ਜੇਤੂ ਵਿਦਿਆਰਥੀ ਕੀਤੇ ਗਏ ਸਨਮਾਨਿਤ
ਫਰੀਦਕੋਟ, 21 ਜਨਵਰੀ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਹਦਾਇਤਾਂ ਅਨੁਸਾਰ ਐਨ ਐਸ ਕਿਉ ਐਫ ਵੋਕੇਸ਼ਨਲ ਸਿੱਖਿਆ ਅਧੀਨ ਆਉਂਦੇ ਜਿਲਾ ਫਰੀਦਕੋਟ ਦੇ 36 ਸੀਨੀਅਰ ਸਕੰਡਰੀ ਸਕੂਲਾਂ ਵਿੱਚੋਂ ਚੁਣੇ ਗਏ 20 ਵਿਦਿਆਰਥੀਆਂ ਦਾ ਸਲਾਨਾ ਹੁਨਰ ਮੁਕਾਬਲਾ ਅੱਜ ਸਥਾਨਕ ਡਾਕਟਰ ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਆਫ ਐਮੀਨੈੱਸ ਵਿਖੇ ਜਿਲਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ ਫਰੀਦਕੋਟ ਮੇਵਾ ਸਿੰਘ ਸਿੱਧੂ ਦੀ ਅਗਵਾਈ ਹੇਠ ਪ੍ਰਿੰਸੀਪਲ ਕੁਲਵਿੰਦਰ ਕੌਰ ਖਾਰਾ ਅਤੇ ਪ੍ਰਿੰਸੀਪਲ ਮਨਿੰਦਰ ਕੌਰ ਦੀ ਦੇਖ ਰੇਖ ਹੇਠ ਕਰਵਾਇਆ ਗਿਆ l ਇਸ ਮੁਕਾਬਲੇ ਨੂੰ ਸਫਲ ਬਣਾਉਣ ਲਈ ਬਣਾਈ ਗਈ ਸਮੁੱਚੀ ਕਮੇਟੀ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ l ਜਿਲ੍ਹਾ ਐਨ ਐਸ ਕਿਊ ਐਫ ਕੋਆਰਡੀਨੇਟਰ ਗੁਰਜੰਟ ਸਿੰਘ ਖੁਰਮੀ ਨੇ ਦੱਸਿਆ ਕਿ ਰਾਸ਼ਟਰੀ ਹੁਨਰ ਯੋਗਤਾ ਫਰੇਮ ਵਰਕ ਐਨ ਐਸ ਕਿਊ ਐਫ ਤਹਿਤ ਜਿਲਾ ਫਰੀਦਕੋਟ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸਿਹਤ ਅਤੇ ਸੁੰਦਰਤਾ, ਨਿੱਜੀ ਸੁਰੱਖਿਆ, ਉਸਾਰੀ, ਆਈ ਟੀ, ਖੇਤੀਬਾੜੀ, ਸਿਲਾਈ ਕਢਾਈ, ਪਲੰਬਰ, ਸਿਹਤ ਸੰਭਾਲ, ਫੂਡ ਪ੍ਰੋਸੈਸਿੰਗ ਆਦਿ ਵਿਸ਼ਿਆਂ ਨਾਲ ਸੰਬੰਧਿਤ ਪ੍ਰੋਜੈਕਟ ਤਿਆਰ ਕੀਤੇ ਗਏ l ਜਿਲਾ ਐਨ ਐਸ ਕਿਊ ਐਫ ਕੋਆਰਡੀਨੇਟਰ ਗੁਰਜੰਟ ਸਿੰਘ ਖੁਰਮੀ ਨੇ ਮੁੱਖ ਮਹਿਮਾਨ ਅਤੇ ਆਏ ਪਤਵੰਤੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਜੀ ਆਇਆ ਕਿਹਾ l ਇਸ ਸਮੇਂ ਪ੍ਰਿੰਸੀਪਲ ਕੁਲਵਿੰਦਰ ਕੌਰ ਖਾਰਾ, ਪ੍ਰਿੰਸੀਪਲ ਮਨਿੰਦਰ ਕੌਰ ਕੋਟਕਪੂਰਾ, ਲੈਕਚਰਾਰ ਬਲਜੀਤ ਸਿੰਘ, ਵੋਕੇਸ਼ਨਲ ਮਾਸਟਰ ਗੁਰਪ੍ਰੀਤ ਸਿੰਘ ਮੌਜੂਦ ਸਨ l ਸਾਰੇ ਹੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਇਹ ਮਾਡਲ ਤਿਆਰ ਕੀਤੇ ਗਏ l ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਅਰਾਈਆਂ ਵਾਲਾ ਕਲਾਂ, ਦੂਜਾ ਸਥਾਨ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਰਾਮੇਆਣਾ ਅਤੇ ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ (ਲੜਕੀਆਂ) ਬਾਜਾਖਾਨਾ ਨੇ ਪ੍ਰਾਪਤ ਕੀਤਾ l ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 4000 ਰੁਪਏ, ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 3000 ਰੁਪਏ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 2000 ਰੁਪਏ ਦੀ ਰਾਸ਼ੀ ਸਬੰਧਤ ਵਿਦਿਆਰਥੀਆਂ ਦੇ ਬੈਂਕ ਖਾਤਿਆਂ ਵਿੱਚ ਜਲਦੀ ਹੀ ਜਮਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਅਤੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਯਾਦਗਾਰੀ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ l