ਕੋਟਕਪੂਰਾ, 11 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜੇਕਰ ਐਨ ਆਰ ਆਈ ਵੀਰ/ਭੈਣਾ ਕਿਸਾਨ ਅੰਦੋਲਨ ਵਿੱਚ ਕਿਸਾਨੀ ਦਾ ਸਾਥ ਦੇਣ ਦੀ ਤਰਾਂ ਇਕ ਹੋਰ ਹੰਭਲਾ ਮਾਰ ਕੇ ਪੰਜਾਬ ਅਤੇ ਕਿਸਾਨੀ ਨੂੰ ਮਜਬੂਤ ਕਰਨ ਵਿੱਚ ਯੋਗਦਾਨ ਪਾਉਣ ਤਾਂ ਆਉਣ ਵਾਲੀਆਂ ਨਵੀਆਂ ਪੀੜੀਆਂ ਦਾ ਭਵਿੱਖ ਰੋਸ਼ਨ ਹੋ ਸਕਦਾ ਹੈ। ਭਾਈ ਗੁਰਪ੍ਰੀਤ ਸਿੰਘ ਚੰਦਬਾਜਾ ਪ੍ਰਧਾਨ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ, ਕਨਵੀਨਰ ਨਰੋਆ ਪੰਜਾਬ ਮੰਚ, ਕੋਆਰਡੀਨੇਟਰ ਵਾਤਾਵਰਨ ਚੇਤਨਾ ਲਹਿਰ ਅਤੇ ਮੈਂਬਰ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਮੈਨੂੰ ਪਤਾ ਹੈ ਕਿ ਆਪਾਂ ਭਾਵੇਂ ਆਪਣੀ ਮਾਤ ਭੂਮੀ (ਪੰਜਾਬ) ਤੋਂ ਹਜਾਰਾਂ ਮੀਲ ਦੂਰ ਬੈਠੇ ਹਾਂ ਪਰ ਹਮੇਸ਼ਾਂ ਪੰਜਾਬ ਅਤੇ ਪੰਜਾਬੀਅਤ ਦੀ ਚੜ੍ਹਦੀਕਲਾ ਲੋਚਦੇ ਹਾਂ, ਕਿਉਂ ਨਾ ਜਿੱਥੇ-ਜਿੱਥੇ ਵਿਦੇਸ਼ਾਂ ਵਿੱਚ ਆਪਾਂ ਵੱਸਦੇ ਹਾਂ, ਉੱਥੇ-ਉੱਥੇ ਛੋਟੇ ਵੱਡੇ ਸਟੋਰਾਂ ਤੇ ਰਸੋਈ (ਰੋਜ ਵਸਤਾਂ) ਦਾ ਸਮਾਨ ਖਰੀਦਣ ਜਾਂਦੇ ਹਾਂ ਤਾਂ ਪੰਜਾਬ ਦੇ ਆਰਗੈਨਿਕ ਅਨਾਜ (ਆਟਾ, ਦਾਲਾਂ, ਸਬਜੀਆਂ, ਗੁੜ, ਫਲਾਂ ਆਦਿ) ਦੀ ਮੰਗ ਕਰੀਏ, ਕਿਉਂਕਿ ਅੱਜ ਦੇ ਯੁੱਗ ’ਚ ਕਾਰਪੋਰੇਟ ਡਿਮਾਂਡ ਦੇ ਅਨੁਸਾਰ ਕਾਰੋਬਾਰ ਕਰਦਾ ਹੈ। ‘ਨਾਲੇ ਪੁੰਨ ਤੇ ਨਾਲੇ ਫਲੀਆਂ’ ਵਾਲੀ ਕਹਾਵਤ ਵਾਂਗ, ਸਾਡੀ ਮੰਗ ਅਨੁਸਾਰ ਸਾਨੂੰ ਸ਼ੁੱਧ ਖੁਰਾਕ ਮਿਲ ਸਕੇਗੀ ਤੇ ਉੱਥੇ ਹੀ ਪੰਜਾਬ ਦੇ ਆਰਗੈਨਿਕ ਖੇਤੀ ਕਰ ਰਹੇ ਕਿਸਾਨ ਨੂੰ ਲਾਭ ਮਿਲੇਗਾ। ਫਿਰ ਹੋਰ ਕਿਸਾਨ ਵੀ ਕੁਦਰਤੀ ਖੇਤੀ ਵੱਲ ਉਤਸ਼ਾਹਿਤ ਹੋਣਗੇ। ਜਿਸ ਨਾਲ ਪੰਜਾਬ ਦਾ ਵਾਤਾਵਰਨ ਵੀ ਸ਼ੁੱਧ ਹੋਵੇਗਾ।