ਕਰਮਪ੍ਰੀਤ ਸਿੰਘ ਲੱਡੂ ਤੇ ਵਰਿੰਦਰ ਹੈਪੀ
ਪੇਸ਼ਕਸ਼: ਰੋਮੀ ਘੜਾਮੇਂ ਵਾਲ਼ਾ
ਲੱਡੂ:-
ਰੋਪੜ ਦੇ ਨੇੜਲੇ ਪਿੰਡ ਸਿੰਬਲ਼ ਝੱਲੀਆਂ ਦੇ ਸਵ: ਦਲਬਾਰਾ ਸਿੰਘ ਤੇ ਬਿੰਦੀ ਦੇ ਹੋਣਹਾਰ ਇਕਲੌਤੇ ਲੱਡੂ ਪੁੱਤ ਨੂੰ ਦੋ ਹਫ਼ਤੇ ਪਹਿਲਾਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਬਲਾਕ ਪੱਧਰੀ 1500 ਦੀ ਦੌੜ ਵਧੀਆ ਬੂਟਾਂ ਦੀ ਅਣਹੋਂਦ ਕਾਰਨ ਨੰਗੇ ਪੈਰੀਂ ਹੀ ਲਾਉਣੀ ਪਈ। ਨਤੀਜੇ ਵਜੋਂ ਬੇਸ਼ੱਕ ਦੋਵੇਂ ਪੈਰਾਂ ਵਿੱਚ ਛਾਲੇ ਪੈ ਗਏ, ਅਗਲੀ 400 ਮੀਟਰ ਦੀ ਦੌੜ ਵੀ ਛੱਡਣੀ ਪਈ ਅਤੇ ਕੋਚ ਰਾਜਨ ਕੁਮਾਰ ਤੇ ਮੇਰੇ ਤੋਂ ਬਿਨ੍ਹਾਂ ਬੂਟਾਂ ਤੋਂ ਭੱਜਣ ਕਾਰਨ ਝਿੜਕਾਂ ਵੀ ਖਾਣੀਆਂ ਪਈਆਂ (ਤਾਂ ਕਿ ਕੋਈ ਪ੍ਰਬੰਧ ਕਰ ਦਿੰਦੇ) ਪਰ ਫੇਰ ਵੀ ਗੋਲਡ ਮੈਡਲ ਜਿੱਤ ਕੇ ਜਿਲ੍ਹਾ ਪੱਧਰ ਲਈ ਥਾਂ ਪੱਕੀ ਕੀਤੀ। ਨਾ ਸਿਰਫ ਪੱਕੀ ਕੀਤੀ ਸਗੋਂ ਅੱਜ ਜਿਲ੍ਹਾ ਪੱਧਰੀ ਮੁਕਾਬਲੇ ਵਿੱਚ ਵੀ ਜਿੱਤ ਲਿਆ ਗੋਲਡ ਮੈਡਲ।
ਅਖੰਡ ਪਾਠਾਂ ਵਿੱਚ ਪਾਠੀ ਵਜੋਂ ਡਿਊਟੀਆਂ ਨਿਭਾ ਕੇ ਉਪਜੀਵਕਾ ਚਲਾਉਣ ਵਾਲ਼ੇ ਲੱਡੂ ਵਿੱਚ ਸਾਦਗੀ ਵੀ ਕਮਾਲ ਦੀ ਹੈ। ਪਿਛਲੀ ਵਾਰ ਇਹਦੇ ਨਾਲ਼ ਸਬੰਧਤ ਖ਼ਬਰ ਟਾਈਪ ਕਰਨ ਲੱਗੇ ਮੈਂ ਤਾਂ ਇਹਨੂੰ ਮਜ਼ਾਕ ਵਿੱਚ ਹੀ ਪੁੱਛਿਆ ਕਿ ਨਾਮ ਨਾਲ਼ ਲੱਡੂ ਤਖੱਲਸ ਲਿਖਾਂ ਕਿ ਨਾ। ਅੱਗਿਓਂ ਕਹਿੰਦਾ ਕਰਮਪ੍ਰੀਤ ਬੇਸ਼ੱਕ ਰਹਿਣ ਦਿਉ ਪਰ ਲੱਡੂ ਜਰੂਰ ਲਿਖਿਉ ਨਹੀਂ ਤਾਂ ਕਿਸੇ ਵੀ ਗਰਾਈਂ/ਮਿੱਤਰ/ਰਿਸ਼ਤੇਦਾਰ ਨੂੰ ਪਤਾ ਹੀ ਨਹੀ ਲੱਗਣਾ ਕਿ ਕੌਣ ਹੈ ਕਰਮਪ੍ਰੀਤ ? ਫੇਰ ਹਿਮਾਚਲ ਪਿਛੋਕੜ ਵਾਲ਼ੀ ਮਾਤਾ ਦੇ ਨਾਮ ਬਿੰਦੀ ਨੂੰ ਬਿੰਦੀ ਜਾਂ ਬਿੰਦੂ ਕੌਰ ਲਿਖਣ ਬਾਬਤ ਪੁੱਛਿਆ ਤਾਂ ਵੀ ਕਹਿੰਦਾ ਨਹੀਂ ਜੀ ਜੋ ਹੈ ਓਹੀ ਲਿਖਣਾ। ਪਿਛਲੇ ਦਿਨੀਂ ਮੈਡਮ ਪਰਮਿੰਦਰ ਕੌਰ ਪੰਦੋਹਲ ਵੱਲੋਂ ਲੋੜਵੰਦ ਖਿਡਾਰੀਆਂ ਨੂੰ ਬੂਟ ਦਿਵਾਉਣ ਦਾ ਆਧਾਰ ਵੀ ਸਾਡਾ ਇਹ ਜਵਾਨ ਹੀ ਬਣਿਆ।
ਹੈਪੀ:-
ਰੋਪੜ ਦੀ ਹੀ ਪਬਲਿਕ ਕਲੋਨੀ ਦੇ ਸਵ: ਸ਼ਾਮ ਲਾਲ ਤੇ ਊਮਾ ਦੇਵੀ ਦਾ ਖੁਸ਼ਮਿਜਾਜ ਫਰਜੰਦ ਵਰਿੰਦਰ ਹੈਪੀ ਨੇ ਵੀ ਅੱਜ 1500 ਮੀਟਰ ਸਿਲਵਰ ਮੈਡਲ ਜਿੱਤਿਆ। ਹੈਪੀ ਦਾ ਸਿਲਵਰ ਕਿਸੇ ਡਾਇਮੰਡ ਤੋਂ ਇਸ ਕਰਕੇ ਘੱਟ ਨਹੀਂ ਕਿਉਂਕਿ ਦੇਰ ਰਾਤ ਤੱਕ ਕਿਤਾਬਾਂ ਦੀ ਦੁਕਾਨ ‘ਤੇ ਨੌਕਰੀ ਦੇ ਨਾਲ਼ ਨਾਲ਼ ਕੈਟਰਿੰਗ ਦਾ ਕੰਮ ਵੀ ਕਰਨ ਕਰਕੇ ਇਹਨੂੰ ਕਈ ਵਾਰ ਤਾਂ ਅੱਧੀ ਰਾਤ 1/2/3 ਵਜੇ ਘਰ ਵੜਨਾ ਪੈਂਦਾ ਹੈ ਪਰ ਬਾਵਜੂਦ ਇਹ ਸਭ ਦੇ ਇਹ ਮਨਮੋਜੀ ਸਵੇਰੇ ਸਾਰਿਆਂ ਤੋਂ ਪਹਿਲਾਂ ਗਰਾਊਂਡ ਪਹੁੰਚਿਆ ਹੁੰਦਾ ਹੈ ਪ੍ਰੈਕਟਿਸ ਲਈ। ਅੰਤ ਵਿੱਚ ਇਹਨਾਂ ਦਿਆਂ ਪਰਿਵਾਰਾਂ, ਸ਼ੁਭਚਿੰਤਕਾਂ ਤੇ ਵਿਸ਼ੇਸ਼ ਕਰਕੇ ਕੋਚ ਰਾਜਨ ਕੁਮਾਰ ਸੰਚਾਲਕ ਅਥਲੈਟਿਕਸ ਅਕੈਡਮੀ ਨੂੰ ਢੇਰਾਂ ਦੇ ਢੇਰ ਮੁਬਾਰਕਾਂ।
Leave a Comment
Your email address will not be published. Required fields are marked with *