ਡਾ. ਸੈਫੀ ਦੇ ਸੰਘਰਸ਼, ਚਿੰਤਨ ਅਤੇ ਸਿਰਜਣਾ ਬਾਰੇ ਤਜਰਬੇ ਸੁਣ ਕੇ ਸਾਡੇ ਵਿਦਿਆਰਥੀ ਹੋਏ ਬੇਹੱਦ ਪ੍ਰਸੰਨ
ਫਰੀਦਕੋਟ, 29 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਉੱਘੇ ਸ਼ਾਇਰ, ਆਲੋਚਕ ਅਤੇ ਚਿੰਤਕ ਡਾ. ਦੇਵਿੰਦਰ ਸੈਫੀ ਦਾ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ’ਚ ਵਿਸ਼ੇਸ਼ ਰੂ-ਬ-ਰੂ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਉਹਨਾਂ ਨੇ ਆਪਣੀ ਕਵਿਤਾ ਦੇ ਸੱਚ, ਜੀਵਨ ਤਜਰਬਿਆਂ, ਚਿੰਤਨ ਕਾਰਜ, ਆਲੋਚਨਾ ਅਤੇ ਭਵਿੱਖ ਲਈ ਸੋਚੇ ਸਿਰਜਾਣਤਮਕ ਕੰਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ। ਖੋਜ ਵਿਦਿਆਰਥੀ ਉਹਨਾਂ ਦੇ ਜਿੰਦਗੀ ਪ੍ਰਤੀ ਨਜਰੀਏ ਅਤੇ ਜੀਵਨ ਦੇ ਸੰਘਰਸ਼ ’ਚ ਤੀਬਰ ਉਤਸੁਕਤਾ ਵਿਖਾਉਂਦੇ ਹੋਏ ਸੰਵਾਦ ਰਚਾਉਂਦੇ ਰਹੇ। ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਵਿਲੱਖਣ ਮਾਨਵੀ ਪਹੁੰਚ ਪ੍ਰਤੀ ਵਿਸ਼ੇਸ਼ ਸਤਿਕਾਰ ਅਤੇ ਧੰਨਵਾਦੀ ਭਾਵ ਪ੍ਰਗਟ ਕਰਦਿਆਂ ਸੈਫੀ ਨੇ ਵਿਭਾਗ ਦੇ ਪੂਰਵਲੇ ਪਰਾ ਅਧਿਆਪਕਾਂ ਵਿਸੇਸ ਕਰਕੇ ਡਾ. ਹਰਿਸਿਮਰਨ ਸਿੰਘ ਰੰਧਾਵਾ ਅਤੇ ਮੌਜੂਦਾ ਚੇਅਰਮੈਨ ਡਾ. ਕੁਲਦੀਪ ਸਿੰਘ ਦੀ ਖੋਜ ਵਿੱਦਿਆਰਥੀਆਂ ਪ੍ਰਤੀ ਗਹਿਰੀ ਸੰਵੇਦਨਸ਼ੀਲ ਪਹੁੰਚ ਨੂੰ ਵਿਭਾਗ ਅਤੇ ਵਿੱਦਿਆਰਥੀਆਂ ਲਈ ਵਰਦਾਨ ਦੱਸਿਆ। ਇਸ ਮੌਕੇ ਆਪਣੀਆਂ ਅਕਾਦਮਿਕ ਯੋਜਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਚੇਅਰਪਰਸਨ ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਸਾਡਾ ਵਿਭਾਗ ਨਿਰੰਤਰ ਵਿਸ਼ੇਸ਼ ਸਿਰਜਕਾਂ, ਆਲੋਚਕਾਂ ਅਤੇ ਚਿੰਤਕਾਂ ਨੂੰ ਆਪਣੇ ਵਿਦਿਆਥੀਆਂ ਦੇ ਰੂ-ਬ-ਰੂ ਕਰਵਾਉਣ ਲਈ ਪ੍ਰਤੀਬੱਧ ਹੈ। ਇਹ ਵਿਭਾਗ ਆਪਣੇ ਵਿਦਿਆਰਥੀਆਂ ਨੂੰ ਵਿਸ਼ੇਸ਼ ਐਕਸਪੋਜਰ ਦੇਣ ਲਈ ਹਰ ਵਕਤ ਯਤਨ ਕਰਦਾ ਰਹਿੰਦਾ ਹੈ। ਡਾ. ਸੈਫੀ ਦੇ ਸੰਘਰਸ਼, ਚਿੰਤਨ ਅਤੇ ਸਿਰਜਣਾ ਬਾਰੇ ਤਜਰਬੇ ਸੁਣ ਕੇ ਸਾਡੇ ਵਿੱਦਿਆਰਥੀ ਬੇਹੱਦ ਪ੍ਰਸੰਨ ਹੋਏ ਹਨ ਅਤੇ ਨਾਲ ਹੀ ਨਵੀਂ ਹਾਂ ਪੱਖੀ ਭਾਵਨਾ ਗ੍ਰਹਿਣ ਕਰਦੇ ਹੋਏ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਬੁਲੰਦ ਹੋਏ ਹਨ। ਇਸ ਮੌਕੇ ਪ੍ਰੋਫੈਸਰ ਡਾ. ਪਰਮਜੀਤ ਕੌਰ ਸਿੱਧੂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੇਰਾ ਰੁਝਾਨ ਗਲਪ ਵੱਲ ਹੀ ਰਿਹਾ ਹੈ, ਪੰਜਾਬੀ ਕਵਿਤਾ ’ਚ ਆਈ ਸਵੈ ਕੇਂਦਰਿਤ ਰੁਚੀ ਮੈਨੂੰ ਹਮੇਸਾ ਕਵਿਤਾ ਤੋਂ ਦੂਰ ਕਰਦੀ ਰਹੀ ਹੈ ਪਰ ਡਾ. ਸੈਫੀ ਦੀ ਕਵਿਤਾ ਵਿਚਲਾ ਚਿੰਤਨ ਅਤੇ ਸੱਚ ਸੁਣ ਕੇ ਮੇਰੀ ਅਜੋਕੀ ਪੰਜਾਬੀ ਕਵਿਤਾ ’ਚ ਤੀਬਰ ਰੁਚੀ ਜਾਗੀ ਹੈ। ਉਹਨਾਂ ਨੇ ਅਜਿਹੀ ਸਿਰਜਣਾ ਅਤੇ ਪੇਸਕਾਰੀ ਲਈ ਡਾ. ਸੈਫੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਹਰਮਨਜੋਤ ਨੇ ਸੈਫੀ ਦੇ ਲੋਕ ਰੰਗ ਵਾਲੇ ਗੀਤ ਗਾ ਕੇ ਭਰਪੂਰ ਵਾਹ ਵਾਹ ਖੱਟੀ। ਇਸ ਮੌਕੇ ਵਿਦਿਆਰਥੀਆਂ ਨੇ ਜੀਵਨ ਅਤੇ ਸਿੱਖਿਆ ਨਾਲ ਸੰਬੰਧ ਰੱਖਦੇ ਮਹੱਤਵ ਪੂਰਨ ਸੁਆਲ ਕਰਕੇ ਸੁਆਦਲਾ ਤੇ ਗਹਿਰਾ ਸੰਵਾਦ ਚਲਾਇਆ। ਮੰਚ ਸੰਚਾਲਨ ਦਾ ਕਾਰਜ ਕਰਦਿਆਂ ਵਿਭਾਗ ਦੇ ਪਰਾ ਅਧਿਆਪਕ ਗਜਲਗੋ ਡਾ. ਦਵਿੰਦਰ ਬਿਬੀਪੁਰੀਆ ਨੇ ਡਾ. ਸੈਫੀ ਦੇ ਕਾਵਿ, ਚਿੰਤਨ ਅਤੇ ਆਲੋਚਨਾ ਦੇ ਕਾਰਜ ਬਾਰੇ ਭਰਪੂਰ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਅਤੇ ਰਿਸਰਚ ਸਕਾਲਰਾਂ ਵਿਚਕਾਰ ਵਿਸ਼ੇਸ਼ ਸੂਤਰਧਾਰ ਦੀ ਭੂਮਿਕਾ ਨਿਭਾਈ। ਡਾ. ਗੁਰਪ੍ਰੀਤ ਸਿੰਘ ਸਾਹੂਵਾਲ ਨੇ ਇਸ ਪਾਏਦਾਰ ਪ੍ਰੋਗਰਾਮ ’ਚ ਵਿਸ਼ੇਸ਼ ਰੁਚੀ ਅਤੇ ਸਹਿਯੋਗ ਬਣਾਈ ਰੱਖਣ ਲਈ ਸਭ ਧੰਨਵਾਦ ਕੀਤਾ। ਇਸ ਮੌਕੇ ਵਿਭਾਗ ਦੇ ਸਮੂਹ ਪ੍ਰੋਫੈਸਰ ਸਾਹਿਬਾਨਾਂ ਵਲੋਂ ਡਾ. ਸੈਫੀ ਦਾ ਵਿਸੇਸ ਸਨਮਾਨ ਕੀਤਾ ਗਿਆ।
Leave a Comment
Your email address will not be published. Required fields are marked with *