ਫ਼ਰੀਦਕੋਟ 27 ਮਾਰਚ (ਵਰਲਡ ਪੰਜਾਬੀ ਟਾਈਮਜ਼)
ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਵੱਲੋਂ ਚੇਅਰਮੈਨ ਪ੍ਰੋ.ਬੀਰ ਇੰਦਰ ਅਤੇ ਪ੍ਰਧਾਨ ਕਸ਼ਮੀਰ ਮਾਨਾ ਤੇ ਸ਼ਿਵਨਾਥ ਦਰਦੀ ਦੀ ਯੋਗ ਅਗਵਾਈ ਹੇਠ ਅਤੇ ਮੇਲਾ ਰੂਹਾਂ ਦਾ ਅੰਤਰਰਾਸ਼ਟਰੀ ਸਾਹਿਤਕ ਪਰਿਵਾਰ ਮੁੰਬਈ ਵੱਲੋਂ ਮਨਪ੍ਰੀਤ ਕੌਰ ਸੰਧੂ ਦੇ ਸਹਿਯੋਗ ਨਾਲ ਬੀ.ਪੀ.ਈ.ਓ. ਦਫ਼ਤਰ ਫ਼ਰੀਦਕੋਟ ਦੇ ਮੀਟਿੰਗ ਹਾਲ ਵਿੱਚ ਬਹੁਪੱਖੀ ਲੇਖਕ ਅਤੇ ਕਲਾਕਾਰ ਸ. ਈਸ਼ਰ ਸਿੰਘ ਲੰਭਵਾਲੀ ਦੀ ਪੁਸਤਕ ‘ਰੱਬ ਦੀਆਂ ਅੱਖਾਂ’ ਲੋਕ-ਅਰਪਣ ਕੀਤੀ ਗਈ । ਇਸ ਤੋਂ ਇਲਾਵਾ ਇੱਕ ਸ਼ਾਨਦਾਰ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ ਗਿਆ । ਇਸ ਸਮਾਰੋਹ ਵਿੱਚ ਪ੍ਰਸਿੱਧ ਸਮਾਜ ਸੇਵੀ ਡਾ. ਪਰਮਿੰਦਰ ਸਿੰਘ (ਸੇਵਾ-ਮੁਕਤ ਪ੍ਰਿੰਸੀਪਲ) ਮੁੱਖ ਮਹਿਮਾਨ ਵਜੋਂ ਅਤੇ ਪ੍ਰੋ. ਤਰਸੇਮ ਨਰੂਲਾ ਅਤੇ ਸ੍ਰੀਮਤੀ ਮਨਪ੍ਰੀਤ ਕੌਰ ਸੰਧੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ । ਪ੍ਰਸਿੱਧ ਆਲੋਚਕ ਤੇ ਚਿੰਤਕ ਡਾ. ਦੇਵਿੰਦਰ ਸੈਫ਼ੀ ਨੇ ਮੁੱਖ ਵਕਤਾ ਵਜੋਂ ਪੁਸਤਕ ਬਾਰੇ ਸਾਹਿਤਕ ਦ੍ਰਿਸ਼ਟੀ ਤੋਂ ਵਿਸਥਾਰ ਸਹਿਤ ਚਰਚਾ ਕੀਤੀ। ਸਮਾਰੋਹ ਦੀ ਪ੍ਰਧਾਨਗੀ ਸ. ਜਸਕਰਨ ਸਿੰਘ ਬੀ.ਪੀ.ਈ.ਓ. ਫ਼ਰੀਦਕੋਟ-2 ਨੇ ਕੀਤੀ ।
ਸਮਾਗਮ ਦੀ ਸ਼ੁਰੂਆਤ ਵਿੱਚ ਮੁੱਖ ਪ੍ਰਬੰਧਕ ਸ੍ਰੀਮਤੀ ਰਮਨਦੀਪ ‘ਰਮਣੀਕ ਸਪੁੱਤਰੀ ਸ. ਈਸ਼ਰ ਸਿੰਘ ਲੰਭਵਾਲੀ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ, ਮੁੱਖ ਵਕਤਾ, ਪੱਤਰਕਾਰਾਂ, ਸਹਿਯੋਗੀਆਂ ਅਤੇ ਦੂਰੋਂ-ਨੇੜਿਓਂ ਪਹੁੰਚੇ ਸਾਰੇ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ ਅਤੇ ਪ੍ਰਸਿੱਧ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਦਾ ਰਿਕਾਰਡ ਕੀਤਾ ਸ਼ੁਭਕਾਮਨਾਵਾਂ ਸੰਦੇਸ਼ ਸਰੋਤਿਆਂ ਨੂੰ ਸੁਣਾਇਆ । ਇਸ ਮੌਕੇ ਸ. ਈਸ਼ਰ ਸਿੰਘ ਲੰਭਵਾਲੀ ਦੇ ਹਮਸਫ਼ਰ ਸਰਦਾਰਨੀ ਮਨਜੀਤ ਕੌਰ, ਅਤੇ ਦੋਹਤੀਆਂ ਨਵਰੀਤ ਕੌਰ ਤੇ ਨਵਲੀਨ ਕੌਰ ਚੰਡੀਗੜ੍ਹ ਤੋਂ ਉਚੇਚੇ ਤੌਰ ‘ਤੇ ਸ਼ਾਮਿਲ ਹੋਏ । ਨਵਰੀਤ ਕੌਰ ਚੰਡੀਗੜ੍ਹ ਨੇ ਆਪਣੇ ਨਾਨਾ ਜੀ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ । ਇਸ ਮੌਕੇ ਇੱਕ ਸ਼ਾਨਦਾਰ ਕਵੀ ਦਰਬਾਰ ਵੀ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਸ਼ਾਮਿਲ ਸਾਰੇ ਕਵੀ ਸਾਹਿਬਾਨ ਨੇ ਆਪਣੀਆਂ ਖੂਬਸੂਰਤ ਰਚਨਾਵਾਂ ਦੀ ਪੇਸ਼ਕਾਰੀ ਕੀਤੀ । ਇਸ ਤੋਂ ਇਲਾਵਾ ਇਸ ਸਮਾਰੋਹ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਵਿੱਚ ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਦੇ ਅਹੁਦੇਦਾਰਾਂ ਮੀਤ ਪ੍ਰਧਾਨ ਰਾਜ ਗਿੱਲ ਭਾਣਾ, ਗੁਰਜੀਤ ਹੈਰੀ ਢਿੱਲੋਂ, ਸਕੱਤਰ ਸਰਬਰਿੰਦਰ ਸਿੰਘ ਬੇਦੀ, ਖਜਾਨਚੀ ਸੁਖਵੀਰ ਸਿੰਘ ਬਾਬਾ, ਪ੍ਰਚਾਰ ਸਕੱਤਰ ਸਾਗਰ ਸਫ਼ਰੀ, ਸੀਨੀਅਰ ਮੈਂਬਰ ਬਲਵੰਤ ਗੱਖੜ, ਕੇ.ਪੀ. ਸਿੰਘ, ਮੁਖਤਿਆਰ ਵੰਗੜ, ਲਖਵਿੰਦਰ ਹਾਲੀ, ਅਸ਼ੀਸ਼ ਕੁਮਾਰ, ਗੁਰਵਿੰਦਰ ਗੁਰੀ ਨੇ ਪੂਰੀ ਤਨਦੇਹੀ ਨਾਲ ਸਹਿਯੋਗ ਦਿੱਤਾ । ਇਸ ਸਮਾਗਮ ਵਿੱਚ ਦੀਪਕ ਜੈਤੋਈ ਮੰਚ ਜੈਤੋ, ਪੰਜਾਬੀ ਸਾਹਿਤ ਸਭਾ ਫ਼ਰੀਦਕੋਟ, ਪੰਜਾਬੀ ਲੇਖਕ ਮੰਚ ਫ਼ਰੀਦਕੋਟ ਅਤੇ ਹੋਰ ਵੱਖ ਵੱਖ ਸਭਾਵਾਂ ਦੇ ਅਹੁਦੇਦਾਰ ਤੇ ਮੈਂਬਰ ਸਾਹਿਬਾਨ ਵੀ ਸ਼ਾਮਿਲ ਹੋਏ । ਪ੍ਰੈਸ ਅਤੇ ਮੀਡੀਆ ਪੱਤਰਕਾਰਾਂ ਵਿੱਚੋਂ ਰਾਜੀਵ ਅਰੋੜਾ (ਗਲੋਬਲ ਖਬਰਨਾਮਾ), ਗੁਰਪ੍ਰੀਤ ਸਿੰਘ ਪੱਕਾ (ਫ਼ਾਸਟ ਨਿਊਜ਼ ਚੈਨਲ), ਜਗਸੀਰ ਢਿੱਲੋਂ ਕੋਟਸੁਖੀਆ (ਪੰਜਾਬੀ ਵਿਰਸਾ ਨਿਊਜ਼), ਲਖਵਿੰਦਰ ਹਾਲੀ (ਖ਼ਬਰਾਂ ਫ਼ਰੀਦਕੋਟ ਦੀਆਂ) ਨੇ ਪ੍ਰੋਗਰਾਮ ਦੀ ਕਵਰੇਜ ਸਫ਼ਲਤਾ ਨਾਲ ਕੀਤੀ। ਇੰਜ.ਚਰਨਜੀਤ ਸਿੰਘ ਅਤੇ ਹਰਮੇਲ ਪ੍ਰੀਤ ਸਿੰਘ ਨੇ ਬਾਖੂਬੀ ਢੰਗ ਨਾਲ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ ।
Leave a Comment
Your email address will not be published. Required fields are marked with *