ਕਮਲ ਬੰਗਾ ਸੈਕਰਾਮੈਂਟੋ ਪਰਵਾਸੀ ਪੰਜਾਬੀ ਗ਼ਜ਼ਲਗੋ ਹੈ। ਉਸ ਦੀ ਕਵਿਤਾ ਦੀਆਂ 16 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਚਰਚਾ ਅਧੀਨ ‘ਨਵੀਂ-ਬੁਲਬੁਲ’ ਉਸ ਦੀ 17ਵੀਂ ਗ਼ਜ਼ਲਾਂ ਤੇ ਨਜ਼ਮਾ ਦੀ ਪੁਸਤਕ ਹੈ। ਉਸ ਦੀਆਂ ਬਹੁਤੀਆਂ ਗ਼ਜ਼ਲਾਂ ਲੋਕਾਈ ਦੇ ਦਰਦ ਦੀ ਪੀੜ ਦਾ ਪ੍ਰਗਟਾਵਾ ਕਰਦੀਆਂ ਹਨ। ਭਾਵੇਂ ਉਹ ਲਗਪਗ ਅੱਧੀ ਸਦੀ ਦੇ ਲੰਬੇ ਸਮੇਂ ਤੋਂ ਪਰਵਾਸ ਵਿੱਚ ਰਹਿ ਰਿਹਾ ਹੈ ਪ੍ਰੰਤੂ ਉਸ ਦੀ ਸ਼ਬਦਾਵਲੀ ਅਮੀਰ ਹੈ। ਜੇਕਰ ਉਸ ਨੂੰ ਸ਼ਬਦਾਂ ਦਾ ਕਾਰੀਗਰ ਕਹਿ ਲਈਏ ਤਾਂ ਵੀ ਕੋਈ ਅਤਕਥਨੀ ਨਹੀਂ। ਉਸ ਦੀ ਜ਼ਿੰਦਗੀ ਦੀ ਜਦੋਜਹਿਦ ਦਾ ਤਜ਼ਰਬਾ ਵੀ ਵਿਸ਼ਾਲ ਹੈ। ਉਹ ਸੰਸਾਰ ਦੇ 35 ਦੇਸ਼ਾਂ ਦਾ ਭਰਮਣ ਕਰ ਚੁੱਕਾ ਹੈ। ਪਰਵਾਸ ਦੀ ਜ਼ਿੰਦਗੀ ਦੀ ਜਦੋਜਹਿਦ ਵਿੱਚੋਂ ਉਹ ਨਗੀਨਾ ਬਣਕੇ ਨਿਕਲਿਆ ਹੈ। ਉਸ ਨੂੰ 18 ਸਾਲ ਦੀ ਉਮਰ ਵਿੱਚ ਹੀ ਸਾਹਿਤਕ ਚੇਟਕ ਲੱਗ ਗਈ ਸੀ। ਪਰਵਾਸ ਵਿੱਚ ਸਾਹਿਤਕ ਮਹਿਫਲਾਂ ਦਾ ਸ਼ਿੰਗਾਰ ਰਿਹਾ ਹੈ। ਉਸ ਦੀ ਸਭਿਆਚਾਰਕ ਸਰਗਰਮੀ ਕਰਕੇ ਸਾਹਿਤਕ ਚੇਤਨਾ ਸੁਚੇਤ ਹੋ ਗਈ। ਕਮਲ ਬੰਗਾ ਸੈਕਰਾਮੈਂਟੋ ਦੀਆਂ ਗ਼ਜ਼ਲਾਂ ਤੇ ਨਜ਼ਮਾ ਦੇ ਵਿਸ਼ੇ ਲੋਕਾਈ ਦੀ ਜਦੋਜਹਿਦ ਵਿੱਚੋਂ ਲਏ ਹੋਏ ਹਨ। ਵਿਸ਼ਿਆਂ ਦੀ ਵੰਨਗੀ ਬਹੁ-ਰੰਗੀ ਤੇ ਬਹੁ-ਪੱਖੀ ਹੈ। ਉਹ ਕਿਸੇ ਇਕ ਵਿਸ਼ੇ ਜਾਂ ਵਾਦ ਨਾਲ ਜੁੜਿਆ ਹੋਇਆ ਨਹੀਂ। ਇਨਸਾਨ ਨੂੰ ਸਮਾਜ ਵਿੱਚ ਵਿਚਰਦਿਆਂ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਮੁਸ਼ਕਲਾਂ ਹੀ ਕਮਲ ਬੰਗਾ ਦੇ ਵਿਸ਼ੇ ਹਨ। ਉਸ ਦੇ ਵਿਸ਼ਿਆਂ ਵਿੱਚ ਇਨਸਾਨੀ ਤੇ ਪਰਿਵਾਰਿਕ ਰਿਸ਼ਤਿਆਂ ਦੀਆਂ ਤ੍ਰੇੜਾਂ, ਬੇਇਨਸਾਫ਼ੀ, ਸਮਾਜਿਕ ਪੀੜਾ, ਮਾਨਸਿਕਤਾ, ਆਰਥਿਕ ਕਾਣੀ ਵੰਡ, ਪਿਆਰ-ਮੁਹੱਬਤ, ਇਸ਼ਕ-ਮੁਸ਼ਕ, ਨਫ਼ਰਤੀ ਵਰਤਾਰਾ, ਧਾਰਮਿਕ ਕੱਟੜਤਾ, ਗੰਧਲੀ ਰਾਜਨੀਤੀ, ਅਮੀਰ ਗ਼ਰੀਬ ਦਾ ਪਾੜਾ, ਬਿਰਹਾ, ਵਾਤਵਰਨ, ਰੁੱਖ, ਲਾਲਚ, ਸੰਸਾਰ ਜੰਗਾਂ, ਬਜ਼ੁਰਗਾਂ ਦੀ ਅਣਵੇਖੀ, ਮਾਨਵਤਾ ਤੇ ਸਾਹਿਤਕਾਰਾਂ ਦੇ ਕਿਰਦਾਰ, ਅਵਿਸ਼ਵਾਸ਼ ਅਤੇ ਪੱਖਪਾਤ ਸ਼ਾਮਲ ਹਨ। ਉਸ ਦੀ ਪਹਿਲੀ ਪੁਸਤਕ 2008 ਵਿੱਚ ‘ਪੈਂਤੀ ਸਾਹਿਤਕ ਕਿਰਨਾ’ ਪ੍ਰਕਾਸ਼ਤ ਹੋਈ ਸੀ। ਉਸ ਤੋਂ ਬਾਅਦ ਚਲ ਸੋ ਚਲ ਲਗਾਤਾਰ ਪੁਸਤਕਾਂ ਪ੍ਰਕਾਸ਼ਤ ਹੁੰਦੀਆਂ ਰਹੀਆਂ। ‘ਨਵੀਂ-ਬੁਲਬੁਲ’ 2023 ਵਿੱਚ ਪ੍ਰਕਾਸ਼ਤ ਹੋਈ ਹੈ। ਸਿਆਸਤ ਤੇ ਧਰਮ ਦਾ ਭਾਰੂ ਹੋਣਾ ਸ਼ਾਇਰ ਸਮਾਜ ਲਈ ਖ਼ਤਰਨਾਕ ਦੱਸਦਾ ਹੈ। ਨੋਟਾਂ ਤੇ ਵੋਟਾਂ ਦਾ ਵਿਓਪਾਰ ਵੀ ਦੇਸ਼ ਲਈ ਘਾਤਕ ਹੋਵੇਗਾ। ਸੱਚੇ ਸੁੱਚੇ ਲੋਕਾਂ ਲਈ ਖ਼ਤਰਾ ਵਧੇਰੇ ਹੈ। ਫਰੇਬੀ ਆਨੰਦ ਮਾਣਦੇ ਹਨ। ਲਾਲਚ ਤੇ ਧੋਖਾ ਇਨਸਾਨ ‘ਤੇ ਭਾਰੂ ਹੋ ਗਏ ਹਨ। ਨਕਲੀ ਵਿਖਾਵਾ ਲੋਕਾਂ ਦੀ ਫਿਤਰਤ ਬਣ ਗਈ ਹੈ। ਵਾਤਾਵਰਨ ਨੂੰ ਪਲੀਤ ਕੀਤਾ ਜਾ ਰਿਹਾ ਹੈ। ਦੁੱਖ ਸੁੱਖ ਜੀਵਨ ਦਾ ਹਿੱਸਾ ਹਨ ਪ੍ਰੰਤੂ ਦੁੱਖ ਨਾਲ ਜੀਵਨ ਵਿੱਚ ਹਨ੍ਹੇਰਾ ਆ ਜਾਂਦਾ ਹੈ। ਸ਼ਾਇਰ ਦੀਆਂ ਗ਼ਜ਼ਲਾਂ ਵਿੱਚ ਬਹੁਤ ਸਾਰੀਆਂ ਅਟੱਲ ਸਚਾਈਆਂ ਦਾ ਵਰਣਨ ਕੀਤਾ ਗਿਆ ਹੈ। ਵਹਿਮ ਭਰਮ ਸਮਾਜ ਨੂੰ ਮਾਨਸਿਕ ਤੌਰ ‘ਤੇ ਕਮਜ਼ੋਰ ਕਰਦੇ ਹਨ। ਜ਼ਾਤ ਪਾਤ ਦਾ ਸਮਾਜ ਵਿੱਚ ਕੋਈ ਸਥਾਨ ਨਹੀਂ ਹੋਣਾ ਚਾਹੀਦਾ। ਸਾਹਿਤਕਾਰ ਆਸ਼ਾਵਾਦੀ ਹੋਣੇ ਚਾਹੀਦੇ ਹਨ। ਫੋਕੀ ਵਾਹਵਾ ਸ਼ਾਹਵਾ ਚੰਗੀ ਨਹੀਂ ਹੁੰਦੀ। ਸਾਹਿਤਕ ਮਹਿਫਲਾਂ ਵਿੱਚ ਝਗੜੇ ਹੋ ਰਹੇ ਹਨ। ਸ਼ਾਇਰ ਕਵੀਆਂ ਨੂੰ ਸਲਾਹ ਦਿੰਦਾ ਹੈ ਕਿ ਉਨ੍ਹਾਂ ਨੂੰ ਸਮਾਜਿਕ ਸਰੋਕਾਰਾਂ ਬਾਰੇ ਲਿਖਣਾ ਚਾਹੀਦਾ, ਅਸ਼ਲੀਲ ਲਿਖਣ ਤੋਂ ਗੁਰੇਜ਼ ਕਰਨਾ ਚਾਹੀਦਾ। ਭਾਸ਼ਾ ਸਰਲ ਵਰਤੀ ਜਾਵੇ। ਲਗਪਗ ਉਸ ਦੀਆਂ 125 ਗ਼ਜ਼ਲਾਂ ਤੇ ਨਜ਼ਮਾ ਵਿੱਚ ਸਾਹਿਤਕਾਰਾਂ ਦੇ ਕਿਰਦਾਰ ਦਾ ਜ਼ਿਕਰ ਕੀਤਾ ਗਿਆ। ਕਮਲ ਬੰਗਾ ਦਾ ਮੰਨਣਾ ਹੈ ਕਿ ਕਲਮਕਾਰ ਸਮਾਜ ਵਿੱਚ ਇਨਕਲਾਬੀ ਤਬਦੀਲੀ ਲਿਆਉਣ ਦੇ ਸਮਰੱਥ ਹਨ। ਇਸ ਲਈ ਉਹ ਵਾਰ-ਵਾਰ ਸਾਹਿਤਕਾਰਾਂ ਨੂੰ ਕੁਰੇਦਦਾ ਹੈ ਕਿ ਉਹ ਲੋਕਾਈ ਦੇ ਹਿੱਤਾਂ ‘ਤੇ ਪਹਿਰਾ ਦੇਣ ਤਾਂ ਸਮਾਜ ਬਿਹਤਰੀਨ ਪ੍ਰਣਾਲੀ ਅਪਣਾ ਸਕੇ। ਉਸ ਦਾ ਇਕ ਸ਼ਿਅਰ ਸਾਹਿਤਕਾਰਾਂ ਨੂੰ ਸੰਬੋਧਤ ਹੈ:
ਸਾਨੂੰ ਸਰੋਕਾਰਾਂ ਦਾ ਸ਼ੀਸ਼ਾ ਦੇਖਣਾ ਚਾਹੀਦਾ।
ਤੇ ਸਮਾਜ ‘ਚ ਕੀ-ਕੀ ਹੁੰਦਾ ਲਿਖਣਾ ਚਾਹੀਦਾ।
ਪ੍ਰਬੰਧਕੀ ਢਾਂਚੇ ਦੇ ਖੋਖਲਾਪਨ ਦੀ ਤਸਵੀਰ ਖਿਚਦਾ ਹੋਇਆ ਉਹ, ਜੇਲ੍ਹਾਂ ਵਿੱਚ ਹੋ ਰਹੀ ਐਸ਼ਪ੍ਰਸਤੀ ਦੀ ਨਿੰਦਿਆ ਕਰਦਾ ਹੈ। ਸ਼ਾਇਰ ਅਨੁਸਾਰ ਹੰਕਾਰ ਸਮਾਜ ਦਾ ਬੇੜਾ ਗਰਕ ਕਰ ਰਿਹਾ ਹੈ। ਜੇਕਰ ਇਨਸਾਨ ਨੇ ਵੱਡਾ ਬਣਨਾ ਹੈ ਤਾਂ ਹੰਕਾਰ ਛੱਡਣਾ ਪਵੇਗਾ। ਧਾਰਮਿਕ ਲੋਕਾਂ ਦੇ ਪਾਖੰਡ ਦਾ ਵੀ ਭਾਂਡਾ ਭੰਨਦਾ ਹੈ। ਧਰਮ ਨਿੱਜੀ ਹੁੰਦਾ ਹੈ, ਇਸ ਨੂੰ ਸਮਾਜ ‘ਤੇ ਠੋਸਣਾ ਨਹੀਂ ਚਾਹੀਦਾ। ਧਾਰਮਿਕ ਦੁਕਾਨਦਾਰੀਆਂ ਸਮਾਜ ਨੂੰ ਖੋਖਲਾ ਕਰ ਰਹੀਆਂ ਹਨ। ਧਾਰਮਿਕ ਲੋਕਾਂ ਬਾਰੇ ਕਮਲ ਬੰਗਾ ਲਿਖਦਾ ਹੈ:
ਚਾਹੇ ਲੋਕ ਪਾਠ ਪੂਜਾ ਤੇ ਕਰਦੇ ਨੇ ਫ਼ਰਿਆਦਾਂ,
ਫਿਰ ਵੀ ਸ਼ਰੇਆਮ ਕਰੀ ਜਾਂਦੇ ਨੇ ਵੰਡ ਕਾਣੀ।
ਧਰਮ ਤੇ ਰਾਜਨੀਤੀ ਸਖ਼ਤ ਵੀ ਤੇ ਨਰਮ ਵੀ ਬੜੇ,
ਲੋਕ ਇੱਕ ਥਾਂ ਟਿਕਦੇ ਨਹੀਂ, ਥਾਂ ਥਾਂ ਮੱਥੇ ਰਗੜਦੇ।
ਅਸਲ ਵਿੱਚ ਧਰਮਾਂ ਤੇ ਸੱਚ-ਝੂਠ ਦੀ ਲੜਾਈ ਹੈ,
ਅਕਸਰ ਇਨ੍ਹਾਂ ਵਿਚ ਵੀ, ਸੱਚ ਨੂੰ ਟਾਲੀ ਜਾਂਦੇ ਨੇ।
ਅਮੀਰ ਲੋਕਾਂ ਨੂੰ ਸਲਾਹ ਦਿੰਦਾ ਸ਼ਾਇਰ ਲਿਖਦਾ ਹੈ ਕਿ ਪੈਸਾ ਸਾਰੀਆਂ ਬਿਮਾਰੀਆਂ ਦਾ ਇਲਾਜ ਨਹੀਂ। ਸਰੀਰਕ ਬਿਮਾਰੀ ਪੈਸੇ ਨਾਲ ਦੂਰ ਨਹੀਂ ਹੁੰਦੀ। ਵਾਤਵਰਨ ਬਾਰੇ ਵੀ ਸ਼ਾਇਰ ਕਾਫ਼ੀ ਚਿੰਤਤ ਹੈ। ਬਹੁਤ ਸਾਰੀਆਂ ਗ਼ਜ਼ਲਾਂ ਵਿੱਚ ਰੁੱਖਾਂ, ਪਾਣੀ ਅਤੇ ਹਵਾ ਦੇ ਗੰਧਲੇਪਣ ਦਾ ਜ਼ਿਕਰ ਕਰਦਾ ਹੈ। ਰੁੱਖ ਤਾਂ ਹਰ ਦੁੱਖ ਝਲਕੇ ਇਨਸਾਨਾ ਦੀ ਛਤਰੀ ਬਣਦੇ ਹਨ ਪ੍ਰੰਤੂ ਇਨਸਾਨ ਉਨ੍ਹਾਂ ਦੀ ਛਾਂ ਮਾਣਦਾ ਹੋਇਆ ਵੀ ਰਹਿਮ ਨਹੀਂ ਕਰਦਾ। ਰੁੱਖਾਂ ਬਾਰੇ ਲਿਖਦਾ ਹੈ:
ਰੁੱਖ਼ਾਂ ਤੇ ਮਨੁੱਖ਼ਾਂ ਦੇ ਮੁੱਕਣ ਵਾਂਗ ਹੀ, ਪੰਛੀਆਂ ਨੂੰ ਵੀ, ਇਹੋ ਮਿਲਦੀ ਹੈ ਸਜ਼ਾ।
ਸਾਰੇ ਰੁੱਖ ਛਾਂ ਦੀਆਂ, ਛਤਰੀਆਂ ਬਣ ਕੇ ਖੜ੍ਹੇ ਨੇ,
ਇਨ੍ਹਾਂ ਖੜ੍ਹਿਆਂ-ਖੜ੍ਹਿਆਂ, ਸਭੇ ਸਾਂਝਾ ਪੁਗਾਈਆਂ ਨੇ।
Ñਲੋਕਾਂ ਨੂੰ ਇਨਸਾਫ਼ ਨਾ ਮਿਲਣ ‘ਤੇ ਲਾਲਚੀ ਸਮਾਜ ਬਾਰੇ ਚਿੰਤਤ ਹੋਇਆ ਕਮਲ ਬੰਗਾ ਲਿਖਦਾ ਹੈ-
ਚਾਹੇ ਸਮਾਜੀ ਰੰਗਤ ਹਰਿਕ ਮਨ ਵਿੱਚ ਹੀ, ਫਿਰ ਵੀ ਹਰਿਕ ਨੂੰ, ਇਨਸਾਫ਼ ਦੀ ਭਾਲ ਹੈ।
ਜ਼ੋਰਾਵਰ ਤੇ ਹਓਮੇ ਵਾਲੇ ਵੀ ਬਥੇਰੇ, ਘੱਟ ਹੀ ਗੱਲ ਕਰਦੇ, ਰੱਬੀ ਮਿਹਰ ਦੀ।
