ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਵਣ ਵਿਭਾਗ ਨੂੰ ਭੇਜੀਆਂ ਗਈਆਂ ਸ਼ਿਕਾਇਤਾਂ
ਫਰੀਦਕੋਟ, 17 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਸਰਕਾਰੀ ਬ੍ਰਜਿੰਦਰਾ ਕਾਲਜ ਫਰੀਦਕੋਟ, ਜੋ ਆਪਣੀ ਪੁਰਾਣੀ ਇਤਿਹਾਸਿਕ ਇਮਾਰਤ ਅਤੇ ਸੰਸਥਾ ਵਿਚਲੀ ਹਰਿਆਲੀ ਲਈ ਸੂਬੇ ਭਰ ’ਚ ਪ੍ਰਸਿੱਧ ਹੈ, ਦੇ ਅੰਦਰ ਬਿਨਾਂ ਰੋਕ ਟੋਕ ਤੋਂ ਦਰੱਖਤਾਂ ਦਾ ਨਾਮੋ ਨਿਸ਼ਾਨ ਮਿਟਾਇਆ ਜਾ ਰਿਹਾ ਹੈ| ਕਾਲਜ ਪ੍ਰਸ਼ਾਸ਼ਨ ਦੇ ਇਸ ਕਾਰੇ ’ਤੇ ਇਤਰਾਜ ਪ੍ਰਗਟ ਕਰਦਿਆਂ ਵਾਤਾਵਰਨ ਅਤੇ ਪੰਛੀਆਂ ਦੀ ਸੰਭਾਲ ਲਈ ਜਦੋ-ਜਹਿਦ ਕਰ ਰਹੀਆਂ ਸੰਸਥਾਵਾਂ ‘ਸੀਰ’ ਫਰੀਦਕੋਟ, ਮਾਸੂਮ ਪਰਵਾਜ ਵੈਲਫੇਅਰ ਸੁਸਾਇਟੀ ਅਤੇ ਜਲ ਜੀਵਨ ਬਚਾਓ ਮੋਰਚਾ ਵਲੋਂ ਆਨਲਾਈਨ ਸ਼ਿਕਾਇਤ ਕਰਕੇ ਮੁੱਖ ਮੰਤਰੀ ਪੰਜਾਬ ਸਮੇਤ ਰਾਜ ਸਰਕਾਰ, ਨੈਸ਼ਨਲ ਗਰੀਨ ਟ੍ਰਿਬਿਊਨਲ, ਵਣ ਵਿਭਾਗ, ਜਿਲਾ ਪ੍ਰਸ਼ਾਸ਼ਨ ਅਤੇ ਕਾਲਜ ਵਿਭਾਗ ਕੋਲ ਇਸ ਗੈਰਕਾਨੂੰਨੀ ਵਾਢੇ ਵਿਰੁੱਧ ਸ਼ਿਕਾਇਤ ਦਰਜ ਕਰਾਈ ਹੈ| ਇਸ ਬਾਰੇ ਜਾਣਕਾਰੀ ਦਿੰਦਿਆਂ ‘ਸੀਰ’ ਦੇ ਪ੍ਰਧਾਨ ਸੰਦੀਪ ਅਰੋੜਾ ਅਤੇ ਮਾਸੂਮ ਪਰਵਾਜ ਵੈਲਫੇਅਰ ਸੋਸਾਇਟੀ ਦੇ ਕਨਵੀਨਰ ਸ਼ੰਕਰ ਸ਼ਰਮਾ ਨੇ ਦੱਸਿਆ ਕਿ ਬਸੰਤ ਵਾਲੇ ਦਿਨ ਦੇਰ ਸ਼ਾਮ ਸੜਕ ਦੇ ਨਾਲ-ਨਾਲ ਕਾਲਜ ਦੀ ਗਰਾਊਂਡ ’ਚੋਂ ਅਸ਼ੋਕਾ ਦੇ 4 ਹਰੇ ਭਰੇ ਦਰੱਖਤ ਕੱਟੇ ਜਾਣ ਦੀ ਸੂਚਨਾ ਮਿਲਣ ’ਤੇ ‘ਸੀਰ’ ਮੈਂਬਰਾਂ ਵਲੋਂ ਪ੍ਰਿੰਸੀਪਲ ਰਾਜੇਸ਼ ਕੁਮਾਰ ਨੂੰ ਮਿਲ ਕੇ ਦਰੱਖਤ ਨਾ ਕੱਟੇ ਜਾਣ ਦੀ ਬੇਨਤੀ ਕੀਤੀ ਸੀ ਅਤੇ ਉਸ ਮੌਕੇ ਮੌਜੂਦ ਪ੍ਰੋਫੈਸਰ ਸਾਹਿਬਾਨ ਨੇ ਇਸ ਸਬੰਧੀ ਭਰੋਸਾ ਵੀ ਦਿਵਾਇਆ ਸੀ ਪਰ ਅਗਲੇ ਹੀ ਦਿਨ ਲਗਭਗ 50 ਸਾਲ ਪੁਰਾਣਾ ਬੇਰੀ ਦਾ ਦਰੱਖਤ ਜੜੋਂ ਹੀ ਪੁੱਟ ਦਿੱਤਾ ਗਿਆ ਜੋ ਕਿ ਨਾਲ ਲੱਗਦੀ ਇਮਾਰਤ ਤੋਂ ਘੱਟੋ-ਘੱਟ 25 ਫੁੱਟ ਦੀ ਦੂਰੀ ’ਤੇ ਸਥਿੱਤ ਸੀ| ਸੂਚਨਾ ਮਿਲਣ ’ਤੇ ਵਾਤਾਵਰਨ ਕਾਰਕੁਨਾਂ ਨੇ ਜਦ ਇਸ ਦੀ ਮਨਜੂਰੀ ਮੰਗੀ ਤਾਂ ਕਾਲਜ ਪ੍ਰਸ਼ਾਸ਼ਨ ਵਲੋਂ ਕੇਵਲ ਅਸੈਸਮੈਂਟ ਸਬੰਧੀ ਦਸਤਾਵੇਜ ਹੀ ਪੇਸ਼ ਕੀਤੇ ਗਏ, ਜਿਸ ’ਚ ਸਪੱਸ਼ਟ ਰੂਪ ’ਚ ਅੰਕਿਤ ਹੈ ਕਿ ਹਰੇ ਭਰੇ ਦਰੱਖਤਾਂ ਨੂੰ ਵੱਢਣ ਦੀ ਜੰਗਲਾਤ ਵਿਭਾਗ ਮਨਜੂਰੀ ਨਹੀਂ ਦਿੰਦਾ ਅਤੇ ਇਸ ਸਬੰਧੀ ਮਨਜੂਰੀ ਆਪਣੇ ਸਬੰਧਤ ਸਮਰੱਥ ਅਧਿਕਾਰੀ ਪਾਸੋਂ ਲਈ ਜਾਣੀ ਬਣਦੀ ਹੈ| ਜਦਕਿ ਕਾਲਜ ਪ੍ਰਸ਼ਾਸ਼ਨ ਨੇ ਕਿਸੇ ਉੱਚ ਅਧਿਕਾਰੀ ਪਾਸੋਂ ਇਸ ਸਬੰਧੀ ਕੋਈ ਮਨਜੂਰੀ ਲੈਣ ਦੀ ਜਰੂਰਤ ਨਹੀਂ ਸਮਝੀ ਅਤੇ 16 ਵਿਸ਼ਾਲ ਦਰੱਖਤਾਂ ਨੂੰ ਵੱਢ ਦਿੱਤਾ ਗਿਆ ਅਤੇ ਹੋਰ ਦਰੱਖਤਾਂ ਨੂੰ ਵੱਢੇ ਜਾਣ ਦੀ ਤਿਆਰੀ ਚੱਲ ਰਹੀ ਹੈ| ਇਹਨਾਂ ਸੰਸਥਾਵਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਦਰਖਤਾਂ ਨੂੰ ਨਜਾਇਜ ਤੌਰ ’ਤੇ ਕੱਟਣ ਤੋਂ ਰੋਕਿਆ ਜਾਵੇ ਅਤੇ ਇਸ ਸਬੰਧੀ ਜਾਂਚ ਕਰਕੇ ਗੈਰ ਕਾਨੂੰਨੀ ਤਰੀਕੇ ਨਾਲ ਹਰੇ ਭਰੇ ਦਰਖਤਾਂ ਨੂੰ ਕਟਾਉਣ ਵਾਲੇ ਅਧਿਕਾਰੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ| ਇਸ ਸਮੇ ਵਾਤਾਵਰਨ ਕਾਰਕੁਨ ਸੰਦੀਪ ਅਰੋੜਾ, ਸੰਕਰ ਸਰਮਾ, ਗਗਨ ਪਾਹਵਾ, ਐਡਵੋਕੇਟ ਮੰਗਤ ਅਰੋੜਾ, ਵਿਕਾਸ ਅਰੋੜਾ, ਗੁਰਮੀਤ ਸਿੰਘ ਸੰਧੂ, ਗੋਲਡੀ ਪੁਰਬਾ, ਕੇਵਲ ਕ੍ਰਿਸ਼ਨ ਕਟਾਰੀਆ, ਨਵਦੀਪ ਗਰਗ ਵੀ ਹਾਜਰ ਸਨ|