ਦਾਦੀ ਜੀ ਕਿਉੰ ਘਬਰਾਏ, ਕਿਉਂ ਮੱਥੇ ਵਲ ਨੇ ਆਏ।
ਗੁਰੂ ਪਿਤਾ ਗੋਬਿੰਦ ਸਾਡੇ, ਦਾਦਾ ਪਿਤਾ ਤੇਗ ਬਹਾਦਰ।
ਕਿਉਂ ਜਾਈਏ ਵੈਰੀ ਤੋਂ ਡਰ, ਰਗ ਰਗ ਵਿਚ ਤੇਗ ਬਹਾਦਰ।
ਸੂਬਾ ਸਰਹੰਦ ਏ ਚਾਹੁੰਦਾ ਪਰਖਣਾ ਵਜੂਦ ਅਸਾਡਾ,
ਗ਼ੈਰਤ ਤੇ ਸਬਰ, ਸਿਦਕ ਦਾ ਪਰਖਣਾ ਬਰੂਦ ਅਸਾਡਾ,
ਚੋਅ ਜਾਵੇ ਲਹੂ ਜੇ ਸਾਰਾ, ਹੋ ਜਾਈਏ ਕਤਰਾ ਕਤਰਾ।
ਤੇਗ ਦੇ ਧਨੀ ਦੇ ਵੰਸ਼ਜ, ਹੌਸਲੇ ਬੁਲੰਦ ਬਹਾਦਰ।
ਕਿਉਂ ਜਾਈਏ ਵੈਰੀ ਤੋਂ ਡਰ, ਰਗ ਰਗ ਵਿਚ ਤੇਗ ਬਹਾਦਰ।
ਲਹੂ ਜਦ ਡੁੱਲੂ ਸਾਡਾ, ਗੜੀ ਤੇ ਸਰਹੰਦ ਦੇ ਵਿੱਚ।
ਸਿੱਖੀ ਦਾ ਗੁੰਜੂ ਨਾਅਰਾ, ਦੇਖੀ ਤੂੰ ਸਚਖੰਡ ਦੇ ਵਿੱਚ।
ਗੋਬਿੰਦ ਦੇ ਸਿਦਕ ਨੇ ਵਾਰੇ, ਪੋਤਰੇ ਤੇਗ ਬਹਾਦਰ।
ਕਿਉਂ ਜਾਈਏ ਵੈਰੀ ਤੋਂ ਡਰ, ਰਗ ਰਗ ਵਿਚ ਤੇਗ ਬਹਾਦਰ।
ਜਫਰਨਮਾ ਜਦ ਪੜ੍ਹਿਆ ਗੁਰਾਂ ਦਾ, ਦੇਖੀਂ ਰੋ ਦੇਣਾ ਔਰੰਗਾ।
ਝੜ ਜਾਣੇ ਖੰਭ ਉਹਦੇ ਸਾਰੇ, ਦੇਖੀਂ ਹੋ ਜਾਣਾ ਬੇਰੰਗਾ।
ਕੋਟਲੇ ਦੇ ਪੀਰਾਂ ਜਦ ਮਾਰਿਆ, ਹਾਅ ਦਾ ਨਾਅਰਾ,
ਭੁੱਬਾਂ ਮਾਰ ਕਹੂ ਔਰੰਗਾ, ਬਦ ਤੋਂ ਬਦਤਰ ਸੀ ਚੰਗਾ।
ਯਾਦ ਆਊ ਬਾਜਾਂ ਵਾਲੇ, ਨਾਲੇ ਗੁਰੂ ਤੇਗ ਬਹਾਦਰ।
ਸ਼ੇਰਨੀ ਮਾਂ ਗੁਜਰੀ ਤੂੰ, ਜੰਮਿਆ ਮਰਦ ਐਸਾ ਸੂਰਮਾ,
ਸਿੱਖੀ ਰਹੇ ਕਾਇਮ ਜਗ ਤੇ, ਪਾਇਆ ਏ ਐਸਾ ਪੂਰਨਾ।
ਹੱਥੀਂ ਇੱਕ ਇੱਕ ਕਰਕੇ ਸੀ, ਤੋਰੇ ਸ਼ਹਾਦਤ ਦੇ ਲਈ,
ਸਾਰਾ ਹੀ ਕੁਨਬਾ ਲਾ ਤਾ ਪੰਥ ਦੀ ਹਿਫਾਜ਼ਤ ਦੇ ਲਈ।
ਜਨਨੀ ਤੂੰ ਕਲਗੀਧਰ ਦੀ, ਕੰਤ ਤੇਰਾ ਤੇਗ ਬਹਾਦਰ।
ਕਿਉਂ ਜਾਈਏ ਵੈਰੀ ਤੋਂ ਡਰ, ਰਗ ਰਗ ਵਿਚ ਤੇਗ ਬਹਾਦਰ।
ਗੁਰੂ ਪਿਤਾ ਗੋਬਿੰਦ ਸਾਡੇ, ਦਾਦਾ ਪਿਤਾ ਤੇਗ ਬਹਾਦਰ।
ਕਿਉਂ ਜਾਈਏ ਵੈਰੀ ਤੋਂ ਡਰ, ਰਗ ਰਗ ਵਿਚ ਤੇਗ ਬਹਾਦਰ।

ਹਰਪ੍ਰੀਤ ਨਕੋਦਰ ਜਮਾਲਪੁਰ ਲੁਧਿਆਣਾ।