ਲੁਧਿਆਣਾ 10 ਮਾਰਚ( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਅੰਤਰਰਾਸ਼ਟਰੀ ਨਾਰੀ ਕਵਿਤਾ ਦਰਬਾਰ ਦਾ ਆਯੋਜਨ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਕੁਲਵੰਤ ਕੌਰ ਢਿੱਲੋਂ ਪ੍ਰਧਾਨ ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ, ਯੂ. ਕੇ. ਵੱਲੋਂ ਕੀਤੀ ਗਈ ਤੇ ਵਿਸ਼ੇਸ਼ ਮਹਿਮਾਨ ਮਹਿਮਾਨ ਵਜੋਂ ਡਾ. ਚਰਨਜੀਤ ਕੌਰ ਬਰਾੜ ਪ੍ਰੋਫ਼ੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸ਼ਿਰਕਤ ਕੀਤੀ। ਯੂਰਪ ਦੇ ਵੱਖ-ਵੱਖ ਮੁਲਕਾਂ ਤੋਂ ਕਵਿੱਤਰੀਆਂ ਨੇ ਆਨਲਾਈਨ ਆਪਣੀਆਂ ਨਜ਼ਮਾਂ ਸਾਂਝੀਆਂ ਕੀਤੀਆਂ ਜਿਨ੍ਹਾਂ ਵਿਚ ਦਲਵੀਰ ਕੌਰ (ਯੂ.ਕੇ.), ਨੀਲੂ ਜਰਮਨੀ (ਜਰਮਨੀ), ਨੁਜ਼ਹਤ ਅੱਬਾਸ (ਯੂ.ਕੇ.),ਗੁਰਪ੍ਰੀਤ ਗਾਇਦੂ (ਗਰੀਸ), ਗੁਰਮੇਲ ਕੌਰ ਸੰਘਾ (ਯੂ.ਕੇ.), ਜੀਤ ਸੁਰਜੀਤ (ਬੈਲਜ਼ੀਅਮ), ਭਿੰਦਰ ਜਲਾਲਾਬਾਦੀ (ਯੂ.ਕੇ.), ਸਤਵੀਰ ਸਾਂਝ (ਇਟਲੀ), ਸੋਨੀਆ ਪਾਲ (ਯੂ.ਕੇ.), ਕਰਮਜੀਤ ਕੌਰ ਰਾਣਾ (ਇਟਲੀ) ਪ੍ਰੋਗਰਾਮ ਦੇ ਆਰੰਭ ਵਿਚ ਡਾ. ਰਜਿੰਦਰ ਕੌਰ ਮਲਹੋਤਰਾ ਵਾਈਸ ਪ੍ਰਿੰਸੀਪਲ ਅਤੇ ਮੁੱਖੀ ਹਿੰਦੀ ਵਿਭਾਗ ਨੇ ਸਭ ਨੂੰ ਰਸਮੀ ਤੌਰ ‘ਤੇ ਜੀ ਆਇਆਂ ਕਿਹਾ ਉਨ੍ਹਾਂ ਨੇ ਕਿਹਾ ਕਿ ਔਰਤ ਨੂੰ ਕੁਦਰਤ ਨੇ ਵਿਲੱਖਣ ਸ਼ਕਤੀ ਤੇ ਸਮਰੱਥਾ ਨਾਲ ਨਿਵਾਜਿਆ ਹੈ। ਹਰ ਔਰਤ ਦਾ ਇਹ ਫ਼ਰਜ਼ ਹੈ ਕਿ ਉਹ ਜ਼ਿੰਮੇਵਾਰੀਆਂ ਨੂੰ ਨਿਭਾਉਂਦੀ ਹੋਈ ਰਿਸ਼ਤਿਆਂ ਦੀ ਆਭਾ ਨੂੰ ਬਰਕਰਾਰ ਰੱਖੇ।
ਕੁਲਵੰਤ ਕੌਰ ਢਿੱਲੋਂ ਨੇ ਆਪਣਾ ਪ੍ਰਧਾਨਗੀ ਭਾਸ਼ਣ ਸਾਂਝੇ ਕਰਦੇ ਹੋਏ ਵਿਸ਼ਵ ਭਰ ਵਿਚ ਔਰਤਾਂ ਨੂੰ ਦਰਪੇਸ਼ ਸਾਂਝੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਉਨ੍ਹਾਂ ਨੇ ਕਿਹਾ ਉਚੇਰੀ ਸਿੱਖਿਆ ਤੇ ਸਵੈ ਨਿਰਭਰਤਾ ਅਨੇਕਾਂ ਸਮੱਸਿਆਵਾਂ ਦੇ ਹੱਲ ਲਈ ਮੱਦਦਗਾਰ ਹੈ। ਡਾ. ਚਰਨਜੀਤ ਕੌਰ ਬਰਾੜ ਨੇ ਇਸ ਮੌਕੇ ਔਰਤ ਦਿਵਸ ਦੇ ਇਤਿਹਾਸ ਤੇ ਔਰਤਾਂ ਵੱਲੋਂ ਆਰਥਿਕ, ਰਾਜਨੀਤਕ, ਸਮਾਜਿਕ ਹੱਕਾਂ ਲਈ ਕੀਤੀ ਲੰਬੀ ਜਦੋ-ਜਹਿਦ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਅਜੋਕੀ ਔਰਤ ਨੂੰ ਘਰ, ਕੰਮ ਕਰਨ ਦੀਆਂ ਥਾਵਾਂ ਤੇ ਦਰਪੇਸ਼ ਚੁਣੌਤੀਆਂ ਬਾਰੇ ਵੀ ਗੱਲ ਕੀਤੀ। ਇਸ ਉਪਰੰਤ ਕਵੀ ਦਰਬਾਰ ਦਾ ਆਗਾਜ਼ ਹੋਇਆ, ਜਿਸ ਵਿਚ ਕਵਿੱਤਰੀਆ ਨੇ ਔਰਤਾਂ ਨਾਲ ਜੁੜੇ ਵਿਿਭੰਨ ਮਸਲਿਆ ਨੂੰ ਕਵਿਤਾਵਾਂ ਦੇ ਹਵਾਲੇ ਨਾਲ ਪੇਸ਼ ਕੀਤਾ। ਇਸ ਕਵਿਤਾ ਦਰਬਾਰ ਦਾ ਸੰਚਾਲਨ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁੱਖੀ ਪ੍ਰੋ. ਸ਼ਰਨਜੀਤ ਕੌਰ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਪ੍ਰੋਗਰਾਮ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪ੍ਰਧਾਨ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ, ਲੁਧਿਆਣਾ ਤੇ ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਦੀ ਸੁਯੋਗ ਅਗਵਾਈ ਅਧੀਨ ਕੀਤੇ ਜਾਂਦੇ ਹਨ। ਕਵਿਤਾ ਦਰਬਾਰ ਦੇ ਅਖੀਰ ’ਤੇ ਪਰਵਾਸੀ ਸਾਹਿਤ ਅਧਿਐਨ ਦੇ ਕੋਆਰਡੀਨੇਟਰ ਡਾ. ਤੇਜਿੰਦਰ ਕੌਰ ਨੇ ਸਭ ਦਾ ਰਸਮੀ ਤੌਰ ’ਤੇ ਧੰਨਵਾਦ ਕੀਤਾ।
Leave a Comment
Your email address will not be published. Required fields are marked with *