*ਆਮ ਆਦਮੀ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਨਾਲ ਆਮ ਲੋਕ ਸਹਿਮਤ : ਸੰਧਵਾਂ*
ਕੋਟਕਪੂਰਾ, 7 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਨੂੰ ਖੁਸ਼ਹਾਲ ਅਤੇ ਰੰਗਲਾ ਬਣਾਉਣ ਦੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਦਾਅਵਿਆਂ ਤੋਂ ਆਸ ਬੱਝਣ ਲੱਗ ਪਈ ਹੈ ਕਿ ਹੁਣ ਪੰਜਾਬ ਨੂੰ ਲੁੱਟਣ ਵਾਲੀਆਂ ਰਵਾਇਤੀ ਪਾਰਟੀਆਂ ਦੇ ਮਨਸੂਬਿਆਂ ਤੋਂ ਲੋਕ ਜਾਣੂ ਹੋ ਚੁੱਕੇ ਹਨ। ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡ ਦਾਨਾ ਰੋਮਾਣਾ ਦੇ 35 ਤੋਂ ਜਿਆਦਾ ਪਰਿਵਾਰਾਂ ਵਲੋਂ ਵੱਖ ਵੱਖ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਨ ਮੌਕੇ ਸਪੀਕਰ ਸੰਧਵਾਂ ਦੇ ਛੋਟੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪਹਿਲੇ ਦੋ ਸਾਲਾਂ ਦੀ ਕਾਰਗੁਜਾਰੀ ਨੇ ਹੀ ਜਿੱਥੇ ਪੰਜਾਬ ਦੇ ਜਾਗਰੂਕ ਤਬਕੇ ਦੇ ਮਨਾਂ ’ਚ ਨਵੀਂ ਪੀੜੀ ਦੇ ਸੁੰਦਰ ਭਵਿੱਖ ਦੀ ਆਸ ਜਗਾਈ ਹੈ, ਉੱਥੇ ਪਿਛਲੇ ਕਰੀਬ 70 ਸਾਲਾਂ ਅਰਥਾਤ 7 ਦਹਾਕਿਆਂ ਤੋਂ ਪੰਜਾਬ ਵਾਸੀਆਂ ਨੂੰ ਲੱਛੇਦਾਰ ਭਾਸ਼ਣਾ, ਝੂਠੇ ਵਾਅਦਿਆਂ ਅਤੇ ਦਾਅਵਿਆਂ ਨਾਲ ਬਦਲ ਬਦਲ ਕੇ ਮਿਲੀਭੁਗਤ ਨਾਲ ਸਰਕਾਰਾਂ ਬਣਾਉਣ ਵਾਲੀਆਂ ਰਵਾਇਤੀ ਪਾਰਟੀਆਂ ਦੇ ਆਗੂਆਂ ਨੂੰ ਭਾਜੜਾਂ ਪੈਣੀਆਂ ਵੀ ਸੁਭਾਵਿਕ ਹਨ। ਐਡਵੋਕੇਟ ਬੀਰਇੰਦਰ ਸਿੰਘ ਮੁਤਾਬਿਕ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਲਗਭਗ ਸਾਰੇ ਪਿੰਡਾਂ ਤੋਂ ਇਲਾਵਾ ਸ਼ਹਿਰ ਦੇ ਸਾਰੇ 29 ਵਾਰਡਾਂ ਵਿੱਚ ਜਾਗਰੂਕ ਵੋਟਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨਾਲ ਸਹਿਮਤ ਹੋਣ ਵਿੱਚ ਆਪਣੀ ਸ਼ਾਨ ਸਮਝ ਰਿਹਾ ਹੈ। ਜਦੋਂ ਨਵੇਂ ਸ਼ਾਮਲ ਹੋਏ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ ਤਾਂ ਉਹਨਾਂ ਵਿੱਚੋਂ ਕਈਆਂ ਦੀਆਂ ਅੱਖਾਂ ਵਿੱਚ ਖੁਸ਼ੀ ਨਾਲ ਭਾਵੁਕਤਾ ਦੇ ਹੰਝੂ ਵੀ ਦੇਖਣ ਨੂੰ ਮਿਲੇ। ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਸਮੇਤ ਪਿੰਡ ਵਾਸੀਆਂ ਦੀ ਹਾਜਰੀ ਵਿੱਚ ਉਹਨਾਂ ਮੰਨਿਆ ਕਿ ਭਗਵੰਤ ਸਿੰਘ ਮਾਨ ਅਤੇ ਕੁਲਤਾਰ ਸਿੰਘ ਸੰਧਵਾਂ ਸਮੇਤ ਪੰਜਾਬ ਭਰ ਦੇ ਮੂਹਰਲੀ ਕਤਾਰ ਦੇ ਜਿਹੜੇ ਜਿਹੜੇ ਆਗੂਆਂ ਨੇ ਵੋਟਾਂ ਤੋਂ ਪਹਿਲਾਂ ਜੋ ਜੋ ਵਾਅਦੇ ਕੀਤੇ ਸਨ, ਉਹਨਾ ’ਤੇ ਪਾਰਟੀ ਨੇ ਸੱਤਾ ਸੰਭਾਲਣ ਤੋਂ ਬਾਅਦ ਅਮਲ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਆਖਿਆ ਕਿ ਕਿਸੇ ਸਮੇਂ ਰਵਾਇਤੀ ਪਾਰਟੀਆਂ ਦੇ ਚੁਣੇ ਨੁਮਾਇੰਦਿਆਂ ਨੂੰ ਮਿਲਣਾ ਵੀ ਔਖਾ ਹੋ ਜਾਂਦਾ ਸੀ ਪਰ ਅੱਜ ਕੁਲਤਾਰ ਸਿੰਘ ਸੰਧਵਾਂ ਦੇ ਐਨੀ ਉੱਚੀ ਸਪੀਕਰ ਦੀ ਕੁਰਸੀ ’ਤੇ ਬਿਰਾਜਮਾਨ ਹੋਣ ਦੇ ਬਾਵਜੂਦ ਵੀ ਉਹਨਾ ਨੂੰ ਮਿਲਣਾ ਕੋਈ ਔਖਾ ਨਹੀਂ, ਕਿਉਂਕਿ ਉਹ ਹਰ ਗਰੀਬ-ਅਮੀਰ ਦੇ ਘਰ ਹਰ ਤਰਾਂ ਦੀ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਖੁਦ ਪਹੁੰਚਦੇ ਹਨ ਤੇ ਹਰ ਗਰੀਬ-ਅਮੀਰ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਹਨ। ਐਡਵੋਕੇਟ ਸੰਧਵਾਂ ਨੇ ਵਿਸ਼ਵਾਸ਼ ਦਿਵਾਇਆ ਕਿ ਪਾਰਟੀ ਵਲੋਂ ਇਹਨਾ ਪਰਿਵਾਰਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਨਵੇਂ ਸ਼ਾਮਲ ਹੋਏ ਮੈਂਬਰਾਂ ਨੇ ਪਿੰਡ ਦਾਨਾ ਰੋਮਾਣਾ ਤੋਂ ਪਾਰਟੀ ਉਮੀਦਵਾਰ ਕਰਮਜੀਤ ਅਨਮੋਲ ਨੂੰ 99 ਫੀਸਦੀ ਵੋਟਾਂ ਪਾ ਕੇ ਕਾਮਯਾਬ ਕਰਨ ਦਾ ਭਰੋਸਾ ਦਿੱਤਾ।