ਕੋਟਕਪੂਰਾ, 5 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਸ਼ਾ ਵਿਭਾਗ ਪੰਜਾਬ ਵਲੋਂ ਦਫਤਰ ਜਿਲਾ ਭਾਸ਼ਾ ਅਫਸਰ ਫਰੀਦਕੋਟ ਵਿਖੇ ਉਰਦੂ ਅਮੋਜ ਦੀ ਸਿਖਲਾਈ ਲਈ ਨਵੀਂ ਸ਼੍ਰੇਣੀ ’ਚ ਦਾਖਲਾ ਸ਼ੁਰੂ ਕੀਤਾ ਗਿਆ ਹੈ। ਇਸ ਸਬੰਧੀ ਮਨਜੀਤ ਪੁਰੀ ਜਿਲ੍ਹਾ ਭਾਸ਼ਾ ਅਫਸਰ ਫਰੀਦਕੋਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਉਰਦੂ ਆਮੋਜ ਦਾ ਕੋਰਸ 6 ਮਹੀਨੇ ਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਦਾਖਲਾ ਫਾਰਮ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 30 ਦਸੰਬਰ 2023 ਤੱਕ ਸੀ ਪਰ ਹੁਣ ਦਾਖਲੇ ਦੀ ਮਿਤੀ ’ਚ 10 ਜਨਵਰੀ 2024 ਤੱਕ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਇਸ ਪੂਰੇ ਕੋਰਸ ਲਈ 500 ਰੁਪਏ ਫੀਸ ਨਿਰਧਾਰਤ ਕੀਤੀ ਗਈ ਹੈ। ਕੋਰਸ ਖਤਮ ਹੋਣ ਉਪਰੰਤ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਵਲੋਂ ਪ੍ਰੀਖਿਆ ਲਈ ਜਾਵੇਗੀ ਅਤੇ ਪਾਸ ਹੋਣ ਵਾਲੇ ਉਮੀਦਵਾਰ ਨੂੰ ਵਿਭਾਗ ਵਲੋਂ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕਲਾਸ ਦਾ ਸਮਾਂ ਦਫਤਰੀ ਕੰਮਕਾਜ ਵਾਲੇ ਦਿਨ ਸ਼ਾਮ 5.15 ਤੋਂ 06.15 ਵਜੇ ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਦਾਖਲਾ ਲੈਣ ਵਾਲੇ ਉਮੀਦਵਾਰ ਕਿਸੇ ਵੀ ਕੰਮ-ਕਾਜ ਵਾਲੇ ਦਿਨ ਦਾਖਲਾ ਫਾਰਮ ਜਿਲ੍ਹਾ ਭਾਸ਼ਾ ਦਫਤਰ, ਕਮਰਾ ਨੰ. 333, ਦੂਜੀ ਮੰਜਿਲ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਫਰੀਦਕੋਟ ਤੋਂ ਪ੍ਰਾਪਤ ਕਰ ਸਕਦੇ ਹਨ। ਉਰਦੂ ਕਲਾਸ ਸੈਸ਼ਨ ਜਨਵਰੀ 2024 ਤੋਂ ਜੂਨ 2024 ਤੱਕ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕੋਰਸ ’ਚ ਕਿਸੇ ਵੀ ਉਮਰ ਤੇ ਵਰਗ ਦਾ ਵਿਅਕਤੀ ਦਾਖਲਾ ਲੈ ਸਕਦਾ ਹੈ।
Leave a Comment
Your email address will not be published. Required fields are marked with *