ਇੱਕ ਛੋਟੀ ਜਿਹੀ ਕੀੜੀ ਸਾਡੇ ਪੈਰ ਨੂੰ ਕੱਟ ਸਕਦੀ ਹੈ, ਪਰ ਅਸੀਂ ਉਸ ਦੇ ਪੈਰ ਨੂੰ ਨਹੀਂ ਕੱਟ ਸਕਦੇ, ਜੋ ਉਹ ਕਰ ਸਕਦੀ ਹੈ ਸ਼ਾਇਦ ਅਸੀਂ ਨਹੀਂ ਕਰ ਸਕਦੇ।
ਉਪਰੋਕਤ ਕਹਾਵਤ ਦਾ ਅਰਥ ਹੈ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਨੂੰ ਛੋਟਾ ਨਾ ਸਮਝੋ।ਹਰ ਹਨੇਰਾ ਮਨੁੱਖ ਨੂੰ ਦੇਖਣਾ ਤੇ ਹਰ ਠੋਕਰ ਇਨਸਾਨ ਨੂੰ ਹੋਸ਼ ਵਿੱਚ ਲਿਆਉਂਦੀ ਹੈ।ਜ਼ਿੰਦਗੀ ਵਿੱਚ ਕਦੇ ਵੀ ਕਿਸੇ ਚੀਜ਼ ਨੂੰ ਬੇਕਾਰ ਜਾਂ ਕਿਸੇ ਨੂੰ ਵੀ ਛੋਟਾ ਸਮਝਣ ਦੀ ਭੁੱਲ ਨਾ ਕਰੋ,ਕਿਉਂਕਿ ਇੱਕ ਛੋਟੇ ਜਿਹੇ ਬੀਜ ਵਿੱਚ ਇੱਕ ਵਿਸ਼ਾਲ ਦਰਖਤ ਛੁਪਿਆ ਹੋਇਆ ਹੁੰਦਾ ਹੈ। ਹਰ ਇੱਕ ਇਨਸਾਨ ਦੀ ਜ਼ਿੰਦਗੀ ਵੱਖਰੀ ਤਰ੍ਹਾ ਗੁਜ਼ਰਦੀ ਹੈ। ਦੁਨੀਆਂ ਦਾ ਹਰ ਇੱਕ ਇਨਸਾਨ ਆਪਣੇ ਵਕਤ ਦੇ ਹਿਸਾਬ ਨਾਲ ਚੱਲ ਰਿਹਾ ਹੈ। ਕੁਝ ਲੋਕ ਜੀਵਨ ਯਾਤਰਾ ਵਿੱਚ ਸਾਡੇ ਤੋਂ ਪਿੱਛੇ ਹੋਣਗੇ ਅਤੇ ਕੁਝ ਅੱਗੇ।ਕਦੇ ਵੀ ਕਿਸੇ ਨਾਲ ਆਪਣੀ ਤੁਲਨਾ ਕਰਕੇ ਖੁਦ ਜਾਂ ਸਾਹਮਣੇ ਵਾਲੇ ਬੰਦੇ ਨੂੰ ਹੀਣ ਭਾਵਨਾ ਦਾ ਸ਼ਿਕਾਰ ਨਾ ਹੋਣ ਦਿਓ।ਜ਼ਿੰਦਗੀ ਵਿੱਚ ਕੋਸਸ਼ ਕਰਦੇ ਰਹੋ, ਜਦੋਂ ਤੱਕ ਸਾਹ ਚੱਲਦੇ ਹਨ। ਇੱਕ ਨਾ ਇੱਕ ਦਿਨ ਮੰਜ਼ਿਲ ਤੇ ਜ਼ਰੂਰ ਪਹੁੰਚੋਗੇ ਅਤੇ ਆਪਣੇ ਦੇਖੇ ਸੁਪਨੇ ਸਾਕਾਰ ਕਰੋਗੇ, ਪਰ ਕੋਸ਼ਿਸ਼ ਕਰਦੇ ਸਮੇਂ ਕਦੇ ਵੀ ਕਿਸੇ ਨੂੰ ਆਪਣੇ ਤੋਂ ਘੱਟ, ਤੁਛ ਜਾਂ ਛੋਟਾ ਨਾ ਸਮਝੋ। ਪਰਮਾਤਮਾ ਦੁਆਰਾ ਬਣਾਈ ਗਈ ਇਸ ਸ੍ਰਿਸ਼ਟੀ ਵਿੱਚ ਹਰ ਇੱਕ ਚੀਜ਼, ਹਰ ਇੱਕ ਵਿਅਕਤੀ ਦੀ ਆਪਣੀ ਮਹੱਤਤਾ ਹੁੰਦੀ ਹੈ। ਸਾਨੂੰ ਕਦੇ ਵੀ ਕਿਸੇ ਵੱਡੀ ਚੀਜ਼ ਨੂੰ ਦੇਖ ਕੇ, ਛੋਟੀ ਚੀਜ਼ ਸੁੱਟ ਨਹੀਂ ਦੇਣੀ ਚਾਹੀਦੀ, ਕਿਉਂਕਿ
ਜੋ ਕੰਮ ਇੱਕ ਨਿੱਕੀ ਜਿਹੀ ਸੂਈ ਕਰ ਸਕਦੀ ਹੈ ਉਹ ਤਲਵਾਰ ਨਹੀਂ ਕਰ ਸਕਦੀ।
ਕੋਈ ਵੀ ਇਨਸਾਨ ਛੋਟਾ ਜਾਂ ਵੱਡਾ ਨਹੀਂ ਹੁੰਦਾ। ਇਹ ਬਸ ਸਾਡੀ ਸੋਚ ਹੀ ਵੱਡੀ ਛੋਟੀ ਹੁੰਦੀ ਹੈ। ਕਦੇ ਵੀ ਕਿਸੇ ਨੂੰ ਛੋਟਾ ਨਾ ਸਮਝੋ, ਚਾਹੇ ਉਹ ਦੁਸ਼ਮਣ ਹੋਵੇ,ਸੱਪ ਹੋਵੇ ਜਾਂ ਛੋਟੀ ਜਿਹੀ ਕੋਈ ਬਿਮਾਰੀ, ਕਿਉਂਕਿ ਜਦੋਂ ਇਹ ਆਵਦੀ ਹੋਂਦ ਵਿੱਚ ਆ ਜਾਂਦੇ ਹਨ ਤਾਂ ਬਹੁਤ ਨੁਕਸਾਨ ਕਰ ਦਿੰਦੇ ਹਨ। ਕਿਉਂਕਿ ਵਕਤ ਸਭ ਦਾ ਆਉਂਦਾ ਹੈ। ਵਕਤ ਆਉਂਦੇ ਹੀ ਸਾਰੇ ਆਪਣੀ ਹੱਦ ਭੁੱਲ ਜਾਂਦੇ ਹਨ। ਸਮਾਂ ਅਤੇ ਸਥਿਤੀ ਕਦੇ ਵੀ ਬਦਲ ਸਕਦੀ ਹੈ। ਸਾਨੂੰ ਕੁਦਰਤ ਦੇ ਰਹੱਸਾਂ ਨੂੰ ਸਮਝਣਾ ਚਾਹੀਦਾ ਹੈ। ਹਵਾ ਸਾਰਿਆਂ ਨੂੰ ਇੱਕੋ ਜਿਹੀ ਹਵਾ ਦਿੰਦੀ ਹੈ। ਸੂਰਜ,ਚੰਦਰਮਾ, ਤਾਰੇ ਕਿਸੇ ਨਾਲ ਭੇਦ ਭਾਵ ਨਹੀਂ ਕਰਦੇ। ਰੁਖ ਸਾਰਿਆਂ ਨੂੰ ਠੰਡੀਆਂ ਮਿੱਠੀਆਂ ਛਾਵਾਂ ਦਿੰਦੇ ਹਨ। ਫੁੱਲ ਹਮੇਸ਼ਾ ਦੂਜਿਆਂ ਲਈ ਖਿੜਦੇ ਹਨ। ਫਿਰ ਅਸੀਂ ਛੋਟੇ-ਵੱਡੇ ਵਿੱਚ ਫਰਕ ਕਰਨ ਵਾਲੇ ਕੌਣ ਹੁੰਦੇ ਹਾਂ। ਕਦੇ ਵੀ ਆਪਣੀ ਸੋਚ ਨੂੰ ਇਨੀ ਛੋਟੀ, ਸੀਮਤ ਨਾ ਕਰੋ ਕਿ ਦੂਸਰਾ ਹਰ ਵਿਅਕਤੀ ਤੁਹਾਨੂੰ ਗਲਤ ਲੱਗਣ ਲੱਗ ਜਾਵੇ।
ਭਾਂਡਾ ਖਾਲੀ ਹੋਵੇ ਤਾਂ ਇਹ ਨਾ ਸਮਝੋ ਕਿ ਮੰਗਣ ਚੱਲਿਆ ਹੈ, ਹੋ ਸਕਦਾ ਹੈ ਕਿ ਕੁਝ ਵੰਡ ਕੇ ਆਇਆ ਹੋਵੇ।
ਅੰਤ ਵਿੱਚ ਮੈਂ ਸਿਰਫ ਇਹੀ ਕਹਿਣਾ ਚਾਹੁੰਦੀ ਹਾਂ ਕਿ ਸਮਾਂ ਆਉਣ ਤੇ ਕਿਸੇ ਵੀ ਲੋੜ ਪੈ ਸਕਦੀ ਹੈ। ਇਸੇ ਲਈ ਕਦੇ ਵੀ ਕਿਸੇ ਨੂੰ ਛੋਟਾ-ਵੱਡਾ, ਅਮੀਰ-ਗਰੀਬ ਦੇ ਤਰਾਜੂ ਵਿੱਚ ਨਾ ਤੋਲੋ।ਹਰ ਇੱਕ ਦੀ ਆਪਣੀ ਮਹੱਤਤਾ ਤੇ ਲੋੜ ਹੈ।
ਜਿਵੇਂ ਰੇਤੇ ‘ਚ ਡਿੱਗੀ ਹੋਈ ਖੰਡ ਕੀੜੀ ਤਾਂ ਚੁੱਕ ਸਕਦੀ ਹੈ ਪਰ ਹਾਥੀ ਨਹੀਂ।

‘ਨੀਲਮ’ (9779788365)