ਜਦ ਮੈਂ ਸਕੂਲੋਂ ਆਉਣਾ ਤਾਂ ਬੱਸ ਇਕੋ ਬੋਲ ਜੁਬਾਨ ਤੇ ਹੁੰਦਾ “ਬੀਬੀ ਕਿੱਥੇ ਐ?” ਨਿੰਮੋਝੂਣਾ ਹੋ ਕੇ ਬਹਿ ਜਾਣਾ ਕਿਉਂਕਿ ਓਹ ਘਰੇ ਨਾ ਹੁੰਦੀ । ਤਕਰੀਬਨ 5 ਤੋਂ 6 ਘੰਟੇ ਮਸਾਂ ਲੰਘਉਣੇ ਤੇ ਜਾ ਕੇ ਜਦ 6:15 ਤੇ ਬੱਸ ਦਾ ਹਾਰਨ ਸੁਣਨਾ ਤਾਂ ਗੇਟ ਖੁੱਲਦੇ ਨੂੰ ਦੇਰ ਨਾ ਲੱਗਦੀ। ਢਿੱਡ ਤੱਕ ਦਾ ਜੋਰ ਲਾਉਂਦਾ ਬੀਬੀ-ਬੀਬੀ ਚੀਕਦਾ ਮੈ ਓਹਦੇ ਝੋਲੇ ਨੂੰ ਤੇ ਕਦੇ ਓਹਦੀਆਂ ਲੱਤਾਂ ਨੂੰ ਚਿੰਬੜਦਾ। ਓਹਨੇ ਮੈਨੂੰ ਚੱਕ ਕੇ ਕੁੱਛੜ ਚ ਲੈ ਲੈਣਾ ਤੇ ਮੱਥਾ ਚੁੰਮਣਾ। ਮੇਰੇ ਲਈ ਓਹ ਚੁੰਮਿਆ ਮੱਥਾ ਮੇਰੀ ਮਾਂ ਨਾਲੋਂ ਵੀ ਕਿਤੇ ਜਿਆਦਾ ਸੀ। ਗੇਟ ਵੜਦੇ ਓਹਨੇ ਮੈਨੂੰ ਥੱਲੇ ਤਾਰਨਾ ਪਰ ਮੈਂ ਕਿੱਥੇ ਮੰਨਣ ਵਾਲੀ ਸ਼ੈਅ ਸੀ। ਛੋਟਾ ਸੀ ਤੇ ਸਭ ਦਾ ਲਾਡਲਾ ਵੀ। ਓਹਨੇ ਆ ਕੇ ਜਦ ਬੈਠਕ ਚ ਪੇਟੀ ਤੇ ਝੋਲਾ ਤੇ ਲਫਾਫਾ ਰੱਖਣਾ ਮੈਂ ਲੂਹਰੀਆਂ ਲੈਂਦਾ ਪੇਟੀ ਦਵਾਲੇ ਹੋ ਜਾਂਦਾ। ਓਹਨੇ ਜਾਣ ਕੇ ਕਹਿਣਾ “ਅੱਜ ਨੀ ਹੈਗਾ ਕੁਸ਼ ਵੀ” ਮੈਂ ਨਿਆਣੀ ਮੱਤ ਅਨੁਸਾਰ ਰੋਣਾ। ਚੁਪਕੇ ਜੇ ਓਹਨੇ ਮੈਨੂੰ ਝੋਲੇ ਚੋ “ਮੈਂਗੋ ਬਾਈਟ” ਟੌਫੀਆਂ ਦੇ ਦੇਣੀਆਂ ਤੇ ਯਾਰ ਓਥੇ ਈ ਚੁੱਪ। ਓਹਦੇ ਸੂਟ ਦਾ ਪੱਲਾ ਸੌਣ ਤੱਕ ਨਹੀਂ ਸੀ ਛਡਦਾ ਮੈ। ਓਹ ਵੀ ਕਸਰ ਨਹੀਂ ਛਡਦੀ ਕੋਈ। ਕਹਿੰਦੇ ਤਾਂ ਹੈ ਨੇ ਕਿ ਮੂਲ ਨਾਲੋਂ ਵੱਧ ਵਿਆਜ ਪਿਆਰਾ ਹੁੰਦਾ। ਏਹ ਨੀ ਘਰ ਚ ਕੱਲਾ ਨਯਾਣਾ ਸੀ ਮੈਂ ਤਾਏ ਦਾ ਮੁੰਡਾ ਵੀ ਸੀ ਪਰ ਜੋ ਨਿੱਘ ਓਹਦੀ ਬੁੱਕਲ ਦਾ ਮੈਂ ਮਾਣਿਆ ਓਹ ਮੈਂ ਹੀ ਜਾਣਦਾ। ਕਿਸੇ ਨੂੰ ਕੀ ਪਤਾ ਕਿ ਕਿਵੇਂ ਕੁੱਜੇ ਨੂੰ ਸਮੁੰਦਰ ਚ ਬੰਦ ਕੀਤਾ ਜਾਂਦੈ। ਦਾਦਾ ਤਾਂ ਖ਼ੈਰ ਮੇਰੇ ਬਾਪੂ ਨੇ ਵੀ ਨੀ ਦੇਖਿਆ ਪਰ ਸੁਣਿਆ ਬੁਹਤ ਆ ਕਹਿੰਦੇ ਕੌੜ ਬੁਹਤ ਸੀ। ਸੁੱਖ ਨਾਲ ਫ਼ੌਜ ਚ ਚੰਗੇ ਰੈਂਕ ਤੇ ਸੀ। ਬਾਪੂ ਦੇ ਹਾਣੀ ਦਸਦੇ ਆ ਕੇ ਜੇਹੜੀ ਗਲੀ ਚੋਂ ਓਹ ਛੁੱਟੀ ਆਇਆ ਲੰਘਦਾ ਸੀ ਓਥੇ ਜਵਾਕ ਚਿੱਤੜ ਮਟਕਾਉਣਾ ਤਾਂ ਦੂਰ ਕੁਸਕਦੇ ਵੀ ਨੀ ਸੀ ਨਾਲੇ ਕਹਿੰਦਾ ਵੀ ਨੀ ਸੀ ਕੁਸ਼। ਬੱਸ ਘੂਰ ਹੀ ਬੌਹਤ ਸੀ ਚੋਬਰ ਦੀ ਉੱਤੋਂ ਕੁੰਡੀਆਂ ਮੁੱਛਾਂ। ਰਟਾਇਰ ਹੋ ਕੇ ਓਹੋ ਬੈਂਕ ਚ ਗਾਰਡ ਲੱਗ ਗਿਆ ਸੀ ਸਰਕਾਰੀ। ਤੇ ਇੱਕ ਦਿਨ ਭਾਣਾ ਵਾਪਰ ਗਿਆ ਜਦ ਬੈਂਕ ਲੁੱਟਣ ਚੋਰ ਪੈ ਗਏ ਤੇ ਦਾਦੇ ਨੇ ਆਵਦੀ ਦਨਾਲੀ ਨਾਲ ਆਏ ਮਸ਼ਟੰਡੇ ਏਦਾ ਗੇਰ ਤੇ ਜਿਮੇ ਬਿਨਾ ਪਾਥੀਆਂ ਤੋਂ ਗਹਾਰਾ ਗਿਰਦੈ। ਬੇਸ਼ਕ ਓਹ ਖੁਦ ਇਹ ਲੜਾਈ ਚ ਮਰਗਿਆ ਪਰ ਅਪਣੀ ਬਰਦੀ ਨੂੰ ਓਹਨੇ ਦਾਗ਼ ਨੀ ਲੱਗਣ ਦਿੱਤਾ ਓਦੋਂ ਮੇਰੇ ਬਾਪੂ ਨੂੰ ਤਾਂ ਸੁਰਤ ਵੀ ਨੀ ਸੀ। ਤਿੰਨ ਭਾਈ ਨੇ ਮੇਰੇ ਬਾਪੂ ਹੁਰੀਂ ਤੇ ਮੇਰਾ ਬਾਪ ਸਭ ਤੋਂ ਛੋਟਾ। ਤਾਏ ਨੂੰ ਸੁਰਤ ਹੈ ਸੀ ਓਦੋਂ। ਸਸਕਾਰ ਕਰਨ ਨੂੰ ਦੇਹ ਲਿਆਂਦੀ ਤੇ ਪੂਰੇ ਫ਼ੌਜੀ ਤੇ ਸਮਾਜਕ ਰਸਮਾਂ ਨਾਲ ਕੀਤਾ ਗਿਆ। ਹੁਣ ਸਭ ਕੁੱਝ “ਖਰੋੜਾਂ” ਦੀ ਧੀ ਦੇ ਮੋਢਿਆਂ ਤੇ ਸੀ। ਉਮਰ ਕੋਈ ਜਿਆਦਾ ਨੀ ਸੀ ਤੇ ਘਰ ਚ ਛੜਾ ਜੇਠ ਸੀ ਓਹਦੇ ਬਠਾਉਣ ਦੀ ਗੱਲ਼ ਚੱਲੀ ਤਾਂ ਦਾਦੀ ਦੁਰਗਾ ਦਾ ਰੂਪ ਬਣ ਗਈ ਤੇ ਕੋਰੀ ਨਾਂਹ ਕਰ ਦਿੱਤੀ ਨਾਲ਼ੇ ਠੋਕ ਕੇ ਸਾਰੇ ਰਿਸ਼ਤੇਦਾਰਾਂ ਨੂੰ ਕਹਿਤਾ “ਮੈਂ ਆਵਦੇ ਨਿਆਣੇ ਆਪ ਪਾਲ ਸਕਦੀ ਆ” ਜਿੱਥੋਂ ਓਹਨੇ ਓਹਦੀ ਲਿਆਕਤ, ਸਮਝ ਤੇ ਮੜਕ ਦਾ ਸਬੂਤ ਦਿੱਤਾ। ਹੁਣ ਸਮਾਂ ਲੰਘਦਾ ਗਿਆ ਤੇ ਪੁੱਤ ਜਵਾਨ ਹੁੰਦੇ ਜਾ ਰਹੇ ਨੇ। ਓਹਨੂੰ ਦਾਦੇ ਆਲੀ ਸਰਕਾਰੀ ਨੌਕਰੀ ਬੈਂਕ ਚ ਮਿਲ ਗਈ ਸੀ । ਘਰਦਾ ਗੋਹਾ-ਕੂੜਾ ਕਰਕੇ ਓਹ ਆਪਣੀ ਨੌਕਰੀ ਨੂੰ ਜਾਂਦੀ। ਅਸਲ ਚ ਉਹ ਇਕ ਮਟਰ ਦੀ ਫਲੀ ਵਾਂਗ ਸੀ ਜੀਹਨੇ ਸਾਰੇ ਮਟਰਾਂ ਨੂੰ ਆਪਣੇ ਅੰਦਰ ਜਕੜਿਆ ਹੋਇਆ ਸੀ। ਸਾਰਾ ਕੰਮ ਕਰਨਾ ਆਕੇ ਥੱਕੀ-ਹਾਰੀ ਨੇ ਰੋਟੀ-ਟੁੱਕ ਕਰਨਾ। ਕੰਮ ਤੇ ਜਾਣਾ ਵੀ ਓਹਦੇ ਲਈ ਬਹੁਤ ਵੱਡੀ ਗੱਲ ਸੀ। ਲੋਕਾਂ ਦੀ ਜ਼ਬਾਨ ਦਾ ਭੇੜ ਵੀ ਓਹਨੇ ਬਹੁਤ ਦੇਖਿਆ। ਸਮਾਂ ਆਗਿਆ ਹੁਣ ਬਾਪੂ ਹੁਰਾਂ ਦੇ ਵਿਆਹ ਦਾ, ਓਹਨੇ ਸੁੱਖ ਸ਼ਾਂਤੀ ਨਾਲ ਦੋ ਭਾਈਆਂ ਦੇ ਵਿਆਹ ਭੁਗਤਾਏ। ਸੁੱਖ ਨਾਲ ਸੱਸ ਦਾ ਅਹੁਦਾ ਵੀ ਮਾਂ ਹੋਣ ਦੇ ਨਾਲ ਮਾਣ ਲਿਆ। ਤਾਇਆ ਰਹਿ ਗਿਆ ਸੀ ਵਿਆਹ ਖੁਣੋਂ ਓਹਦਾ ਥੋੜਾ ਸਮਾਂ ਪਾ ਕੇ ਹੋ ਗਿਆ ਸੀ ਵਿਆਹ। ਓਹਨੇ ਜਿੰਦਗੀ ਚ ਆੜ੍ਹਤੀਆ ਹੋਣ ਦੀ ਭੂਮਕਾ ਵੀ ਨਿਭਾਈ, ਸਾਨੂੰ ਉਹਦੇ ਦੁਨੀਆ ਤੋਂ ਜਾਣ ਤੱਕ ਦੇ ਹਿਸਾਬ ਹੀ ਨੀ ਸਮਝ ਆਏ। ਸਾਰਾ ਘਰਦਾ ਲੈਣ ਦੇਣ ਓਹ ਆਪੇ ਕਰਦੀ। ਹੁਣ ਆਪਣੀ ਕਾਰ ਕਮਾਈ ਚੋਂ ਓਹਨੇ ਪੁਰਾਣੇ ਘਰਦੇ ਮੂਹਰੇ ਹੀ ਇਕ ਜਗ੍ਹਾ ਖਰੀਦੀ ਤੇ ਮਕਾਨ ਖੜ੍ਹਾ ਕਰਿਆ ਅਸਲ ਚ ਏਹ ਮਕਾਨ ਓਹਦੇ ਮਿੱਝ(ਖੂਨ) ਦੀ ਚਿਣਾਈ ਨਾਲ ਬਣਿਆ ਮਕਾਨ ਸੀ। ਮੇਰਾ ਜਨਮ ਏਸੇ ਮਕਾਨ ਚ ਹੋਇਆ। ਗੋਦੀ ਚੱਕੀ ਰੱਖਦੀ ਮੈਨੂੰ ਪੌੜੀਆਂ ਤੇ ਬਠਾ ਕੇ ਮੈਨੂੰ ਲੋਕ ਦਖੌਣੇ ਤੇ ਪਛਾਣ ਕਰਾਉਣੀ ਓਹ ਫਲਾਣਾ ਬੰਦਾ ਤੇ ਓਹ ਫਲਾਣਾ! 19 ਸਾਲ ਓਹਨੇ ਸਾਡੇ ਘਰ ਨੂੰ ਉਨ ਦੇ ਗੋਲੇ ਵਾਂਗ ਗੰਢੀ ਰਖਿਆ। ਫੇਰ ਉਹਨੇ ਅਲਗ ਤੋਂ ਤਿੰਨਾਂ ਭਾਈਆਂ ਨੂੰ ਮਕਾਨ ਛੱਤ ਕੇ ਦਿੱਤੇ ਤੇ ਕਿਰਤ ਕਰਨ ਨੂੰ ਪ੍ਰੇਰਿਆ। ਮੈਨੂੰ ਯਾਦ ਐ, 6 ਤੋਂ 7 ਸਾਲ ਦਾ ਸੀ ਮੈ ਓਹਨੇ ਰਾਤ ਨੂੰ ਪੈਣ ਤੋਂ ਪਹਿਲਾਂ ਕੋਠੇ ਆਲੀ ਬੈਠਕ ਚ ਬਾਰ ਮੂਹਰੇ ਖੜ੍ਹਕੇ ਕਹਿਣਾ “ਆਮਾ ਕ ਨਾ” ਮੈਂ ਕਹਿਣਾ “ਆਜਾ” ਘੁੱਟ ਕੇ ਮੈਨੂੰ ਜੱਫੀ ਪਾਉਣੀ ਤੇ ਫੇਰ ਆਪ ਸੌਣ ਥੱਲੇ ਆ ਜਾਂਦੀ। ਸਵੇਰ ਨੂੰ ਓਹਨੇ 4 ਵਜਦੇ ਨੂੰ ਉੱਠ ਖੜ੍ਹਨਾ ਤੇ ਮਾਂ ਦੇ ਥੱਲੇ ਔਂਦੇ ਨੂੰ ਆਵਦੇ ਸਰਾਹਣੇ “ਪਾਰਲੇ ਜੀ” ਬਿਸਕੁਟ ਰੱਖ ਦੇਣੇ ਤੇ ਕਹਿਣਾ ਭਾਈ ਆਹ ਮੁੰਡੇ ਨੂੰ ਖਵਾ ਦੀ। ਆਹਾ ਵਰਤਾਰਾ ਓਹਦਾ ਸਾਰਾ ਉਮਰ ਭਰ ਚੱਲਿਆ ਮੈਂ ਚਾਹੇ ਘਰ ਹੋਵਾ ਨਾ ਹੋਵਾਂ ਮੇਰੇ ਕੋਲ ਬਿਸਕੁਟ ਪੋਹੰਚਦੇ ਰਹੇ। ਅੱਡ ਹੋਇਆਂ ਨੂੰ 3 ਸਾਲ ਹੋ ਗਏ ਸੀ ਤੇ ਓਹ ਮੋਹ ਨੀ ਤੋੜਨਾ ਚੋਹੰਦੀ ਸੀ ਤੇ ਸਬਜੀ ਭਾਜੀ ਮੈਥੋਂ ਮੰਗਵਾ ਲਿਆ ਕਰਦੀ ਤਾਈ ਦੇ ਹੱਥ ਦੀ ਚੀਜ ਘੱਟ ਪਸੰਦ ਕਰਦੀ ਸੀ। ਹੁਣ ਦੁਨੀਆ ਤੋਂ ਰੁਕਸਤ ਹੋਈ ਨੂੰ ਓਹਨੂੰ 3 ਸਾਲ਼ ਹੋ ਗਏ ਪਰ ਮੈਨੂੰ ਮਹਿਸੂਸ ਨੀ ਹੁੰਦਾ। ਓਹਦਾ ਮੋਹ ਮੇਰੇ ਨਾਲ ਏਨਾ ਸੀ ਕਿ ਸੰਸਾਰ ਤੋਂ ਜਾਂਦੀ ਦਾ ਦ੍ਰਿਸ਼ ਵੀ ਮੈਂ ਕੱਲੇ ਨੇ ਦੇਖਿਆ ਸੀ ਓਥੇ ਘਰਦਾ ਕੋਈ ਮੈਂਬਰ ਮੌਜੂਦ ਨੀ ਸੀ। ਅੱਜ ਵੀ ਜਦੋਂ ਮੈਂ ਪੁਰਾਣੇ ਘਰਦੇ ਮੂਹਰ ਦੀ ਲੰਘਦਾਂ ਤਾਂ ਕੰਨਾਂ ਚ ਬੋਲ ਗੂੰਜ ਦੇ ਨੇ:
” ਵੇ ਹਰਮਨ! ਕਿੱਥੇ ਜਾ ਰਿਹਾਂ ਚੁੱਪ ਚਪੀਤੇ ?..ਜਾਂਦਾ ਹੋਇਆ ਗੇੜਾ ਮਾਰਕੇ ਜਾਈ, ਗੋਲਾ ਬਣਿਆ ਹੋਇਆ ਗੱਲਾਂ ਦਾ ਤੇ ਅਪਣਾ ਸਮਾਨ ਲੈਜੀਂ ਪੇਟੀ ਤੋਂ”
ਜੋਤ ਭੰਗੂ (ਬੋਹੜਪੁਰ)
7696425957