
ਸਰੀ, 25 ਦਸੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਬ੍ਰਿਟਿਸ਼ ਕੋਲੰਬੀਆ ਦੀ ਐਨਡੀਪੀ ਸਰਕਾਰ ਹਰ ਪੱਖੋਂ ਫੇਲ੍ਹ ਸਾਬਤ ਹੋਈ ਹੈ। ਸਰਕਾਰ ਦੀ ਨਾਕਾਮੀ ਕਾਰਨ ਲੋਕਾਂ ਨੂੰ ਸਿਹਤ ਸੰਭਾਲ, ਸੁਰੱਖਿਆ, ਸਕੂਲੀ ਸਿੱਖਿਆ ਸੰਬੰਧੀ ਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਨਿਤ ਦਿਨ ਦੋ ਚਾਰ ਹੋਣਾ ਪੈ ਰਿਹਾ ਹੈ। ਇਹ ਵਿਚਾਰ ਯੂਨਾਈਟਡ ਬੀ ਸੀ ਦੇ ਆਗੂ ਅਤੇ ਬੀ.ਸੀ. ਅਸੈਂਬਲੀ ਵਿਚ ਵਿਰੋਧੀ ਧਿਰ ਦੇ ਆਗੂ ਕੇਵਿਨ ਫਾਲਕਨ ਨੇ ਬੀਤੇ ਦਿਨ ਸਰੀ ਦੇ ਪੱਤਰਕਾਰਾਂ ਨਾਲ ਇਕ ਵਿਸ਼ੇਸ਼ ਮਿਲਣੀ ਦੌਰਾਨ ਪ੍ਰਗਟ ਕੀਤੇ। ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਆਗੂ ਪੁਨੀਤ ਸੰਧਰ ਵੀ ਮੌਜੂਦ ਸਨ।
ਕੇਵਿਨ ਫਾਲਕਨ ਨੇ ਕਿਹਾ ਕਿ ਐਨ ਡੀ ਪੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸਿਹਤ ਸੰਭਾਲ ਖਤੇਰ ਵਿਚ ਸੂਬੇ ਦੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਨਡੀਪੀ ਸਰਕਾਰ ਨੇ ਸਰੀ ਵਿਚ ਪਿਛਲੇ 7 ਸਾਲਾਂ ਦੌਰਾਨ ਦੂਜਾ ਹਸਪਤਾਲ ਬਣਾਉਣ ਐਲਾਨ ਤਾਂ ਦੋ ਵਾਰੀ ਕੀਤਾ ਹੈ ਅਤੇ ਹਸਪਤਾਲ ਵਾਸਤੇ ਜਗ੍ਹਾ ਵੀ ਰਾਖਵੀਂ ਰੱਖੀ ਗਈ ਹੈ ਪਰ ਹਸਪਤਾਲ ਦੀ ਉਸਾਰੀ ਦਾ ਕਾਰਜ ਅਜੇ ਤੱਕ ਸ਼ੁਰੂ ਨਹੀਂ ਕੀਤਾ ਗਿਆ ਜਦੋਂ ਕਿ ਪਿਛਲੇ ਦੋ ਸਾਲਾਂ ਦੌਰਾਨ ਇਸ ਪ੍ਰੋਜੈਕਟ ਦੀ ਲਾਗਤ ਵਿਚ 1.22 ਬਿਲੀਅਨ ਡਾਲਰ ਦਾ ਵਾਧਾ ਹੋ ਚੁੱਕਿਆ ਹੈ। ਉਨ੍ਹਾਂ ਸਿੱਖਿਆ, ਮੁੱਢਲਾ ਢਾਂਚਾ, ਡਰੱਗ, ਲੋਕਾਂ ਦੀ ਸੁਰੱਖਿਆ, ਟਰਾਂਜਿਟ ਤੇ ਹਾਊਸਿੰਗ ਖੇਤਰ ਵਿਚ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਸਥਾਰ ਵਿਚ ਗੱਲਬਾਤ ਕਰਦਿਆਂ ਕਿਹਾ ਕਿ ਆਪਣੀ ਜ਼ਿੰਦਗੀ ਵਿਚ ਉਹ ਪਹਿਲੀ ਵਾਰ ਦੇਖ ਰਹੇ ਹਨ ਕਿ ਬੀ.ਸੀ. ਦੇ ਲੋਕ ਕਿਸ ਤਰ੍ਹਾਂ ਦੇ ਬਦਤਰ ਹਾਲਾਤ ਵਿਚ ਜੀਵਨ ਬਸਰ ਕਰਨ ਲਈ ਮਜਬੂਰ ਹਨ।
ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਵਿਚ ਉਨ੍ਹਾਂ ਕਿਹਾ ਕਿ ਬੀ.ਸੀ. ਯੂਨਾਈਟਿਡ ਦੀ ਸਰਕਾਰ ਆਉਣ ਤੇ ਇਨ੍ਹਾਂ ਸਾਰੇ ਮਸਲਿਆਂ ਲਈ ਸੁਚੱਜੀ ਪਲਾਨਿੰਗ ਕੀਤੀ ਜਾਵੇਗੀ ਅਤੇ ਅਮਲੀ ਰੂਪ ਵਿਚ ਕਾਰਜ ਕੀਤੇ ਜਾਣਗੇ।