਉਣ ਲਈ ਇਹਨਾਂ ਨੇ ਕੰਮ ਕੀਤੇ। ਸ਼ੋਸ਼ਿਤ ਅਤੇ ਅਨਪੜ ਲੋਕਾਂ ਨੂੰ ਜਾਗਰੂਕ ਕਰਨ ਲਈ 1927 ਤੋਂ 1956 ਦੌਰਾਨ ਮੂਕ ਨਾਇਕ, ਬਹਿਸ਼ਕ੍ਰਿਤ,ਭਾਰਤ, ਸਮਤਾ, ਜਨਤਾ ਅਤੇ ਪ੍ਰਬੁੱਧ ਭਾਰਤ ਨਾਂ ਦੀਆਂ ਪੱਤਰਕਾਰਾਂ ਦਾ ਸੰਪਾਦਨ ਕੀਤਾ। 1942 ਤੋਂ 1946 ਤੱਕ ਬਾਬਾ ਸਾਹਿਬ ਵਾਇਸ ਰਾਏ ਕਾਉਂਸਲ ਵਿੱਚ ਲੇਬਰ ਮਨਿਸਟਰ ਰਹੇ ਉਹ ਪਹਿਲੇ ਵਿਅਕਤੀ ਸੀ ਜਿਨਾਂ ਨੇ ਮਜ਼ਦੂਰਾਂ ਦੀ ਸੁਰੱਖਿਆ ਨੀਤੀ ਤਿਆਰ ਕਰਾਈ ਉਹ ਪਹਿਲੇ ਮੰਤਰੀ ਸੀ ਜਿਨਾਂ ਨੇ ਲੇਬਰ ਪੋਲਿਸੀ ਤਿਆਰ ਕੀਤੀ।
ਬਾਬਾ ਜੀ ਨੇ ਬਹੁਤ ਸਾਰੀਆਂ ਬੇਮਿਸਾਲ ਪੁਸਤਕਾਂ ਦੀ ਰਚਨਾ ਕੀਤੀ ਜਿਨਾਂ ਵਿੱਚੋਂ ਕੁਝ ਕੁ ਹਨ ਜਾਤ ਪਾਤ ਦਾ ਬੀਜ ਨਾਸ਼,ਹਿੰਦੂ ਧਰਮ ਦੀਆਂ ਬੁਝਾਰਤਾਂ,ਬੁੱਧ ਅਤੇ ਉਸ ਦਾ ਧੰਮ, ਬੁੱਧ ਜਾਂ ਕਾਰਲ ਮਾਰਕਸ, ਗਾਂਧੀ ਅਤੇ ਜਿਨਾਹ,ਪਾਕਿਸਤਾਨ ਅਤੇ ਭਾਰਤ ਦਾ ਵਿਭਾਜਨ, ਭਾਰਤ ਵਿੱਚ ਜਾਤੀ ਪ੍ਰਥਾ ਆਦਿ ।
ਵੱਖ ਵੱਖ ਸਮਿਆਂ ਤੇ ਉਨਾਂ ਵੱਲੋਂ ਦਿੱਤੇ ਗਏ ਵਿਚਾਰ ਬਹੁਤ ਹੀ ਅਨਮੋਲ ਹਨ ਜਿਵੇਂ ਕਿ ਸਿੱਖਿਅਤ ਬਣੋ।ਸੰਗਠਿਤ ਰਹੋ।ਸੰਘਰਸ਼ ਕਰੋ।, ਸਿੱਖਿਆ ਸ਼ੇਰਨੀ ਦਾ ਦੁੱਧ ਹੈ ਇਸ ਨੂੰ ਜੋ ਪੀਏਗਾ ਉਹ ਸ਼ੇਰ ਦੀ ਤਰ੍ਹਾਂ ਜਰੂਰ ਦਹਾੜੇਗਾ, ਬੁੱਧੀ ਦਾ ਵਿਕਾਸ ਮਾਨਵ ਅਸਤਿਤਵ ਦਾ ਅੰਤਿਮ ਉਦੇਸ਼ ਹੋਣਾ ਚਾਹੀਦਾ ਹੈ।,ਕਿਸੇ ਵੀ ਕੌਮ ਦਾ ਵਿਕਾਸ ਉਸ ਕੌਮ ਦੀਆਂ ਔਰਤਾਂ ਦੇ ਵਿਕਾਸ ਨਾਲ ਹੁੰਦਾ ਹੈ।
ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ ਜਿੱਤ ਚੁੱਕੇ ਅਰਥ ਸ਼ਾਸਤਰੀ ਅੰਮ੍ਰਿਤਯ ਸੇਨ ਅੰਬੇਦਕਰ ਸਾਹਿਬ ਨੂੰ ਅਰਥ ਸ਼ਾਸਤਰ ਵਿੱਚ ਆਪਣਾ ਪਿਤਾ ਮੰਨਦੇ ਹਨ। ਬਾਬਾ ਸਾਹਿਬ ਨੂੰ ਬਚਪਨ ਤੋਂ ਹੀ ਪੜ੍ਨ ਦਾ ਇਨਾ ਸ਼ੌਂਕ ਸੀ ਕਿ ਉਹਨਾਂ ਦੀ ਨਿੱਜੀ ਲਾਇਬਰੇਰੀ ਵਿੱਚ 50 ਹਜਾਰ ਤੋਂ ਜਿਆਦਾ ਕਿਤਾਬਾਂ ਸਨ ਜੋ ਕਿ ਸੰਸਾਰ ਦੀ ਸਭ ਤੋਂ ਵੱਡੀ ਲਾਇਬਰੇਰੀ ਸੀ। ਉਹਨਾਂ ਦੁਆਰਾ ਲਿਖੀ ਗਈ ਆਤਮ ਕਥਾ ‘ਵੇਟਿੰਗ ਫਾਰ ਵੀਜਾ’ ਕੋਲੰਬੀਆ ਵਿਸ਼ਵ ਵਿਦਿਆਲਾ ਵਿੱਚ ਟੈਕਸਟ ਬੁੱਕ ਵਜੋਂ ਸ਼ਾਮਿਲ ਕੀਤੀ ਗਈ ਹੈ। ਕੋਲੰਬੀਆ ਵਿਸ਼ਵ ਵਿਦਿਆਲਾ ਨੇ 2004 ਵਿੱਚ ਸੰਸਾਰ ਦੇ ਪਹਿਲੇ 100 ਵਿਦਵਾਨਾਂ ਦੀ ਸੂਚੀ ਬਣਾਈ ਉਨਾਂ ਵਿੱਚੋਂ ਪਹਿਲਾਂ ਨਾਂ ਡਾਕਟਰ ਬੀ ਆਰ ਅੰਬੇਡਕਰ ਦਾ ਸੀ।ਉਹਨਾਂ ਦੀ ਜਯੰਤੀ ਪੂਰੇ ਸੰਸਾਰ ਵਿੱਚ ਮਨਾਈ ਜਾਂਦੀ ਹੈ।
ਅੰਬੇਦਕਰ ਸਾਹਿਬ ਨੂੰ ਸਨਮਾਨ ਦਿੰਦੇ ਹੋਏ ਕਈ ਸੰਸਥਾਵਾਂ ਅਤੇ 11 ਵਿਸ਼ਵ ਵਿਦਿਆਲਾਂ ਨੇ ਆਪਣੇ ਨਾਂ ਉਨਾਂ ਦੇ ਨਾਂ ਤੇ ਰੱਖੇ ਜਿਵੇਂ ਕਿ ਬਾਬਾ ਸਾਹਿਬ ਅੰਬੇਦਕਰ ਅੰਤਰ ਰਾਸ਼ਟਰੀ ਵਿਮਾਨ ਖੇਤਰ,ਅੰਬੇਦਕਰ ਵਿਸ਼ਵ ਵਿਦਿਆਲਾ ਦਿੱਲੀ ਆਦਿ ਸ਼ਾਮਿਲ ਹਨ। ਬਾਬਾ ਸਾਹਿਬ ਨੇ ਬਚਪਨ ਤੋਂ ਹੀ ਦਲਿਤ ਸਮਾਜ ਨਾਲ ਹੁੰਦੇ ਵਿਤਕਰੇ ਨੂੰ ਸੰਜੀਦਗੀ ਨਾਲ ਦੇਖਿਆ ਅਤੇ ਹੰਡਾਇਆ ।