ਫਰੀਦਕੋਟ ,25 ਨਵੰਬਰ (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ) ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਵੱਲੋਂ ਚੇਅਰਮੈਨ ਅਤੇ ਸੰਸਥਾਪਕ ਪ੍ਰੋ. ਬੀਰ ਇੰਦਰ ਦੀ ਯੋਗ ਅਗਵਾਈ ਅਧੀਨ 13ਵਾਂ ਆਨਲਾਈਨ ਪੰਜਾਬੀ ਬਾਲ ਕਵੀ ਦਰਬਾਰ ਕਰਵਾਇਆ ਗਿਆ। ਇਸ ਸ਼ਾਨਦਾਰ ਕਵੀ ਦਰਬਾਰ ਵਿੱਚ ਪੰਜਾਬ ਭਰ ਦੇ ਵੱਖ-ਵੱਖ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀਆਂ ਕਵਿਤਾਵਾਂ ਦੀ ਖ਼ੂਬਸੂਰਤ ਢੰਗ ਨਾਲ ਪੇਸ਼ਕਾਰੀ ਕੀਤੀ।
ਚੇਅਰਮੈਨ ਪ੍ਰੋ. ਬੀਰ ਇੰਦਰ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਮੇਲਾ ਰੂਹਾਂ ਦਾ ਅੰਤਰਰਾਸ਼ਟਰੀ ਸਾਹਿਤਕ ਪਰਿਵਾਰ ਮੁੰਬਈ ਦੇ ਸੰਸਥਾਪਕ ਸ਼੍ਰੀਮਤੀ ਮਨਪ੍ਰੀਤ ਕੌਰ ਸੰਧੂ ਨੇ ਮੁੱਖ ਮਹਿਮਾਨ ਅਤੇ ਅੰਤਰਰਾਸ਼ਟਰੀ ਸਾਹਿਤਕ ਸੱਥ ਚੰਡੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀਮਤੀ ਬਲਜਿੰਦਰ ਕੌਰ ਸ਼ੇਰਗਿੱਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਦੁਆਰਾ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਸਭਾ ਨੇ ਮਿਹਨਤ ਅੰਤਰਰਾਸ਼ਟਰੀ ਪੱਧਰ ਤੱਕ ਆਪਣੀ ਪਹਿਚਾਣ ਬਣਾ ਲਈ ਹੈ ਅਤੇ ਇਸ ਸਭਾ ਤੋਂ ਪੰਜਾਬੀ ਸਾਹਿਤ, ਸਮਾਜ ਅਤੇ ਵਿਰਸੇ ਨੂੰ ਬਹੁਤ ਉਮੀਦਾਂ ਹਨ । ਉਹਨਾਂ ਨੇ ਅਜਿਹੇ ਉਪਰਾਲਿਆਂ ਲਈ ਸਭਾ ਦੇ ਚੇਅਰਮੈਨ ਅਤੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ । ਇਸ ਤੋਂ ਇਲਾਵਾ ਡਾ. ਗੁਰਚਰਨ ਕੌਰ ਕੋਚਰ ਤੇ ਅੰਜੂ ਅਮਨਦੀਪ ਗਰੋਵਰ ਨੇ ਵੀ ਇਸ ਪ੍ਰੋਗਰਾਮ ਵਿੱਚ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਸੰਚਾਲਨ ਭੁਪਿੰਦਰ ਪਰਵਾਜ਼ ਨੇ ਬਾਖ਼ੂਬੀ ਅੰਦਾਜ਼ ਨਾਲ ਕੀਤਾ।
ਇਸ 13ਵੇਂ ਬਾਲ ਕਵੀ ਦਰਬਾਰ ਵਿੱਚ ਦਿਵਦੀਪ ਕੌਰ ਬਰਾੜ, ਮਹਿਕਦੀਪ ਕੌਰ, ਜਸਪ੍ਰੀਤ ਕੌਰ, ਬਰਿੰਦਰ ਕੌਰ, ਅਮਾਨਤ ਕੌਰ, ਜਸਕੀਰਤ ਸਿੰਘ, ਗੁਰਪ੍ਰੀਤ ਕੌਰ, ਜਪਲੀਨ ਕੌਰ, ਹਰਸ਼ਬੀਰ ਸਿੰਘ ਸਰਾਂ, ਖੁਸ਼ਕਰਨ, ਨਿਖਿਲ, ਪ੍ਰਿਯਾ ਗਰਗ, ਹਿਮਾਂਸ਼ੀ, ਵੈਸ਼ਨਵੀ ਤਾਜੋਵਾਲ, ਏਕਮ ਕੌਰ ਗਰੋਵਰ, ਸ਼ਗੁਨਜੋਤ ਕੌਰ, ਗੁਰਕਮਲ ਗਿੱਲ, ਜਸਪ੍ਰੀਤ ਕੌਰ ਆਦਿ ਨੇ ਆਪਣੀਆਂ ਖ਼ੂਬਸੂਰਤ ਕਵਿਤਾਵਾਂ ਨੂੰ ਮਿੱਠੀਆਂ ਆਵਾਜ਼ਾਂ ਵਿੱਚ ਸੁਣਾ ਕੇ ਪ੍ਰੋਗਰਾਮ ਦੀਆਂ ਰੌਣਕਾਂ ਨੂੰ ਵਧਾਇਆ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਭਾ ਦੇ ਚੇਅਰਮੈਨ ਪ੍ਰੋ.ਬੀਰ ਇੰਦਰ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਮੰਚ ਸੰਚਾਲਕ, ਬਾਲ ਕਵੀਆਂ, ਉਹਨਾਂ ਦੇ ਮਾਪਿਆਂ ਤੇ ਅਧਿਆਪਕ ਸਾਹਿਬਾਨਾਂ ਦਾ ਸਵਾਗਤ ਕੀਤਾ । ਪ੍ਰੋਗਰਾਮ ਦੇ ਅੰਤ ਵਿੱਚ ਹਾਜ਼ਰ ਸਭ ਸਖਸ਼ੀਅਤਾਂ ਦਾ ਧੰਨਵਾਦ ਕੀਤਾ । ਸਭਾ ਵੱਲੋਂ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਸਾਰੇ ਬੱਚਿਆਂ ਨੂੰ ਡਿਜ਼ੀਟਲ ਸਰਟੀਫ਼ਿਕੇਟ ਜਾਰੀ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਦਾ ਇਹ ਵਿਲੱਖਣ ਅਤੇ ਸ਼ਾਨਦਾਰ ਉਪਰਾਲਾ ਯਾਦਗਾਰ ਪੈੜਾਂ ਛੱਡ ਗਿਆ।
Leave a Comment
Your email address will not be published. Required fields are marked with *