ਇਨਸਾਨ ਕਾਮਯਾਬ ਹੋਣ ਲਈ ਅਣਥੱਕ ਮਹਿਨਤ ਕਰਦਾ ਹੈ। ਮਹਿਨਤ ਦੇ ਸਮੇਂ ਚੰਗੇ ਮਾੜੇ, ਉੱਚੇ ਨੀਵੇਂ, ਥੋੜੇ ਜਿਆਦਾ ਦੀ ਪਰਵਾਹ ਨਹੀਂ ਹੁੰਦੀ ਉਸਨੂੰ। ਆਪਣੀਆਂ ਗਲਤੀਆਂ ਤੋਂ ਸਿੱਖਦਾ ਹੈ, ਗਲਤੀਆਂ ਨੂੰ ਸੁਧਾਰਦਾ ਹੈ, ਸ਼ਰਮ ਜਾਂ ਹੀਨ ਭਾਵਨਾ ਦਿਮਾਗ਼ ਵਿੱਚ ਹੀ ਨਹੀਂ ਹੁੰਦੀ।ਪਰ ਜਦੋਂ ਸ਼ਖ਼ਸ ਕਾਮਯਾਬ ਇਨਸਾਨ ਬਣ ਜਾਂਦਾ ਹੈ ਤਾਂ ਉਸ ਦਾ ਇਮਤਿਹਾਨ ਸ਼ੁਰੂ ਹੋ ਜਾਂਦਾ ਹੈ। ਇਮਤਿਹਾਨ ਪਾਸ ਜਾਂ ਫੇਲ ਹੋਣ ਦਾ।
ਕਾਮਯਾਬੀ ਜ਼ਿੰਦਗੀ ਦਾ ਉਹ ਸ਼ਿਖਰ ਹੁੰਦੀ ਹੈ ਜਿਸ ਤੋਂ ਤੁਹਾਡੇ ਵਿਰੋਧੀ ਤੁਹਾਨੂੰ ਥੱਲੇ ਸੁੱਟ ਕੇ ਖੁਦ ਉਹ ਸ਼ਿਖਰ ਹਾਂਸਿਲ ਕਰਣਾ ਚਾਹੁੰਦੇ ਹਨ, ਕਿਉਂਕਿ ਉਸ ਸ਼ਿਖਰ ਤੇ ਪਹੁੰਚਣ ਦਾ ਰਸਤਾ ਤੁਸੀਂ ਬਣਾ ਚੁੱਕੇ ਹੁੰਦੇ ਹੋ, ਉੱਨਾਂ ਤਾਂ ਬੱਸ ਪੈਂਡਾ ਤੈਅ ਕਰਣਾ ਹੁੰਦਾ ਹੈ।
ਕਾਮਯਾਬੀ ਦੇ ਇਮਤਿਹਾਨ ਵਿੱਚ ਪਾਸ ਹੋਣ ਲਈ ਸਬਰ ਅਤੇ ਸੋਚ ਤੁਹਾਡੇ ਸਾਥੀ ਬਣਦੇ ਹਨ। ਕਾਮਯਾਬੀ ਦੇ ਇਮਤਿਹਾਨ ਵਿੱਚ ਫੇਲ ਹੋਣ ਲਈ ਹੰਕਾਰ ਅਤੇ ਹਵਸ ਤੁਹਾਡੇ ਸਾਥੀ ਬਣਦੇ ਹਨ। ਫੈਂਸਲਾ ਹਮੇਸ਼ਾਂ ਕਾਮਯਾਬ ਇਨਸਾਨ ਦੇ ਹੱਥ ਵਿੱਚ ਹੁੰਦਾ ਹੈ ਕਿ ਉਸਨੇ ਕਿਸਨੂੰ ਆਪਣਾ ਸਾਥੀ ਬਣਾਉਣਾ ਹੈ ਸਬਰ ਅਤੇ ਸੋਚ ਨੂੰ ਜਾਂ ਹੰਕਾਰ ਅਤੇ ਹਵਸ ਨੂੰ।
ਕਾਮਯਾਬੀ ਮਿਲਦੀ ਹਰ ਸ਼ਖਸ ਨੂੰ ਹੈ ਆਪਣੀ ਜ਼ਿੰਦਗੀ ਵਿੱਚ ਪਰ ਉਸ ਕਾਮਯਾਬੀ ਦੇ ਸ਼ਿਖਰ ਤੇ ਹਰ ਕੋਈ ਖੜ ਨਹੀਂ ਪਾਉਂਦਾ ਕਿਉਂਕਿ ਕਾਮਯਾਬ ਹੋ ਕੇ ਹਰ ਕੋਈ ਪਾਸ ਨਹੀਂ ਹੁੰਦਾ। ਜੋ ਪਾਸ ਹੋ ਜਾਂਦਾ ਹੈ ਉਹ ਹੀ ਕਾਮਯਾਬ ਇਨਸਾਨ ਕਹਾਉਂਦਾ ਹੈ, ਨਹੀਂ ਤਾਂ ਕਿਹਾ ਜਾਂਦਾ ਹੈ ਕਿ ਉਹ ਇੱਕ ਕਾਮਯਾਬ ਇਨਸਾਨ ਸੀ ਪਰ ਹੁਣ ??? ਕਾਮਯਾਬ ਹੋਣਾ ਅਤੇ ਕਾਮਯਾਬ ਸੀ ਇਹ ਦੋ ਲਫ਼ਜ਼ਾਂ ਦੇ ਮਾਇਨੇ ਬਦਲ ਦਿੰਦੀ ਹੈ ਕਾਮਯਾਬੀ।
ਕਾਮਯਾਬੀ ਦੇ ਇਮਤਿਹਾਨ ਵਿੱਚ ਫੇਲ ਤੁਸੀਂ ਉਦੋਂ ਹੋ ਜਾਂਦੇ ਹੋ ਜਦੋਂ ਵਿਰੋਧੀ ਧਿਰ ਨੂੰ ਤੁਹਾਡਾ ਕਾਮਯਾਬੀ ਦਾ ਹੰਕਾਰ ਇੰਨਾਂ ਖਟਕਦਾ ਹੈ ਕਿ ਤੁਹਾਨੂੰ ਉਸ ਲਈ ਆਪਣੀ ਜਾਨ ਦੇਣੀ ਪੈਂਦੀ ਹੈ, ਕਾਮਯਾਬੀ ਦੀ ਹਵਸ ਤੁਹਾਨੂੰ ਇੰਨਾਂ ਜ਼ਿਆਦਾ ਲਾਲਚੀ ਬਣਾ ਦਿੰਦੀ ਹੈ ਕਿ ਤੁਸੀਂ ਹਾਸੇ ਮਜ਼ਾਕ ਦਾ ਇੱਕ ਪਾਤਰ ਬਣ ਕੇ ਰਹਿ ਜਾਂਦੇ ਹੋ। ਕਾਮਯਾਬੀ ਦੇ ਇਮਤਿਹਾਨ ਵਿੱਚ ਤੁਸੀਂ ਜੇਕਰ ਪਾਸ ਹੋਣਾ ਹੈ ਤਾਂ ਸਬਰ ਨਾਲ ਸਭ ਕੁਝ ਸੰਭਾਲਣਾ ਪੈਂਦਾ ਹੈ ਅਤੇ ਜ਼ਿੰਦਗੀ ਦੇ ਹਰ ਉਤਰਾਵ ਚੜਾਵ ਬਾਰੇ ਸੰਜਿਦਗੀ ਨਾਲ ਸੋਚਣਾ ਪੈਂਦਾ ਹੈ।
ਕਾਮਯਾਬੀ ਦੇ ਸ਼ਿਖਰ ਤੋਂ ਡਿੱਗਿਆ ਇਨਸਾਨ ਜਾਂ ਤਾਂ ਬਿਲਕੁਲ ਟੁੱਟ ਜਾਂਦਾ ਹੈ ਜਾਂ ਦੁਬਾਰਾ ਸ਼ਿਖਰ ਤੱਕ ਪਹੁੰਚਣ ਤੱਕ ਮੁੱਕ ਜਾਂਦਾ ਹੈ। ਕਾਮਯਾਬੀ ਪਾਉਣੀ ਜਿੰਨੀ ਔਖੀ ਹੁੰਦੀ ਹੈ ਉਸ ਨਾਲੋਂ ਵੀ ਜ਼ਿਆਦਾ ਕਾਮਯਾਬੀ ਸੰਭਾਲ਼ਣੀ ਮੁਸ਼ਕਿਲ ਹੁੰਦੀ ਹੈ। ਕਾਮਯਾਬ ਇਨਸਾਨ ਦੀ ਜ਼ਿੰਦਗੀ ਵਿੱਚ ਗਲਤੀ ਦੀ ਗੁੰਜਾਇਸ਼ ਖਤਮ ਹੋ ਜਾਣੀ ਚਾਹੀਦੀ ਹੈ।
ਰਸ਼ਪਿੰਦਰ ਕੌਰ ਗਿੱਲ
ਲੇਖਕ, ਐਂਕਰ, ਸੰਪਾਦਕ,
ਪ੍ਰਧਾਨ- ਪੀਂਘਾਂ ਸੋਚ ਦੀਆਂ
ਸਾਹਿਤ ਮੰਚ, ਪਬਲਿਕੇਸ਼ਨ, ਵੈੱਬ ਚੈਨਲ,
ਮੈਗਜ਼ੀਨ, ਸਿੱਖੀ ਫਰਜ਼ ਸਕਾਲਰਸ਼ਿਪ
+91-9888697078