ਕੋਟਕਪੂਰਾ, 22 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ ਤਹਿਤ 2000/- ਦੀ 16ਵੀਂ ਕਿਸ਼ਤ ਫਰਵਰੀ ਦੇ ਅਖੀਰ ਜਾਂ ਮਾਰਚ ਦੇ ਪਹਿਲੇ ਹਫਤੇ ਕਿਸਾਨਾਂ ਦੇ ਖਾਤਿਆਂ ’ਚ ਪੈਣ ਦੀ ਸੰਭਾਵਨਾ ਹੈ, ਇਸ ਲਈ ਜਿਨ੍ਹਾਂ ਕਿਸਾਨ ਲਾਭਪਾਤਰੀਆਂ ਦੀ ਈ.ਕੇ.ਵਾਈ.ਸੀ. ਕਰਵਾਉਣੀ ਬਕਾਇਆ ਹੈ, ਉਹ ਜਲਦ ਤੋਂ ਜਲਦ ਆਪਣੇ ਨਜ਼ਦੀਕੀ ਕਾਮਨ ਸਰਵਿਸ ਕੇਂਦਰ ਵਿੱਚ ਜਾ ਕੇ ਮੁਕੰਮਲ ਕਰਵਾ ਲੈਣ ਤਾਂ ਜੋ 16ਵੀਂ ਕਿਸ਼ਤ ਦੇ ਨਾਲ-ਨਾਲ ਬਕਾਇਆ ਕਿਸ਼ਤਾਂ ਵੀ ਮਿਲ ਸਕਣ। ਇਹ ਜਾਣਕਾਰੀ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਦਿੰਦਿਆਂ ਦੱਸਿਆ ਕਿ ਇਹ ਯੋਜਨਾ ਭਾਰਤ ਸਰਕਾਰ ਵਲੋਂ 19 ਫਰਵਰੀ 2019 ਨੂੰ ਸ਼ੁਰੂ ਕੀਤੀ ਗਈ ਸੀ ਅਤੇ ਇਸ ਯੋਜਨਾ ਤਹਿਤ ਹਰ ਚਾਰ ਮਹੀਨਿਆਂ ਬਾਅਦ ਕਿਸਾਨਾਂ ਨੂੰ ਸਾਲ ਵਿੱਚ ਤਿੰਨ ਵਾਰ ਕੁੱਲ 6 ਹਜ਼ਾਰ ਰੁਪਏ ਦੀ ਰਕਮ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਈ.ਕੇ.ਵਾਈ.ਸੀ. ਮੁਕੰਮਲ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ 21 ਫਰਵਰੀ ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਕਾਮਨ ਸਰਵਿਸ ਕੇਂਦਰ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਕਿਸਾਨਾਂ ਨੂੰ ਈ.ਕੇ.ਵਾਈ.ਸੀ. ਮੁਕੰਮਲ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵਲੋਂ ਇਸ ਸਕੀਮ ਦਾ ਲਾਭ ਲੈਣ ਲਈ ਈ.ਕੇ.ਵਾਈ.ਸੀ. ਮਤਲਬ ਇਲੈਕਟ੍ਰਾਨਿਕ ਮਾਧਿਅਮ ਰਾਹੀਂ ਖਪਤਕਾਰ ਨੂੰ ਜਾਨਣਾ ਕਰਵਾਉਣੀ ਜ਼ਰੂਰੀ ਕਰ ਦਿੱਤੀ ਹੈ, ਜੇਕਰ ਕਿਸਾਨ ਈ-ਕੇਵਾਈਸੀ ਨਹੀਂ ਕਰਵਾਉਂਦੇ ਤਾਂ ਉਹ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਦੇ।