ਸਪੀਕਰ ਸੰਧਵਾਂ ਸਮੇਤ ਵਿਧਾਇਕਾਂ ਇਲਾਵਾ ਡੀ.ਸੀ. ਨੇ ਵੀ ਕੀਤੀ ਸ਼ਿਰਕਤ
ਫ਼ਰੀਦਕੋਟ, 16 ਮਾਰਚ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਆਨਲਾਈਨ ਮਾਧਿਅਮ ਰਾਹੀਂ ਉਹਨਾਂ ਕਿਸਾਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਪੰਜਾਬ ਸਰਕਾਰ ਵੱਲੋਂ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ’ਚ ਹਿੱਸਾ ਲਿਆ ਜਿੰਨਾ ਨੇ ਆਪਣੀਆਂ ਕੀਮਤੀ ਜਾਨਾਂ ਕਿਸਾਨੀ ਸੰਘਰਸ਼ ਦੌਰਾਨ ਕੁਰਬਾਨ ਕੀਤੀਆਂ। ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਸਪੀਕਰ ਸੰਧਵਾਂ ਤੋਂ ਇਲਾਵਾ ਵਿਧਾਇਕ ਗੁਰਦਿੱਤ ਸਿੰਘ ਸੇਖੋ ਅਤੇ ਅਮੋਲਕ ਸਿੰਘ ਵਿਧਾਇਕ ਫਰੀਦਕੋਟ ਨੂੰ ਆਨਲਾਈਨ ਮਾਧਿਅਮ ਰਾਹੀਂ ਕਿਸਾਨਾਂ ਦੇ ਪਰਿਵਾਰਾਂ ਨੂੰ ਰੂ-ਬ-ਰੂ ਕਰਵਾਇਆ। ਇਸ ਮੌਕੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਕਿਸਾਨੀ ਅੰਦੋਲਨ ’ਚ ਦੇਸ ਲਈ ਜਿਨ੍ਹਾਂ ਕਿਸਾਨਾਂ ਨੇ ਸਹਾਦਤ ਦਿੱਤੀ ਸੀ ਦੇ ਪਰਿਵਾਰਕ ਮੈਂਬਰਾਂ ’ਚੋਂ 18 ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਕਿਸਾਨਾਂ ਦੇ ਇਹ ਪਰਿਵਾਰਿਕ ਮੈਂਬਰ ਵੀ ਤਨ ਦੇਹੀ ਨਾਲ ਆਪਣੀ ਡਿਊਟੀ ਨਿਭਾਉਣ। ਇਸ ਮੌਕੇ ਮੁੱਖ ਖੇਤੀ ਬਾੜੀ ਅਫ਼ਸਰ ਅਮਰੀਕ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਸਪੀਕਰ ਸੰਧਵਾਂ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਸੰਜੀਦਾ, ਢੁੱਕਵਾਂ ਅਤੇ ਕਿਸਾਨਾਂ ਦੇ ਜਖਮਾਂ ’ਤੇ ਮੱਲਮ ਲਾਉਣ ਵਾਲਾ ਕਰਾਰ ਦਿੱਤਾ। ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨ ਕੇਵਲ ਸੂਬੇ ਦਾ ਹੀ ਢਿੱਡ ਨਹੀਂ ਭਰਦੇ ਬਲਕਿ ਸਾਰੇ ਦੇਸ ਦੇ ਅੰਨ ਭੰਡਾਰਾਂ ਨੂੰ ਅੰਨ ਮੁਹੱਈਆ ਕਰਦੇ ਹਨ। ਉਹਨਾਂ ਮਰਹੂਮ ਕਿਸਾਨਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਦੀ ਕੁਰਬਾਨੀ ਨੂੰ ਲਾਸਾਨੀ ਕਰਾਰ ਦਿੰਦਿਆਂ ਸਾਰੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਦੀ ਘੜੀ ਵਿੱਚ ਨਾਲ ਖੜੇ ਹੋਣ ਦਾ ਆਸ਼ਵਾਸਨ ਦਿੱਤਾ। ਉਹਨਾਂ ਇਸ ਗੱਲ ਤੇ ਦੁੱਖ ਪ੍ਰਗਟ ਕੀਤਾ ਕਿ ਕਿਸੇ ਸਮੇਂ ਖੇਤੀ ਨੂੰ ਉੱਤਮ ਮੰਨਿਆ ਜਾਂਦਾ ਸੀ ਜਿਸ ਕਾਰਨ ਇਹ ਕਿਹਾ ਜਾਂਦਾ ਸੀ ਕਿ ਉੱਤਮ ਖੇਤੀ, ਮੱਧਮ ਵਪਾਰ, ਨਖਿੱਧ ਚਾਕਰੀ। ਪ੍ਰੰਤੂ ਅੱਜ ਦੇ ਸੰਦਰਭ ਵਿੱਚ ਖੇਤੀ ਦੇ ਜੋ ਹਾਲਾਤ ਸਾਡੇ ਸਾਹਮਣੇ ਨਜਰ ਆ ਰਹੇ ਹਨ ਉਹ ਕੋਈ ਬਹੁਤ ਚੰਗੀ ਤਸਵੀਰ ਪੇਸ ਨਹੀਂ ਕਰ ਰਹੇ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਹਮੇਸਾ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਡੀਜਲ, ਖਾਦਾਂ, ਬੀਜਾ, ਰੇਹਾਂ, ਸਪਰੇਹਾਂ ਦੇ ਵੱਧ ਰਹੇ ਰੇਟਾਂ ਦੇ ਸਦਕਾ ਔਖੀ ਹੋ ਰਹੀ ਖੇਤੀਬਾੜੀ ਨੂੰ ਸਰਕਾਰ ਇਸ ਭੰਵਰ ਵਿੱਚੋਂ ਕੱਢਣ ਲਈ ਹਮੇਸ਼ਾ ਤਤਪਰ ਹੈ। ਐਮ.ਐਲ.ਏ ਫਰੀਦਕੋਟ ਗੁਰਦਿੱਤ ਸਿੰਘ ਸਿੰਘ ਸੇਖੋਂ ਨੇ ਸਪੀਕਰ ਸੰਧਵਾਂ ਦੀ ਗੱਲ ਨੂੰ ਹੋਰ ਅੱਗੇ ਤੋਰਦਿਆਂ ਕਿਸਾਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਚੇਤੇ ਕਰਵਾਇਆ ਕਿ ਪਿਛਲੇ ਝੋਨੇ ਦੇ ਸੀਜਨ ਦੌਰਾਨ ਪੰਜਾਬ ਸਰਕਾਰ ਵਲੋਂ ਪਹਿਲੀ ਵਾਰ ਕਿਸਾਨਾਂ ਲਈ ਨਹਿਰੀ ਪਾਣੀ ਦਾ ਇੰਤਜਾਮ ਕਰਵਾਇਆ ਗਿਆ ਸੀ। ਇਸ ਦੌਰਾਨ ਸੂਬੇ ਦੇ ਉਹਨਾਂ ਖੇਤਾਂ ਵਿੱਚ ਵੀ ਪਾਣੀ ਪਹੁੰਚਿਆ ਜਿਹੜੇ ਟੇਲਾਂ ਤੇ ਸਥਿਤ ਸਨ। ਉਹਨਾਂ ਇਸ ਕੰਮ ਨੂੰ ਟਿੱਬੇ ’ਤੇ ਪਾਣੀ ਚੜਾਉਣ ਦੇ ਬਰਾਬਰ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਲਈ ਮਿਆਰੀ ਬੀਜ, ਰੇਹਾਂ ਸਪਰੇਹਾਂ, ਖੇਤੀਬਾੜੀ ਸੰਦ ਉਪਲਬਧ ਕਰਾਉਣ ਤੋਂ ਇਲਾਵਾ ਸਹਾਇਕ ਧੰਦਿਆਂ ਜਿਵੇਂ ਕਿ ਮੱਝਾਂ, ਗਾਵਾਂ, ਬੱਕਰੀ, ਸੂਰ ਅਤੇ ਮੱਛੀ ਪਾਲਣ ’ਚ ਵੀ ਕਿਸਾਨਾਂ ਦਾ ਭਰਪੂਰ ਸਾਥ ਦੇ ਰਹੀ ਹੈ। ਵਿਧਾਇਕ ਜੈਤੋ ਅਮੋਲਕ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਕਿਸਾਨਾਂ ਦੇ ਪਰਿਵਾਰਾਂ ਲਈ ਕੀਤਾ ਗਿਆ ਇਹ ਉਪਰਾਲਾ ਸਲਾਂਘਾਯੋਗ ਹੈ ਅਤੇ ਪੰਜਾਬ ਸਰਕਾਰ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਗਿਆ ਹੈ।