ਜ਼ਿੰਦਗੀ ਤਾਂ ਹਰਿਕ ਹੀ, ਮੰਗਦੀ ਸ਼ਾਂਤੀ, ਪਰ ਹਲਚਲ ਘੱਟਦੀ ਨਹੀਂ, ਲਾਲਚੀ-ਲਹਿਰ ਦੀ।
ਵਹਿਮ ਭਰਮ ਤੇ ਜ਼ਾਤ ਪਾਤ ਸਮਾਜ ਲਈ ਕਲੰਕ ਹਨ। ਇਹ ਸਮਾਜ ਦੀ ਮਾਨਸਿਕ ਪ੍ਰਗਤੀ ਦੇ ਰਾਹ ਵਿੱਚ ਰੋੜਾ ਬਣਦੇ ਹਨ-
ਇੰਡੀਅ ‘ਚ ਜ਼ਾਤਾਂ-ਪਾਤਾਂ ਦੀ ਮਧਾਣੀ ਫੇਰੀ ਜਾਂਦੇ,
ਧੱਕੇ ਨਾਲ ਵਹਿਮਾ ਦੀ ਫੜੀ ਪਟਾਰੀ ਹੁੰਦੀ ਹੈ।
ਵੈਸੇ ਤਾਂ ਇਨਸਾਨ ਦੀ, ਆਪਣੀ ਹੈ ਮਰਜ਼ੀ,
ਵਹਿਮਾਂ ਨਾਲ ਵੀ ਸੱਜਣੋ, ਜਿੰਦ ਖ਼ੱਜ਼ਲ ਹੁੰਦੀ ਹੈ।
ਰਾਜਨੀਤਕ ਲੋਕਾਂ ਨੂੰ ਸ਼ਾਇਰ ਆੜੇ ਹੱਥੀਂ ਲੈਂਦਾ ਹੋਇਆ ਲਿਖਦਾ ਹੈ-
ਰਾਜਨੀਤੀ ਵੀ ਮਿੱਠੀ ਜ਼ਹਿਰ, ਲੀਡਰ ਪੀਂਦੇ ਨੇ ਪਰ,
ਕਿਸੇ ਦੇ ਹੱਡ ਨਹੀਂ ਦੁੱਖਦੇ, ਇਸ ਦੀਆਂ ਮਾਰਾਂ ਵਿੱਚ।
ਸੋਨੇ ਰੰਗੀਆਂ ਕੁਰਸੀਆਂ ਦੇ ਵਾਂਗ ਹੀ,
ਉਪਰੋਂ ਉਪਰੋਂ ਚਮਕਦੀ ਹੁੰਦੀ ਸਰਕਾਰ ਹੈ।
ਕਹਿਣ ਨੂੰ ਦੁਨੀਆਂ ਕਹਿੰਦੀ, ਨਸ਼ਿਆਂ ਤੋਂ ਬਚੋ,
ਪਰ ਆਪ ਹੀ, ਸਭ ਕੁਝ ਬਣਾਉਂਦੀ ਨਸ਼ੀਲਾ ਹੈ।
ਇਕੱਲੇ ਸੱਪਾਂ ਵਿਚ ਹੀ, ਜ਼ਹਿਰ ਨਹੀਂ ਹੁੰਦੀ,
ਠੱਗੀ-ਠੋਰੀ ਵਾਲੇ ਵੀ, ਮਿੱਠੇ ਫ਼ਨੀਅਰ ਬਣੇ ਨੇ।
ਰਿਸ਼ਤੇ ਵੀ ਹੁਣ ਅਮੀਰਤ ਮਗਰ ਘੁੰਮਦੇ, ਚਾਹੇ ਮੁੰਡਾ ਚੰਦ ਵਰਗਾ ਤੇ ਕੁੜੀ ਨੂਰੀ ਹੈ।
ਪਰਵਾਸ ਦੀ ਜ਼ਿੰਦਗੀ ਸੰਬੰਧੀ ਵੀ ਸ਼ਾਇਰ ਕਾਫਪ ਗ਼ਜ਼ਲਾਂ ਲਿਖੀਆਂ ਹਨ-
