ਜੈਤੋ/ਕੋਟਕਪੂਰਾ, 16 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਸੰਯੁਕਤ ਕਿਸਾਨ ਮੋਰਚੇ ਦੀਆਂ ਬਲਾਕ ਜੈਤੋ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਨੇ ਕਿਸਾਨੀ ਮੁੱਦਿਆਂ ’ਤੇ ਅਹਿਮ ਮੰਗਾਂ ਨੂੰ ਲੈ ਕੇ ਸਥਾਨਕ ਨਾਇਬ ਤਹਿਸੀਲਦਾਰ ਸਿਕੰਦਰ ਸਿੰਘ ਨੂੰ ਮੰਗ ਪੱਤਰ ਸੌਂਪਿਆ। ਕਿਸਾਨ ਜਥੇਬੰਦੀਆਂ ਨੇ ਮੰਗ ਪੱਤਰ ’ਚ ਸਰਕਾਰ ਵਲੋਂ ਪਰਾਲੀ ਸਬੰਧੀ ਕੀਤੇ ਪਰਚੇ ’ਤੇ 2500 ਰੁਪਏ ਕਿੱਲਾ ਜੁਰਮਾਨਾ ਰੱਦ ਕਰਵਾਉਣ, ਪਿਛਲੇ ਸਾਲ ਗੜੇਮਾਰੀ ਕਾਰਨ ਹੋਏ ਕਣਕ ਦੀ ਫਸਲ ਦੇ ਨੁਕਸਾਨ ਦਾ ਮੁਆਵਜਾ ਨਾ ਮਿਲਣ, ਗੁਲਾਬੀ ਸੁੰਡੀ ਕਾਰਨ ਫਸਲ ਖਰਾਬੇ ਦਾ ਮੁਆਵਜਾ, ਝੋਨੇ ਦੀ ਸਿੱਧੀ ਬਿਜਾਈ ਦੇ 1500 ਰੁਪਏ, ਜੈਤੋ ਤੋਂ ਚੰਦਭਾਨ ਵਾਲੀ ਸੜਕ ਬਣਵਾਉਣ, ਕੱਟੇ ਹੋਏ ਰਾਸ਼ਨ ਕਾਰਡ ਮੁੜ ਬਹਾਲ ਕਰਵਾਉਣ, ਪਿੰਡਾਂ ਵਿੱਚ ਚੋਰੀ ਹੋ ਰਹੇ ਟਰਾਂਸਫਾਰਮਰ, ਸਿਵਲ ਹਸਪਤਾਲ ਜੈਤੋ ਦਾ ਰੁਤਬਾ ਵਾਪਿਸ ਕਰਕੇ ਸਿਵਲ ਹਸਪਤਾਲ ਜੈਤੋ ’ਚ ਡਾਕਟਰਾਂ ਦੀ ਕਮੀ ਜਲਦ ਤੋਂ ਜਲਦ ਪੂਰੀ ਕਰਨ ਸਬੰਧੀ ਮੰਗਾਂ ਰੱਖੀਆਂ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸਾਸ਼ਨ ਨੇ ਇਨ੍ਹਾਂ ਮੰਗਾਂ ’ਤੇ ਜਲਦ ਤੋਂ ਜਲਦ ਕੋਈ ਅਮਲ ਨਾ ਕੀਤਾ ਗਿਆ ਤਾਂ ਸੰਯੁਕਤ ਕਿਸਾਨ ਮੋਰਚਾ ਜਲਦ ਹੀ ਤਿੱਖਾ ਸੰਘਰਸ਼ ਵਿੱਢੇਗਾ। ਮੰਗ ਪੱਤਰ ਸੌਂਪਣ ਸਮੇਂ ਬੀ.ਕੇ.ਯੂ. ਡਕੌਂਦਾ ਦੇ ਜਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਚੈਨਾ, ਬੀ.ਕੇ.ਯੂ. ਮਾਲਵਾ ਦੇ ਸੂਬਾ ਜਰਨਲ ਸਕੱਤਰ ਨਛੱਤਰ ਸਿੰਘ ਜੈਤੋ, ਅਮਰਜੀਤ ਕੌਰ ਚੰਦਭਾਨ, ਭੁਪਿੰਦਰ ਸਿੰਘ ਚਹਿਲ, ਇਕਬਾਲ ਸਿੰਘ ਬਿਸ਼ਨੰਦੀ, ਸੁਖਮੰਦਰ ਸਿੰਘ, ਸਵਰਨ ਸਿੰਘ ਚੈਨਾ, ਨੈਬ ਸਿੰਘ ਢੈਪਈ, ਸੂਬਾਈ ਪ੍ਰਧਾਨ ਗੁਰਜੀਤ ਸਿੰਘ ਅਜਿੱਤ ਗਿੱਲ, ਜਿਲਾ ਪ੍ਰਧਾਨ ਜਸਵੀਰ ਸਿੰਘ (ਸੀਰਾ), ਜਗਦੀਸ਼ ਸਿੰਘ ਰਿਆਸਤੀ ਆਦਿ ਵੀ ਹਾਜਰ ਸਨ।
Leave a Comment
Your email address will not be published. Required fields are marked with *