ਬਠਿੰਡਾ, 2 ਅਪ੍ਰੈਲ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਮੂਹ ਕਿਸਾਨ ਵੀਰਾਂ ਨੂੰ ਕਣਕ ਦੀ ਵਾਢੀ ਅਤੇ ਮੰਡੀਕਰਣ ਸੀਜਨ 2024-25 ਸਬੰਧੀ ਜ਼ਰੂਰੀ ਨੁਕਤਿਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।
ਇਸ ਦੌਰਾਨ ਕਿਸਾਨ ਭਲਾਈ ਵਿਭਾਗ ਦੇ ਬੁਲਾਰੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕਣਕ ਦੀ ਕਟਾਈ ਕੰਬਾਇਨ ਨਾਲ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਵਜੇ ਤੱਕ ਹੀ ਕੀਤੀ ਜਾਵੇ ਅਤੇ ਪੱਕੀ ਹੋਈ ਫ਼ਸਲ ਦੀ ਹੀ ਕਟਾਈ ਕੀਤੀ ਜਾਵੇ।
ਮੰਡੀਆਂ ਵਿੱਚ ਕਣਕ ਵੇਚਣ ਸਮੇਂ ਜਦੋਂ ਕਣਕ ਦੀ ਫ਼ਸਲ ਮੰਡੀ ਵਿੱਚ ਲਿਆਂਦੀ ਜਾਵੇ ਤਾਂ ਕਣਕ ਹਮੇਸ਼ਾ ਸਾਫ ਕਰਕੇ ਅਤੇ ਸੁਕਾ ਕੇ ਮੰਡੀਆਂ ਵਿੱਚ ਲਿਆਂਦੀ ਜਾਵੇ, ਕਣਕ ਦੇ ਦਾਣਿਆਂ ਵਿੱਚ ਨਮੀ ਦੀ ਮਾਤਰਾ 12 ਪ੍ਰਤੀਸ਼ਤ ਤੋਂ ਘੱਟ ਅਤੇ 14 ਪ੍ਰਤੀਸ਼ਤ ਤੋਂ ਵੱਧ ਨਾ ਹੋਵੇ, ਫ਼ਸਲ ਨੂੰ ਮੰਡੀ ਵਿੱਚ ਸਾਫ ਥਾਂ ਤੇ ਢੇਰੀ ਕੀਤਾ ਜਾਵੇ, ਫ਼ਸਲ ਨੂੰ ਮੰਡੀ ਵਿੱਚ ਮੀਂਹ, ਮਿੱਟੀ ਆਦਿ ਤੋਂ ਬਚਾਉਣ ਲਈ ਤਰਪਾਲ ਨਾਲ ਢੱਕ ਕੇ ਰੱਖਿਆ ਜਾਵੇ। ਇਸ ਤੋਂ ਇਲਾਵਾ ਫ਼ਸਲ ਨੂੰ ਸਿਰਫ ਨਿਯਮਿਤ ਮੰਡੀਆਂ ਵਿੱਚ ਹੀ ਵੇਚਿਆ ਜਾਵੇ ਤਾਂ ਜੋ ਉਚਿਤ ਮੁੱਲ ਮਿਲ ਸਕੇ ਤੇ ਮਾਰਕੀਟ ਫੀਸ ਦਾ ਸਰਕਾਰ ਨੂੰ ਨੁਕਸਾਨ ਨਾ ਹੋਵੇ।
ਇਸੇ ਤਰ੍ਹੀਂ ਹੀ ਫਸਲ ਦਾ ਇੰਦਰਾਜ ਸਹੀ ਨਾਮ ਤੇ ਪੂਰਾ ਪਤਾ ਮਾਰਕੀਟ ਕਮੇਟੀ ਦੇ ਕਰਮਚਾਰੀ ਕੋਲ ਬੋਲੀ ਰਜਿਸਟਰ ਵਿੱਚ ਅਤੇ ਕੱਚੇ ਆੜਤੀਏ ਕੋਲ ਹੀਪ ਰਜਿਸਟਰ ਵਿੱਚ ਜ਼ਰੂਰ ਦਰਜ ਕਰਵਾਇਆ ਜਾਵੇ। ਮਾਰਕੀਟਿੰਗ ਸੀਜਨ ਚਾਲੂ ਸਾਲ 2024-25 ਦੌਰਾਨ ਕਣਕ ਦੀ ਫ਼ਸਲ ਦਾ ਸਮਰਥਨ ਮੁੱਲ 2275/- ਰੁਪਏ ਪ੍ਰਤੀ ਕੁਇੰਟਲ ਹੈ। ਕਿਸਾਨ ਕੇਵਲ ਲੁਹਾਈ ਅਤੇ ਸਫ਼ਾਈ ਦੇ ਨਿਰਧਾਰਿਤ ਖਰਚੇ ਜੋ ਕਿ 6.34 ਪ੍ਰਤੀ 50 ਕਿਲੋ ਬੋਰੀ ਦੇ ਹਿਸਾਬ ਨਾਲ ਹੀ ਕੱਚੇ ਆੜ੍ਹਤੀਏ ਨੂੰ ਅਦਾ ਕੀਤੀ ਜਾਵੇ। ਜਿਣਸ ਦੀ ਤੁਲਾਈ ਉਪਰੰਤ ਕੱਚੇ ਆੜ੍ਹਤੀਏ ਤੋਂ (ਜੇ ਫਾਰਮ) ਜ਼ਰੂਰ ਪ੍ਰਾਪਤ ਕੀਤਾ ਜਾਵੇ।
ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਵੀਰਾਂ ਨੂੰ ਇੱਕ ਹੋਰ ਅਪੀਲ ਕਰਦਿਆਂ ਕਿਹਾ ਕਿ ਕਣਕ ਦੀ ਕਟਾਈ ਤੋਂ ਬਾਅਦ ਫ਼ਸਲ ਦੀ ਰਹਿੰਦ-ਖੂਹੰਦ ਨੂੰ ਅੱਗ ਲਗਾ ਕੇ ਸਾੜਿਆ ਨਾ ਜਾਵੇ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਵਾਤਾਵਰਨ ਦੂਸ਼ਿਤ ਹੁੰਦਾ ਹੈ, ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ ਅਤੇ ਮਿੱਤਰ ਕੀੜਿਆ ਦਾ ਖਾਤਮਾ ਹੁੰਦਾ ਹੈ। ਦੂਸ਼ਿਤ ਵਾਤਾਵਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ।
Leave a Comment
Your email address will not be published. Required fields are marked with *