ਸੜਕਾਂ ‘ਤੇ ਜ਼ੋਰ ਹੈ, ਕਾਰਾਂ ਤੇ ਟਰੱਕਾਂ ਦਾ, ਨਾਲੇ ਲੱਖਾਂ ਮੁਸਾਫ਼ਿਰ, ਜ਼ਾਜ਼ਾਂ ‘ਚ ਚੜ੍ਹਿਆ ਹੈ।
ਕੰਮਾਂ ਕਾਰਾਂ ਤੇ ਸ਼ਿਫਟਾਂ ਦੀ ਮਜ਼ਬੂਰੀ, ਪਹਿਲਾਂ ਵਾਂਗ ਰਹੇ ਨਹੀਂ, ਸਾਂਝੇ ਜਗਰਾਤੇ।
Êਪ੍ਰਦੇਸ ਚਾਹੇ ਦੂਰ ਹੈ, ਬੰਦਾ ਜਾਣ ਲਈ ਮਜ਼ਬੂਰ ਹੈ,
ਉਂਜ ਵੀ ਸੋਹਣੇ ਜੀਵਨ ਦਾ, ਗੁਜ਼ਾਰਾ ਸੋਹਣਾ ਚਾਹੀਦਾ।
ਰੂਸ ਅਤੇ ਯੂਕਰੇਨ ਦੀ ਲੜਾਈ ਵੀ ਸ਼ਾਇਰ ਨੂੰ ਚੁਭਦੀ ਹੈ। ਇਸ ਲਈ ਉਹ ਰੂਸ ਦੇ ਰਾਸ਼ਟਰਪਤੀ ਪੂਤਿਨ ਦੀ ਹਠਧਰਮੀ ਬਾਰੇ ਲਿਖਦਾ ਹੈ-
ਪੂਟਨ ਕਿਸੇ ਦੀ ਵੀ-ਮੰਨਦਾ ਨਹੀਂ, ਅੰਦਰੋਂ-ਬਾਹਰੋਂ ਖ਼ਾਮੋਸ਼ ਹੋਈ ਲੋਕਾਈ।
ਬੰਦਾ ਤਾਂ ਕੀ? ਂਰੱਬ ਵੀ ਕੀ ਕਰੇ ਕਮਲ, ਪੂਟਨ ਵਰਗੇ ਸ਼ਰੇਆਮ, ਜ਼ੋਰ ਦਿਖਾ ਰਹੇ ਨੇ।
ਕਮਲ ਬੰਗਾ ਦੀਆਂ ਗ਼ਜ਼ਲਾਂ ਵਿੱਚ ਇਸ਼ਕ-ਮੁਹੱਬਤ ਦਾ ਵੀ ਬੋਲਬਾਲਾ ਹੈ ਪ੍ਰੰਤੂ ਇਸ਼ਕ ਤਾਂ ਹੀ ਵਰਦਾਨ ਸਾਬਤ ਹੋ ਸਕਦਾ ਜੇਕਰ ਪ੍ਰੇਮੀ ਸੱਚੇ ਸੁਚੇ ਹੋਣ ਵਰਨਾ ਸੰਤਾਪ ਹੰਢਾਉਣਾ ਪੈਂਦਾ ਹੈ। ਸੱਚੇ ਪ੍ਰੇਮੀ ਅਮਰ ਹੁੰਦੇ ਹਨ, ਝੂਠੇ ਬਦਨਾਮੀ ਪੱਲੇ ਬੰਨ੍ਹਦੇ ਹਨ। ਇਸ਼ਕ ਵਿੱਚਲਾ ਬਿਰਹਾ ਮਾਨਸਿਕਤਾ ਨੂੰ ਸਾੜ ਦਿੰਦਾ ਹੈ। ਅੱਜ ਕਲ੍ਹ ਨੌਜਵਾਨੀ ਪਿਆਰ ਮੁਹੱਬਤ ਦੇ ਚਕਰ ਵਿੱਚ ਦੀਵਾਨੀ ਹੋਈ ਫਿਰਦੀ ਹੈ। ਵਫ਼ਾਦਾਰੀ ਦੀ ਘਾਟ ਰੜਕਦੀ ਹੈ। ਪਿਆਰ ਵਿਓਪਾਰ ਬਣਦਾ ਜਾ ਰਿਹਾ ਹੈ। ਸ਼ਾਇਰ ਲਿਖਦਾ ਹੈ:
