ਕੋਟਕਪੂਰਾ, 23 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਨਸ਼ਾ ਤਸਕਰਾਂ ਨੂੰ ਵਰਜਨ ਅਤੇ ਨਸ਼ਾ ਵੇਚ ਕੇ ਜਾਇਦਾਦ ਬਣਾਉਣ ਵਾਲਿਆਂ ਦੀਆਂ ਜਾਇਦਾਦਾਂ ਕੁਰਕ ਕਰਨ ਦੀਆਂ ਹਦਾਇਤਾਂ ਮੁਤਾਬਿਕ ਸਥਾਨਕ ਸਦਰ ਥਾਣੇ ਦੀ ਪੁਲਿਸ ਨੇ ਸਿੱਖਾਂਵਾਲਾ ਰੋਡ ਦੇ ਇਕ ਕਥਿੱਤ ਨਸ਼ਾ ਤਸਕਰ ਦੀ ਜਾਇਦਾਦ ਸੀਜ ਕਰਨ ਲਈ ਉਸਦੇ ਘਰ ਦੇ ਬਾਹਰ ਪੋਸਟਰ ਲਾ ਦਿੱਤੇ। ਪੋਸਟਰ ਚਿਪਕਾਉਣ ਦੀ ਇਹ ਕਾਰਵਾਈ ਇੰਸਪੈਕਟਰ ਕਸ਼ਮੀਰ ਸਿੰਘ ਐੱਸ.ਐੱਸ.ਓ. ਥਾਣਾ ਸਦਰ ਕੋਟਕਪੂਰਾ ਦੀ ਅਗਵਾਈ ਹੇਠ ਕੀਤੀ ਗਈ। ਇਸ ਸਬੰਧੀ ਇੰਸ. ਕਸ਼ਮੀਰ ਸਿੰਘ ਨੇ ਦੱਸਿਆ ਕਿ ਮਨਜੀਤ ਸਿੰਘ ਅਤੇ ਉਸਦੀ ਪਤਨੀ ਸੀਮਾ ਰਾਣੀ ਖਿਲਾਫ ਹੈਰੋਇਨ ਦੇ ਕੁੱਲ ਪੰਜ ਮੁਕੱਦਮਿਆਂ ’ਚੋਂ ਤਿੰਨ ਮਨਜੀਤ ਸਿੰਘ ਮੰਗਾ ਜਦਕਿ ਦੋ ਸੀਮਾ ਰਾਣੀ ਖਿਲਾਫ ਦਰਜ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਕਰਦਿਆਂ ਇਹਨ੍ਹਾਂ ਨੇ ਨਸ਼ਾ ਵੇਚ ਕੇ ਜੋ ਜਾਇਦਾਦ ਬਣਾਈ ਹੈ, ਉਸ ਜਾਇਦਾਦ ਨੂੰ ‘ਸੀਜ’ ਕਰਨ ਲਈ ਉਨ੍ਹਾਂ ਦੇ ਘਰ ਦੇ ਬਾਹਰ ਪੋਸਟਰ ਚਿਪਕਾਏ ਗਏ ਹਨ। ਉਨ੍ਹਾਂ ਦੱਸਿਆ ਕਿ ਘਰ ’ਚ ਮੌਜੂਦ ਇੱਕ ਮੈਂਬਰ ਨੂੰ ਇਸਦੀ ਕਾਪੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਕਤ ਦੋਨੋਂ ਪਤੀ-ਪਤਨੀ ਜੇਲ ’ਚ ਹਨ, ਜਿਸ ਨੂੰ ਧਿਆਨ ’ਚ ਰੱਖਦੇ ਹੋਏ ਦੋਵਾਂ ਨੂੰ ਇੱਕ-ਇੱਕ ਕਾਪੀ ਜੇਲ ’ਚ ਵੀ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਉਹਨਾਂ ਨਾਲ ਏ.ਐਸ.ਆਈ. ਸੁਖਵਿੰਦਰ ਸਿੰਘ ਲਵਲੀ ਸਮੇਤ ‘ਆਪ’ ਆਗੂ ਹਰਪ੍ਰੀਤ ਸਿੰਘ ਮੜਾਕ ਅਤੇ ਗੁਰਚਰਨ ਸਿੰਘ ਵਿਰਦੀ ਵੀ ਹਾਜਰ ਸਨ।