ਕੋਟਕਪੂਰਾ, 20 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ ਵੱਲੋਂ ਵਿਦਿਆਰਥੀਆਂ ਨੂੰ ਵਡਮੁੱਲੇ ਸਿੱਖ ਵਿਰਸੇ ਨਾਲ ਜੋੜਨ ਅਤੇ ਉਹਨਾਂ ਦੀ ਸੋਚ ਵਿੱਚ ਨੈਤਿਕ ਕਦਰਾਂ ਕੀਮਤਾਂ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਪੰਜਾਬ ਭਰ ਚ ਲਈ ਗਈ ਨੈਤਿਕ ਸਿੱਖਿਆ ਦੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ। ਇਸ ਪ੍ਰੀਖਿਆ ਚ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਵਿਭਾਗਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸੰਤ ਮੋਹਨਦਾਸ ਯਾਦਗਾਰੀ ਵਿਦਿਅਕ ਸੰਸਥਾਵਾਂ ਦੇ ਸਰਪ੍ਰਸਤ ਮੁਕੰਦ ਲਾਲ ਥਾਪਰ ਨੇ ਇਸ ਨਤੀਜੇ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਐਸ ਐਮ ਡੀ ਗਰੂਪ ਆਫ ਇੰਸਟੀਚਿਊਟਸ ਦੀ ਰਹਿਨੁਮਾਹੀ ਹੇਠ ਚੱਲ ਰਹੇ ਐਸ ਐਮ ਡੀ ਵਰਲਡ ਸਕੂਲ ਕੋਟ ਸੁਖੀਆ ਦੇ ਵਿਦਿਆਰਥੀਆਂ ਨੇ ਚੰਗੀ ਕਾਰਗੁਜ਼ਾਰੀ ਦਿਖਾਉਂਦੇ ਹੋਏ ਵੱਡੀ ਸੰਖਿਆ ਵਿੱਚ ਮੈਰਿਟ ਪੁਜੀਸ਼ਨਾਂ ਹਾਸਲ ਕੀਤੀਆਂ। ਜਿਸ ਵਿੱਚ ਅੱਠਵੀਂ ਜਮਾਤ ਦੀ ਵਿਦਿਆਰਥਣ ਗੁਰਪੁਨੀਤ ਕੌਰ ਸਪੁੱਤਰੀ ਅਵਤਾਰ ਸਿੰਘ ਪਿੰਡ ਲੰਡੇ, ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਸੁਖਮਨ ਕੌਰ ਸਪੁੱਤਰੀ ਵਰਿੰਦਰ ਸਿੰਘ ਪਿੰਡ ਸਮਾਲਸਰ ਅਤੇ ਖੁਸ਼ਕੀਰਤ ਕੌਰ ਸਪੁੱਤਰੀ ਚਰਨਜੀਤ ਸਿੰਘ ਪਿੰਡ ਲੰਡੇ ਨੇ ਸੀਨੀਅਰ ਗਰੁੱਪ ਦੀ ਮੈਰਿਟ ਵਿੱਚ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਕੇ ਮਾਣ ਪ੍ਰਾਪਤ ਕੀਤਾ। ਇਹਨਾਂ ਤੋਂ ਇਲਾਵਾ ਜੂਨੀਅਰ ਗਰੁੱਪ ਦੀ ਮੈਰਿਟ ਵਿੱਚ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਅਰਮਾਨ ਸਿੰਘ ਸਪੁੱਤਰ ਰਣਜੀਤ ਸਿੰਘ ਪਿੰਡ ਬੱਗੇਆਣਾ ਨੇ ਪਹਿਲਾ ਸਥਾਨ, ਜਸਦੀਪ ਸਿੰਘ ਸਪੁੱਤਰ ਨਰਿੰਦਰਪਾਲ ਸਿੰਘ ਪਿੰਡ ਢਿੱਲਵਾਂ ਕਲਾਂ ਨੇ ਦੂਜਾ ਸਥਾਨ ਅਤੇ ਨਵਦੀਪ ਸਿੰਘ ਸਪੁੱਤਰ ਸਤਪਾਲ ਸਿੰਘ ਪਿੰਡ ਬੱਗੇਆਣਾ ਨੇ ਤੀਜਾ ਸਥਾਨ ਹਾਸਿਲ ਕਰ ਕੇ ਸੰਸਥਾ, ਆਪਣੇ ਅਧਿਆਪਕਾਂ ਅਤੇ ਮਾਤਾ ਪਿਤਾ ਦਾ ਨਾਂ ਇਲਾਕੇ ਵਿੱਚ ਰੌਸ਼ਨ ਕੀਤਾ। ਇਸ ਤੋਂ ਇਲਾਵਾ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਭਾਗ ਲੈਣ ਵਾਲੇ ਬਹੁਤ ਸਾਰੇ ਵਿਦਿਆਰਥੀਆਂ ਨੇ ਵਿਸ਼ੇਸ਼ ਸਥਾਨ ਪ੍ਰਾਪਤ ਕੀਤੇ। ਇਸ ਸ਼ੁਭ ਮੌਕੇ ਤੇ ਵਿਸ਼ੇਸ਼ ਤੌਰ ਤੇ ਕਰਵਾਏ ਗਏ ਇਨਾਮ ਵੰਡ ਸਮਾਰੋਹ ਵਿੱਚ ਸੰਸਥਾ ਦੇ ਪ੍ਰਿੰਸੀਪਲ ਐਚ.ਐਸ.ਸਾਹਨੀ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਸਮੇਂ ਸੰਸਥਾ ਦੇ ਡਿਪਟੀ ਡਾਇਰੈਕਟਰ ਸ੍ਰੀ ਸੰਦੀਪ ਥਾਪਰ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ ਦੀ ਪੂਰੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਦੀ ਸਰਪੱਖੀ ਸ਼ਖਸੀਅਤ ਉਸਾਰੀ, ਨੈਤਿਕ ਕਦਰਾਂ ਕੀਮਤਾਂ ਦਾ ਸੰਚਾਰ ਕਰਨ ਅਤੇ ਇੱਕ ਉਸਾਰੂ ਸਮਾਜ ਸਿਰਜਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ, ਬੱਚਿਆਂ ਨੂੰ ਆਪਣੇ ਅਮੀਰ ਸਿੱਖ ਵਿਰਸੇ ਨਾਲ ਜੋੜਨ ਅਤੇ ਉਹਨਾਂ ਦੀ ਸ਼ਖਸੀਅਤ ਵਿੱਚ ਨਿਖਾਰ ਲਿਆਉਣ ਲਈ ਇਸ ਜਥੇਬੰਦੀ ਵੱਲੋਂ ਕੀਤੇ ਜਾ ਰਹੇ ਕਾਰਜ ਕਾਬਿਲ-ਏ-ਤਾਰੀਫ ਹਨ। ਇਸ ਮੌਕੇ ਸਕੂਲ ਦੇ ਕੋ-ਆਰਡੀਨੇਟਰ ਮੈਡਮ ਅਮਨਪ੍ਰੀਤ ਕੌਰ, ਮੈਡਮ ਰੇਣੁਕਾ ਅਤੇ ਸਮੂਹ ਅਧਿਆਪਕ ਸਾਹਿਬਾਨਾਂ ਵੱਲੋਂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਇਸ ਸਫ਼ਲਤਾ ਤੇ ਵਧਾਈ ਦਿੱਤੀ ਗਈ।
Leave a Comment
Your email address will not be published. Required fields are marked with *