ਕੋਟਕਪੂਰਾ ਜੁੱਤੀ ਯੂਨੀਅਨ ਦੀਆਂ ਮੁਸ਼ਕਿਲਾ ਨੂੰ ਹੱਲ ਕਰਵਾਉਣ ਦਾ ਦਿੱਤਾ ਭਰੋਸਾ
ਕੋਟਕਪੂਰਾ, 4 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕਿਰਤੀਆਂ, ਛੋਟੇ ਵਪਾਰੀਆਂ ਅਤੇ ਉਦਯੋਗਪਤੀਆਂ ਨੇ ਸੂਬੇ ਦੇ ਅਰਥਚਾਰੇ ਨੂੰ ਗਤੀ ਪ੍ਰਦਾਨ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ ਅਤੇ ਇਨ੍ਹਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਕਿਸੇ ਵੀ ਕੀਮਤ ਤੇ ਅਣਗੌਲਿਆ ਨਹੀਂ ਕੀਤਾ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ.ਕੁਲਤਾਰ ਸਿੰਘ ਸੰਧਵਾਂ ਨੇ ਅੱਜ ਆਪਣੇ ਗ੍ਰਹਿ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ਤੇ ਹੱਲ ਕਰਨ ਉਪਰੰਤ “ਦਾ ਰਵੀਦਾਸ ਪੰਜਾਬੀ ਜੁੱਤੀ ਮੇਕਰ ਯੂਨੀਅਨ” ਕੋਟਕਪੂਰਾ ਦੇ ਨੁਮਾਇੰਦਿਆਂ ਕੋਲ ਉਚੇਚੇ ਤੌਰ ਤੇ ਪਹੁੰਚ ਕੇ ਗੱਲਬਾਤ ਕਰਦਿਆਂ ਆਖੀ। ਯੂਨੀਅਨ ਦੇ ਪ੍ਰਧਾਨ ਵੇਦ ਪ੍ਰਕਾਸ਼ ਨੇ ਸਪੀਕਰ ਸੰਧਵਾਂ ਨੂੰ ਦੱਸਿਆ ਕਿ ਕੋਟਕਪੂਰਾ ਵਿੱਚ ਜੁੱਤੀ ਬਨਾਉਣ ਦੇ ਕਰੋਬਾਰ ਨਾਲ ਸਬੰਧਤ ਰੇਗਰ ਸਮਾਜ ਦੇ ਕੋਈ 500-600 ਘਰ ਹਨ, ਅਤੇ 30-35 ਛੋਟੇ-ਵੱਡੇ ਜੁੱਤੀਆਂ ਦੇ ਯੁਨਿਟ ਹਨ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਹਰ ਕਿਸਮ ਦੀ ਜੁੱਤੀ, ਖਾਸਕਰ ਪੰਜਾਬੀ ਜੁੱਤੀ ਬਨਾਉਣ ਲਈ ਮਸ਼ਹੂਰ ਹਨ। ਉਨ੍ਹਾਂ ਦੱਸਿਆ ਕਿ ਕੋਟਕਪੂਰਾ ਵਿਖੇ ਬਨਣ ਵਾਲੀ ਪੰਜਾਬੀ ਜੁੱਤੀ ਦੀ ਸੂਬੇ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਕਾਫੀ ਮੰਗ ਹੈ। ਇਸ ਕਿੱਤੇ ਨਾਲ ਜੁੜੇ ਹੋਏ ਲੋਕ ਦਿਨ ਰਾਤ ਮਿਹਨਤ ਕਰਦੇ ਹਨ ਪਰ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੀ ਕਮਾਈ ਦਾ ਇੱਕ ਵੱਡਾ ਹਿੱਸਾ, 12 ਪ੍ਰਤੀਸ਼ਤ ਟੈਕਸ ਦੇ ਰੂਪ ਵਿੱਚ ਚਲਿਆ ਜਾਂਦਾ ਹੈ, ਜਦਕਿ ਹੋਲਸੇਲ (ਥੋਕ) ਵਿੱਚ ਉਨ੍ਹਾਂ ਦਾ ਮਾਰਜਿਨ (ਆਮਦਨ) 15 ਤੋਂ 20 ਪ੍ਰਤੀਸ਼ਤ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਟੈਕਸ 5 ਪ੍ਰਤੀਸ਼ਤ ਸੀ ਪਰ ਮੋਦੀ ਸਰਕਾਰ ਨੇ ਵਧਾ ਕੇ 12 ਪ੍ਰਤੀਸ਼ਤ ਕਰ ਦਿੱਤਾ। ਉਨ੍ਹਾਂ ਸਪੀਕਰ ਸੰਧਵਾਂ ਨੂੰ ਬੇਨਤੀ ਕੀਤੀ ਕਿ ਇਸ ਸਬੰਧੀ ਸਰਕਾਰ ਤੋਂ ਕੁਝ ਰਿਆਇਤ ਦਿਵਾਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾਵੇ। ਰੇਗਰ ਸਮਾਜ ਦੇ ਪ੍ਰਧਾਨ ਹਰਪਾਲ ਕੁਮਾਰ ਨੇ ਦੱਸਿਆ ਕਿ ਟੈਕਸ ਤੋਂ ਇਲਾਵਾ ਇਨ੍ਹਾਂ ਯੁਨਿਟਾਂ ਦੇ ਹਰ ਮਾਲਿਕ ਤੋਂ ਕਰਿੰਦੇ, ਕੰਮ ਤੇ ਲੱਗਣ ਵੇਲੇ, ਪੇਸ਼ਗੀ ਵੱਜੋਂ ਇੱਕ ਤੋਂ ਡੇੜ ਲੱਖ ਰੁਪਏ ਅਤੇ ਕਈ ਵਾਰ ਵੱਧ ਵੀ ਲੈ ਜਾਂਦੇ ਹਨ ਜਿਸ ਦੀ ਜ਼ਿਆਦਾਤਰ ਪੱਕੀ ਲਿਖਤ ਨਹੀਂ ਕੀਤੀ ਜਾਂਦੀ। ਕੱਚੀ ਲਿਖਤ ਦਾ ਫਾਇਦਾ ਚੁੱਕ ਕੇ ਕਰਿੰਦੇ ਕੰਮ ਛੱਡਣ ਵੇਲੇ ਇਹ ਪੈਸਾ ਮੋੜ ਕੇ ਨਹੀਂ ਜਾਂਦੇ ਜਿਸ ਨਾਲ ਮਾਲਿਕਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਇਸ ਸਬੰਧੀ ਪੁਲਿਸ ਵੱਲੋਂ ਵੀ ਕੋਈ ਮਦਦ ਨਹੀਂ ਕੀਤੀ ਜਾਂਦੀ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਹਰ ਇੱਕ ਯੁਨਿਟ ਦੇ ਮਾਲਿਕ ਦੇ ਅਜਿਹੇ ਇੱਕ ਦੋ ਮਾਮਲੇ ਲੰਬਿਤ ਹਨ। ਇਨ੍ਹਾਂ ਮਾਲੀ ਸਮੱਸਿਆਵਾਂ ਤੋਂ ਇਲਾਵਾ ਯੂਨੀਅਨ ਦੇ ਨੁਮਾਇੰਦਿਆਂ ਨੇ ਬਾਬਾ ਰਾਮਦੇਵ ਧਰਮਸ਼ਾਲਾ ਦੇ ਅਧੂਰੇ ਪਏ ਕੰਮ, ਕੋਹਲੀ ਪਾਰਕ ਦੀ ਦੇਖ-ਰੇਖ ਅਤੇ ਜਲਾਲੇਆਣਾਂ ਸੜਕ ਦੀ ਮੁਰੰਮਤ ਕਰਵਾਉਣ ਦੀ ਵੀ ਗੁਹਾਰ ਲਗਾਈ। ਸਪੀਕਰ ਸੰਧਵਾਂ ਨੇ ਯੂਨੀਅਨ ਦੇ ਨੁਮਾਇੰਦਿਆਂ ਦੀ ਟੈਕਸ ਸਬੰਧੀ ਬੇਨਤੀ ਨੂੰ ਸਬੰਧਤ ਮੰਤਰੀ ਨਾਲ ਗੱਲਬਾਤ ਕਰਨ ਉਪਰੰਤ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਸਪੀਕਰ ਸੰਧਵਾ ਨੇ ਮੋਦੀ ਸਰਕਾਰ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਵੀ ਕੀਤੀ। ਇਸ ਤੋਂ ਇਲਾਵਾ ਪੁਲਿਸ ਨੂੰ ਕਾਮਿਆਂ ਵੱਲੋਂ ਪੈਸੇ ਨਾ ਮੋੜਨ ਦੇ ਕੇਸਾਂ ਨੂੰ ਸਖਤੀ ਨਾਲ ਨਜਿੱਠਣ ਦੇ ਹੁਕਮ ਦਿੱਤੇ ਪਰ ਨਾਲ ਹੀ ਇਹ ਵੀ ਕਿਹਾ ਕਿ ਕਿਸੇ ਤੇ ੳਸ਼ੱਦਤ ਤੇ ਧੱਕੇਸ਼ਾਹੀ ਨਾ ਕੀਤੀ ਜਾਵੇ। ਉਨ੍ਹਾਂ ਪਾਰਕ, ਸੜਕ ਅਤੇ ਧਰਮਸ਼ਾਲਾ ਦੇ ਕੰਮ ਸਬੰਧੀ ਵੀ ਸਬੰਧਤ ਅਧਿਕਾਰਿਆਂ ਨੂੰ ਦੋ ਹਫਤੇ ਵਿੱਚ-ਵਿੱਚ ਰਿਪੋਰਟ ਕਰਨ ਦੇ ਹੁਕਮ ਦਿੱਤੇ। ਇਸ ਮੌਕੇ ਸਪੀਕਰ ਸੰਧਵਾਂ ਦੇ ਪੀ ਆਰ ਓ ਮਨਪ੍ਰੀਤ ਧਾਲੀਵਾਲ, ਅਮਨਦੀਪ ਸਿੰਘ ਸੰਧੂ ਪੀ.ਏ ਤੋਂ ਇਲਾਵਾ ਰਤਨ ਲਾਲ, ਪ੍ਰਧਾਨ ਵੈਦ ਪ੍ਰਕਾਸ਼, ਹਰਪਾਲ ਕੁਮਾਰ, ਸਿਕੰਦਰ ਕੁਮਾਰ, ਸ਼ੰਕਰ ਐਮ.ਸੀ,ਰਤਨ ਲਾਲ ਜੋਨੀ, ਸੂਰਜ ਮੋਰੀਆ, ਟੀਕਾ ਰਾਮ ਆਦਿ ਵੀ ਹਾਜ਼ਿਰ ਸਨ
Leave a Comment
Your email address will not be published. Required fields are marked with *