ਚੋਣਾਂ ਦੇ ਮਾਹੌਲ ਵਿੱਚ ਉਹ ਘਰੋ-ਘਰੀ ਜਾ ਕੇ ਕਹਿੰਦਾ ਰਿਹਾ ਕਿ ਫਲਾਣੇ ਨੂੰ ਗਲਤੀ ਨਾਲ ਵੀ ਵੋਟ ਨਾ ਪਾਇਓ, ਬਹੁਤ ਪਛਤਾਓਗੇ। ਅੱਜ ਚੋਣ-ਨਤੀਜਾ ਆਇਆ ਅਤੇ ਫਲਾਣੇ ਦੇ ਹਿੱਸੇ ਹੀ ਗੱਦੀ ਦਾ ਐਲਾਨ ਸੁਣ ਕੇ ਉਹ ਦਿਨ-ਭਰ ਤੋਂ ਗਾਇਬ ਹੈ। ਸੋਚਿਆ ਕਿ ਉਹਦਾ ਹਾਲਚਾਲ ਪੁੱਛ ਆਵਾਂ। ਘਰੇ ਗਿਆ ਤਾਂ ਉਹਨੂੰ ਮੋਬਾਈਲ ਵਿੱਚ ਖੁੱਭੇ ਵੇਖਿਆ। “ਕੀ ਹੋਇਆ ਬਈ! ਇੰਨੀ ਬੇਚੈਨੀ ਨਾਲ ਕੀ ਲੱਭ ਰਿਹੈਂ ਮੋਬਾਈਲ ਵਿੱਚ?” “ਯਾਰ, ਕੀ ਦੱਸਾਂ! ਪਿਛਲੇ ਦਿਨੀਂ ਇੱਕ ਸਮਾਗਮ ਵਿੱਚ ਕਿਸੇ ਫ਼ੋਟੋਗ੍ਰਾਫ਼ਰ ਦੀ ਮਿਹਰਬਾਨੀ ਨਾਲ ਫਲਾਣੇ ਕੋਲ ਖੜ੍ਹੇ ਦੀ ਇੱਕ ਫ਼ੋਟੋ ਆਈ ਸੀ। ਬਸ ਉਹੀ ਲੱਭ ਰਿਹਾ ਹਾਂ। ਪਰ ਮਿਲ ਹੀ ਨਹੀਂ ਰਹੀ। ਸਾਰੀ ਗੈਲਰੀ ਦੋ ਵਾਰੀ ਫਰੋਲ ਦਿੱਤੀ ਹੈ…।” “ਪਰ ਤੈਨੂੰ ਉਹ ਫ਼ੋਟੋ ਕਿਉਂ ਚਾਹੀਦੀ ਹੈ…ਤੂੰ ਤਾਂ…!” “ਓ ਸਮਝਿਆ ਕਰ! ਬੜੀ ਜ਼ਰੂਰੀ ਹੈ। ਸੋਚ ਰਿਹਾ ਹਾਂ ਕਿਸੇ ਤਰ੍ਹਾਂ ਮਿਲ ਜਾਵੇ। ਬਸ ਫਿਰ ਉਹਨੂੰ ਫਰੇਮ ਕਰਵਾ ਕੇ ਬੈਠਕ ਵਿੱਚ ਲਾਉਂਦਾ ਹਾਂ। ਸਪੈਸ਼ਲ ਮਿਠਾਈ ਦਾ ਡੱਬਾ ਵੀ ਮੰਗਵਾਇਆ ਹੈ, ਖੁਆ ਆਉਂਦਾ ਹਾਂ।” “ਪਰ ਹੁਣੇ ਕੁਝ ਦਿਨ ਪਹਿਲਾਂ ਤਾਂ ਤੂੰ ਉਹਦੇ ਖਿਲਾਫ਼ ਪ੍ਰਚਾਰ…” “ਸ਼…ਸ਼…ਹੌਲੀ ਬੋਲ ਯਾਰ, ਮਰਵਾਏਂਗਾ ਮੈਨੂੰ? ਬਹੁਤ ਸਾਰੀਆਂ ਫ਼ਾਈਲਾਂ ਦੱਬੀਆਂ ਪਈਆਂ ਨੇ ਮੇਰੀਆਂ ਦੋ ਨੰਬਰ ਦੀਆਂ। ਕੀ ਪਤਾ ਕਦੋਂ ਨਿਗਾਹ ਪੈ ਜਾਏ ਮੇਰੇ ਤੇ ਅਤੇ ਕਿਸੇ ਫਾਈਲ ਦੇ ਬਹਾਨੇ ਝਟਕਾ ਦੇਵੇ…।”
* ਮੂਲ : ਡਾ.ਲਤਾ ਅਗਰਵਾਲ ‘ਤੁਲਜਾ’, ਭੋਪਾਲ (ਮੱਧਪ੍ਰਦੇਸ਼)
* ਅਨੁ : ਪ੍ਰੋ. ਨਵ ਸੰਗੀਤ ਸਿੰਘ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.
Leave a Comment
Your email address will not be published. Required fields are marked with *