ਲੰਮੇ ਇੰਤਜ਼ਾਰ ਤੋਂ ਬਾਅਦ ਉਨਾਂ ਨੇ 1935 ਵਿੱਚ ਸਪਸ਼ਟ ਕਿਹਾ ਸੀ ਕਿ ਉਹ ਹਿੰਦੂ ਪੈਦਾ ਹੋਏ ਹਨ ਪਰ ਹਿੰਦੂ ਮਰਨਗੇ ਨਹੀਂ ਅਤੇ ਉਨਾਂ ਨੇ ਇਹ ਸੱਚ ਕਰ ਦਿਖਾਇਆ। 21 ਸਾਲ ਦੇ ਲੰਮੇ ਇੰਤਜ਼ਾਰ ਤੋਂ ਬਾਅਦ 14 ਅਕਤੂਬਰ 1956 ਨੂੰ ਨਾਗਪੁਰ ਵਿਖੇ ਇੱਕ ਸਮਾਰੋਹ ਵਿੱਚ ਮਹਾਨ ਬੋਧੀ ਚੰਦਰਮਣੀ ਤੋਂ ਪਰੰਪਰਾਗਤ ਤਰੀਕੇ ਨਾਲ ਪੰਚਸ਼ੀਲ ਨੂੰ ਅਪਣਾਉਂਦਿਆਂ ਹੋਇਆ ਕਰੀਬ 10 ਲੱਖ ਪੈਰੋਕਾਰਾਂ ਦੀ ਹਾਜ਼ਰੀ ਵਿੱਚ ਬੁੱਧ ਧਰਮ ਨੂੰ ਅਪਣਾ ਲਿਆ।
ਬਾਬਾ ਸਾਹਿਬ ਦੇ ਵਿਚਾਰਾਂ ਬਹੁਮੁਖੀ ਪ੍ਰਤਿਭਾ ਅਤੇ ਵਿਧਵਤਾ ਨੂੰ ਸਲਾਮ ਕਰਦੇ ਹੋਏ ਸੰਸਾਰ ਭਰ ਦੇ ਘੱਟੋ ਘੱਟ 20 ਦੇਸ਼ਾਂ ਵਿੱਚ ਅੰਬੇਦਕਰ ਸਾਹਿਬ ਜੀ ਦੇ ਬੁੱਤ ਸਥਾਪਿਤ ਕੀਤੇ ਗਏ ਹਨ। ਅਮਰੀਕਾ ਦੀ ਯੂਨੀਵਰਸਿਟੀ ਆਫ ਮਿਚੀਗਨ, ਯੂਨੀਵਰਸਿਟੀ ਆਫ ਟੋਰਂਟੋ ਕਨੇਡਾ, ਲੰਡਨ ਸਕੂਲ ਆਫ ਇਕਨੋਮਿਕਸ,ਯੂਨੀਵਰਸਿਟੀ ਆਫ ਫਰੈਂਕ ਫਰਟ ਜਰਮਨੀ,ਯੂਨੀਵਰਸਿਟੀ ਆਫ ਟੋਕਿਓ ਜਾਪਾਨ, ਯੂਨੀਵਰਸਿਟੀ ਆਫ ਜੋ ਹੈਨਸਬਰਗ ਦੱਖਣੀ ਅਫਰੀਕਾ, ਯੂਨੀਵਰਸਿਟੀ ਆਫ ਸਿਡਨੀ ਆਸਟਰੇਲੀਆ ਅਤੇ ਹੋਰ ਬਹੁਤ ਸਾਰੀਆਂ ਯੂਨੀਵਰਸਿਟੀਆਂ ਅਤੇ ਵੱਖ-ਵੱਖ ਦੇਸ਼ਾਂ ਦੇ ਸ਼ਹਿਰਾਂ ਵਿੱਚ ਬਾਬਾ ਸਾਹਿਬ ਜੀ ਦੇ ਬੁੱਤਾਂ ਨੂੰ ਸਥਾਪਿਤ ਕੀਤਾ ਗਿਆ ਹੈ।
ਸਾਨੂੰ ਸਭ ਨੂੰ ਬਾਬਾ ਸਾਹਿਬ ਜੀ ਦੇ ਵਿਲੱਖਣ ਵਿਅਕਤਿਤਵ ਤੋਂ ਸੇਧ ਲੈਣ ਦੀ ਲੋੜ ਹੈ। ਬਾਬਾ ਜੀ ਨੇ ਬਚਪਨ ਵਿੱਚ ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਨੂੰ ਝਲਦੇ ਹੋਏ ਦ੍ਰਿੜ ਨਿਸ਼ਚੇ ਨਾਲ ਪੜ੍ਹਾਈ ਕੀਤੀ ਜੋ ਕਿ ਇੱਕ ਉਦਾਹਰਨ ਹੈ ਕਿ ਜੇਕਰ ਇਰਾਦਾ ਮਜਬੂਤ ਹੋਵੇ ਅਤੇ ਦਿਲ ਵਿੱਚ ਸਿੱਖਿਆ ਪ੍ਰਾਪਤ ਕਰਨ ਦਾ ਜਨੂਨ ਹੋਵੇ ਤਾਂ ਕੋਈ ਕੰਮ ਵੀ ਮੁਸ਼ਕਿਲ ਨਹੀਂ ਹੈ। ਇੱਕ ਸਧਾਰਨ ਮਨੁੱਖ ਵੀ ਸਧਾਰਨ ਪਰਿਵੇਸ਼ ਚੋਂ ਬਾਹਰ ਨਿਕਲ ਕੇ ਅਸਧਾਰਨ ਪ੍ਰਤਿਭਾ ਦਾ ਮਾਲਕ ਬਣ ਸਕਦਾ ਹੈ। ਉਨਾਂ ਵੱਲੋਂ ਦਿੱਤੇ ਗਏ ਸਮਤਾ ਸੁਤੰਤਰਤਾ ਅਤੇ ਭਾਈਚਾਰੇ ਦੇ ਸਿਧਾਂਤ ਤੇ ਚਲਦਿਆਂ ਹੋਇਆਂ ਜਾਤ ਪਾਤ ਦੇ ਵੱਖਰੇਵੇਂ ਚੋਂ ਨਿਕਲਦਿਆਂ ਹੋਇਆਂ ਮਾਨਵ ਪ੍ਰੇਮੀ ਬਣਨ ਦੀ ਲੋੜ ਹੈ। ਮੇਰਾ ਇਸ ਯੁਗ ਨਿਰਮਾਤਾ ਮਹਾਨ ਵਿਅਕਤੀ ਨੂੰ ਕੋਟ ਕੋਟ ਪ੍ਰਣਾਮ!!
![](https://i0.wp.com/worldpunjabitimes.com/wp-content/uploads/2024/04/17.jpg?resize=856%2C1024&ssl=1)
ਪੂਜਾ ਸ਼ਰਮਾ
ਸਟੇਟ ਅਵਾਰਡੀ
ਲੈਕਚਰਾਰ ਅੰਗਰੇਜ਼ੀ
ਸਕੂਲ ਆਫ ਐਮੀਨੈਂਸ ਨਵਾਂ ਸ਼ਹਿਰ
ਸ਼ਹੀਦ ਭਗਤ ਸਿੰਘ ਨਗਰ
9914459033
Leave a Comment
Your email address will not be published. Required fields are marked with *