ਪੰਜਾਬੀਆਂ ਨੂੰ ਦੋਵਾਂ ਪਾਰਟੀਆਂ ਨੂੰ ਜੜ੍ਹੋਂ ਪੁੱਟਣ ਦੀ ਕੀਤੀ ਅਪੀਲ, ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਹੀ ਸੂਬੇ ਨੂੰ ਮੁੜ ਵਿਕਾਸ ਦੇ ਰਾਹ ’ਤੇ ਲਿਆ ਸਕਦਾ ਹੈ
ਕੋਟਕਪੁਰਾ, 21 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਦੋ ਧਾਰੀ ਤਲਵਾਰ ਹਨ ਜੋ ਪੰਜਾਬ ਦਾ ਨੁਕਸਾਨ ਕਰ ਰਹੇ ਹਨ ਅਤੇ ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਇਹਨਾਂ ਦੋਵਾਂ ਦੀਆਂ ਸੂਬੇ ਵਿਚੋਂ ਜੜ੍ਹਾਂ ਹਮੇਸ਼ਾ-ਹਮੇਸ਼ਾ ਲਈ ਪੁੱਟ ਦੇਣ। ਪੰਜਾਬ ਬਚਾਓ ਯਾਤਰਾ ਦੌਰਾਨ ਕੋਟਕਪੁਰਾ ਅਤੇ ਜੈਤੋਂ ਦੌਰਾਨ ਸਮਾਜ ਦੇ ਹਰ ਵਰਗ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਅਤੇ ਆਪ ਦੋਵਾਂ ਨੇ ਪਿਛਲੇ ਸੱਤ ਸਾਲਾਂ ਦੌਰਾਨ ਪੰਜਾਬ ਨੂੰ ਲੁੱਟਿਆ ਹੈ। ਉਹਨਾਂ ਕਿਹਾ ਕਿ ਸਿਰਫ ਅਕਾਲੀ ਦਲ ਹੀ ਸੂਬੇ ਨੂੰ ਮੁੜ ਵਿਕਾਸ ਦੇ ਲੀਹ ’ਤੇ ਪਾ ਸਕਦਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਇਸ ਵੇਲੇ ਸਮੇਂ ਦੀ ਜ਼ਰੂਰਤ ਹੈ ਤੇ ਉਹ ਪੰਜਾਬੀਆਂ ਨੂੰ ਅਪੀਲ ਕਰਦੇ ਹਨ ਕਿ ਉਹ ਸੂਬੇ ਦੇ ਚੰਗੇ ਭਵਿੱਖ ਵਾਸਤੇ ਪਾਰਟੀ ਦੀ ਹਮਾਇਤ ਕਰਨ। ਸੁਖਬੀਰ ਸਿੰਘ ਬਾਦਲ ਜਿਹਨਾਂ ਦਾ ਪਿੰਡ ਬਰਗਾੜੀ ਵਿਖੇ ਭਰਾਵਾਂ ਸਵਾਗਤ ਹੋਇਆ ਤੇ ਉਹਨਾਂ ਪਿੰਡ ਵਿਚ ਵਿਸ਼ਾਲ ਇਕੱਠ ਨੂੰ ਸੰਬੋਧਨ ਵੀ ਕੀਤਾ, ਨੇ ਦੱਸਿਆ ਕਿ ਕਿਵੇਂ ਪਿਛਲੇ ਸੱਤ ਸਾਲਾਂ ਦੌਰਾਨ ਕਿਸਾਨ, ਨੌਜਵਾਨ, ਅਨੁਸੂਚਿਤ ਜਾਤੀ ਤੇ ਪੱਛੜੀਆਂ ਸ਼੍ਰੇਣੀਆਂ ਅਤੇ ਵਪਾਰ ਤੇ ਉਦਯੋਗ ਨੇ ਸੰਤਾਪ ਹੰਢਾਇਆ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਕਿਸਾਨਾਂ ਨੂੰ ਪੂਰਨ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਸੀ ਪਰ ਕੀਤਾ ਕੱਖ ਵੀ ਨਹੀਂ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਫਸਲਾਂ ਦੇ ਨੁਕਸਾਨ ਦੇ ਮਾਮਲੇ ਵਿਚ ਗਿਰਦਾਵਰੀ ਤੋਂ ਪਹਿਲਾਂ ਹੀ ਅਦਾਇਗੀ ਦੇ ਦਾਅਵੇ ਕੀਤੇ ਸਨ ਪਰ ਉਹਨਾਂ ਤਿੰਨ ਫਸਲਾਂ ਬਰਬਾਦ ਹੋਣ ’ਤੇ ਗਿਰਦਾਵਰੀ ਦੇ ਬਾਵਜੂਦ ਅੱਜ ਤੱਕ ਵੀ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ। ਉਹਨਾਂ ਦੱਸਿਆ ਕਿ ਕਿਵੇਂ ਕਾਂਗਰਸ ਤੇ ਆਪ ਸਰਕਾਰਾਂ ਨੇ ਸਾਰੇ ਸਮਾਜ ਭਲਾਈ ਲਾਭ ਹੌਲੀ-ਹੌਲੀ ਵਾਪਸ ਲੈ ਲਏ। ਉਹਨਾਂ ਕਿਹਾ ਕਿ ਹੁਣ ਹਾਲਾਤ ਅਜਿਹੇ ਬਣ ਗਏ ਹਨ ਕਿ ਲੱਖਾਂ ਲੋਕਾਂ ਦੇ ਨਾਂ ਆਟਾ-ਦਾਲ ਸਕੀਮ ਅਤੇ ਬੁਢਾਪਾ ਪੈਨਸ਼ਨ ਸਕੀਮ ਵਿਚੋਂ ਕੱਟ ਦਿੱਤੇ ਗਏ ਹਨ ਤਾਂ ਜੋ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਸਫਰ ਅਤੇ ਚੋਣ ਪ੍ਰਚਾਰ ਮੁਹਿੰਮਾਂ ਦਾ ਖਰਚਾ ਕੱਢਿਆ ਜਾ ਸਕੇ। ਸਰਦਾਰ ਬਾਦਲ ਦੇ ਨਾਲ ਕੋਟਕਪੁਰਾ ਹਲਕੇ ਵਿਚ ਸੀਨੀਅਰ ਆਗੂ ਸਰਦਾਰ ਮਨਤਾਰ ਸਿੰਘ ਬਰਾੜ ਅਤੇ ਜੈਤੋਂ ਵਿਚ ਸਰਦਾਰ ਸੂਬਾ ਸਿੰਘ ਬਾਦਲ ਵੀ ਸਨ। ਉਹਨਾਂ ਨੇ ਸੂਬੇ ਵਿਚ ਚਲ ਰਹੇ ਨਸ਼ਿਆਂ ਦੇ ਦਰਿਆ ਦੀ ਗੱਲ ਵੀ ਕੀਤੀ। ਉਹਨਾਂ ਕਿਹਾ ਕਿ ਸੈਂਕੜੇ ਨੌਜਵਾਨ ਨਸ਼ਿਆਂ ਦੀ ਓਵਰਡੋਜ਼ ਨਾਲ ਮਾਰੇ ਗਏ ਹਨ ਪਰ ਹਾਲ ਤੱਕ ਨਸ਼ਾ ਤਸਕਰਾਂ ਨੂੰ ਫੜਨ ਵਾਸਤੇ ਕੱਖ ਵੀ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਪੁਲਿਸ ਨੂੰ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਨ ਤੋਂ ਇਸ ਕਰ ਕੇ ਰੋਕਿਆ ਜਾ ਰਿਹਾ ਹੈ ਕਿਉਂਕਿ ਆਪ ਆਗੂ ਉਹਨਾਂ ਤੋਂ ਮਹੀਨੇ ਲੈ ਰਹੇ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਪੰਜਾਬ ਦੇ ਉਦਯੋਗਪਤੀਆਂ ਨੇ ਸੂਬੇ ਵਿਚ ਨਿਵੇਸ਼ ਕਰਨ ਦੀ ਥਾਂ ਉੱਤਰ ਪ੍ਰਦੇਸ਼ ਤੇ ਹੋਰ ਰਾਜਾਂ ਵਿਚ 20 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਉਹਨਾਂ ਕਿਹਾ ਕਿ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਅਤੇ ਗੈਂਗਸਟਰ ਰਾਜ ਕਾਰਨ ਪੰਜਾਬ ਵਿਚ ਕੋਈ ਨਵਾਂ ਨਿਵੇਸ਼ ਨਹੀਂ ਆ ਰਿਹਾ। ਸਰਦਾਰ ਬਾਦਲ ਨੇ ਇਹ ਵੀ ਕਿਹਾ ਕਿ ਆਪ ਸਰਕਾਰ ਨੇ ਫਰੀਦਕੋਟ ਪਾਰਲੀਮਾਨੀ ਹਲਕੇ ਦੇ ਵਿਕਾਸ ਵਾਸਤੇ ਕੱਖ ਨਹੀਂ ਕੀਤਾ। ਉਹਨਾਂ ਕਿਹਾ ਕਿ ਸਾਰਾ ਪੇਂਡੂ ਸੜਕ ਨੈਟਵਰਕ ਖਿੰਡ ਪੁੰਡ ਗਿਆ ਹੈ ਤੇ ਬੁਨਿਆਦੀ ਸਹੂਲਤਾਂ ਦਾ ਵੀ ਬੁਰਾ ਹਾਲ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਆਪ ਨੂੰ ਇਥੋਂ ਇਕ ਬਾਹਰੀ ਵਿਅਕਤੀ ਨੂੰ ਚੋਣ ਮੈਦਾਨ ਵਿਚ ਉਤਾਰਨਾ ਪਿਆ ਹੈ ਜਿਸਨੂੰ ਲੋਕ ਨਕਾਰ ਰਹੇ ਹਨ। ਸਰਦਾਰ ਬਾਦਲ ਨੇ ਦੱਸਿਆ ਕਿ ਕਿਵੇਂ ਲੋਕ ਉਹਨਾਂ ਕੋਲ ਆ ਕੇ ਸ਼ਿਕਾਇਤਾਂ ਕਰ ਰਹੇ ਹਨ ਕਿ ਉਹਨਾਂ ਦੇ 10 ਤੋਂ ਲੈ ਕੇ 30 ਹਜ਼ਾਰ ਰੁਪਏ ਤੱਕ ਬਿਜਲੀ ਬਿੱਲ ਆ ਰਹੇ ਹਨ। ਉਹਨਾਂ ਕਿਹਾ ਕਿ ਸਮਾਜ ਦੇ ਕਮਜ਼ੋਰ ਵਰਗਾਂ ਨੇ ਇਹ ਵੀ ਦੱਸਿਆ ਹੈ ਕਿ ਪਿਛਲੇ ਦੋ ਸਾਲਾਂ ਦੌਰਾਨ ਆਪ ਸਰਕਾਰ ਨੇ ਉਹਨਾਂ ਨੂੰ ਸ਼ਗਨ ਸਕੀਮ ਦਾ ਕੋਈ ਪੈਸਾ ਰਿਲੀਜ਼ ਨਹੀਂ ਕੀਤਾ। ਸਰਦਾਰ ਬਾਦਲ ਨੇ ਭਰੋਸਾ ਦੁਆਇਆ ਕਿ ਅਕਾਲੀ ਦਲ ਗਰੀਬ ਪੱਖੀ ਤੇ ਪੰਜਾਬ ਪੱਖੀ ਚੋਣ ਮਨੋਰਥ ਪੱਤਰ ਲਿਆ ਰਿਹਾ ਹੈ ਜੋ ਉਹਨਾਂ ਦੀਆਂ ਸਾਰੀਆਂ ਮੁਸ਼ਕਿਲਾਂ ਹੱਲ ਕਰੇਗਾ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਜੈਤੋਂ ਵਿਖੇ ਗੁਰਚੇਤ ਸਿੰਘ ਬਰਗਾੜੀ ਅਤੇ ਯਾਦਵਿੰਦਰ ਸਿੰਘ ਯਾਦੀ ਅਤੇ ਕੋਟਕਪੁਰਾ ਵਿਖੇ ਸ਼ੇਰ ਸਿੰਘ ਮੰਡਵਾਲਾ, ਜਸਪਾਲ ਸਿੰਘ ਮੌੜ, ਸੁਰਿੰਦਰ ਸਿੰਘ ਸੰਧੂ, ਕੁਲਤਾਰ ਸਿੰਘ ਬਰਾੜ ਤੇ ਅਨੁਪ੍ਰਤਾਪ ਸਿੰਘ ਬਰਾੜ ਵੀ ਮੌਜੂਦ ਸਨ।
Leave a Comment
Your email address will not be published. Required fields are marked with *