ਜਿਹੜਾ ਹੁਣ ਲੋਚਦਾ ਹੈ ਵਫ਼ਾ ਨੂੰ, ਉਹਨੇ ਵੀ ਕੀਤੀ, ਕਿਸੇ ਨਾਲ ਬੇਵਫ਼ਾਈ ਹੈ।
ਪਾਕ ਮੁਹੱਬਤ ਬਨਾਮ ਹੁੰਦੀ ਵਫ਼ਾ ਯਾਰੋ, ਜੀਵਨ ਵਫ਼ਾ ਦਾ ਵੀ, ਰਾਗ ਛੇੜਦਾ ਹਾਂ।
ਦੋ ਦਿਲ ਸਾਫ਼ ਤਾਂ ਪਾਕ ਮੁਹੱਬਤ ਹੋ ਸਕਦੀ, ਨਾਲੇ ਪਾਕ ਮੁਹੱਬਤ ਦਾ ਬੂਟਾ-ਸੁੱਕਦਾ ਨਹੀਂ।
ਜੱਗ ‘ਤੇ ਮੁਹੱਬਤ ਨੇ, ਕਈ ਦਿਲ ਉਜਾੜੇ, ਪਰ ਕਈਆਂ ਨੇ ਮੁਹੱਬਤੀ ਸਾਂਝੀ ਛਤਰੀ ਤਾਣੀ।
ਇਸ ਗ਼ਜ਼ਲ ਸੰਗ੍ਰਹਿ ਵਿੱਚ 222 ਗ਼ਜ਼ਲਾਂ ਅਤੇ 18 ਨਜ਼ਮਾ ਸ਼ਾਮਲ ਹਨ। ਗ਼ਜ਼ਲ ਸੰਗ੍ਰਹਿ ਦੀ ਦਿਖ ਸੁੰਦਰ ਹੈ ਪ੍ਰੰਤੂ ਬਾਈਂਡਿੰਗ ਸਮੇਂ ਦੋ ਫਰਮੇ ਉਲਟ ਪੁਲਟ ਲਗਾਏ ਹੋਏ ਹਨ। ਪ੍ਰਵਾਸ ਵਿੱਚ ਰਹਿਣ ਕਰਕੇ ਕੁਝ ਸ਼ਬਦ ਵੀ ਸ਼ਾਇਰ ਨੇ ਆਪੇ ਘੜੇ ਹੋਏ ਹਨ।
240 ਪੰਨਿਆਂ, 300 ਰੁਪਏ ਕੀਮਤ ਵਾਲਾ ਇਹ ਗ਼ਜ਼ਲ ਸੰਗ੍ਰਹਿ ਪੰਜਾਬੀ ਵਿਰਸਾ ਟਰੱਸਟ ਰਜਿ. ਪਲਾਹੀ ਫਗਵਾੜਾ ਨੇ ਪ੍ਰਕਾਸ਼ਤ ਕੀਤਾ ਹੈ।
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com
Leave a Comment
Your email address will not be published. Required fields are marked with *