ਅਜੋਕੇ ਸਮੇਂ ਵਿੱਚ ਜਦੋਂ ਕਿ 21ਵੀਂ ਸਦੀ ਵਿਗਿਆਨਿਕ ਯੁੱਗ ਜਾਂ ਇਹ ਕਹਿ ਲਈਏ ਟੈਕਨਾਲੋਜੀ ਦਾ ਯੁੱਗ ਹੈ। ਪਰ ਫਿਰ ਵੀ ਅਜੋਕੇ ਦੌਰ ਵਿੱਚ ਸਾਰੀਆਂ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਅੱਜ ਕੱਲ ਦੇ ਬੱਚੇ ਪੜ੍ਹਾਈ ਤੋਂ ਕਿਉਂ ਦੂਰ ਜਾ ਰਹੇ ਹਨ। ਇਹ ਇੱਕ ਬਹੁਤ ਹੀ ਗੰਭੀਰ ਤੇ ਸਮਝਣ ਦਾ ਮੁੱਦਾ ਹੈ। ਸਿੱਖਿਆ ਤੰਤਰ ਦੇ ਵਿੱਚ ਸਿੱਖਿਆ ਦੇ ਘਾਣ ਕਰਨ ਵਿੱਚ ਅਸੀਂ ਮਾਪੇ, ਅਧਿਆਪਕ, ਸਿੱਖਿਆ ਵਿਭਾਗ, ਅਤੇ ਸਾਡੀਆਂ ਖ਼ੁਦ ਚੁਣੀਆਂ ਸਰਕਾਰਾਂ ਜਿੰਮੇਵਾਰ ਤਾਂ ਨਹੀਂ।ਕਿਉਂ ਅੱਜ ਕੱਲ੍ਹ ਦੇ ਬੱਚੇ ਸਿੱਖਿਆ ਤੋਂ ਕੰਨੀ ਕਤਰਾ ਰਹੇ ਹਨ? ਕਿਹੜੀਆਂ ਨੀਤੀਆਂ ਹਨ, ਜਿੰਨਾ ਕਰਕੇ ਬੱਚਿਆਂ ਦਾ ਭਵਿੱਖ ਦਾਅ ਤੇ ਲੱਗਾ ਹੈ?ਜਾ ਫੇਰ ਸਾਡੀ ਅਜੋਕੀ ਸਿੱਖਿਆ ਬੱਚਿਆਂ ਦੇ ਹਾਣ ਦੀ ਨਹੀਂ ।ਕਿਤੇ ਸਿੱਖਿਆ ਦਾ ਧਰੁਵੀਕਰਨ ਕਰਨ ਲਈ ਜਾਣ ਬੁੱਝ ਕੇ ਸਿੱਖਿਆ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੀ ਕੋਈ ਸਾਜਿਸ਼ ਤਾਂ ਨਹੀਂ।ਜਿਸ ਕਰਕੇ ਸਰਕਾਰੀ ਸਕੂਲਾਂ ਦਾ ਮਿਆਰ ਘੱਟ ਕਰਨ ਦੇ ਲਈ ਜਾਨ- ਬੁੱਝ ਕੇ ਮਾਪਿਆਂ ਦੀ ਸ਼ਮੂਲੀਅਤ ਘੱਟ ਕਰਨ ਤੇ ਅਧਿਆਪਕਾਂ ਨੂੰ ਜ਼ੀਰੋ ਕਰਨ ਦੀ ਕੋਈ ਕੋਝੀ ਚਾਲ ਤਾਂ ਨਹੀਂ। ਜੇਕਰ ਦੇਖਿਆ ਜਾਵੇ ਤਾਂ ਸਕੂਲਾਂ ਦਾ ਹਾਲ ਉਸ ਕਹਾਵਤ ਵਾਲ਼ਾ ਹੋਇਆ ਪਿਆ ਹੈ ਕਿ,
ਉੱਚੀ ਦੁਕਾਨ, ਫਿੱਕਾ ਪਕਵਾਨ।
ਸਰਕਾਰੀ ਸਕੂਲਾਂ ਦਾ ਹਾਲ ਇਹ ਹੈ ਕਿ ਅਧਿਆਪਕਾਂ ਨੂੰ ਬੇਲੋੜੀਆਂ ਡਾਕਾਂ ਵਿੱਚ ਉਲਝਾ ਕੇ ਰੱਖਿਆ ਜਾ ਰਿਹਾ ਹੈ। ਮਾਪਿਆਂ ਦੀ ਸ਼ਮੂਲੀਅਤ ਨੂੰ ਜ਼ੀਰੋ ਕੀਤਾ ਜਾ ਰਿਹਾ ਹੈ। ਜਿਵੇਂ ਬੱਚਿਆਂ ਦੇ ਬਲੱਡ ਗਰੁੱਪ ਟੈਸਟ, ਬੱਚਿਆਂ ਦੇ ਇਨਕਮ ਸਰਟੀਫਿਕੇਟ,ਬੀ ਐੱਲ ਓ,ਨੀਲਿਪ,ਸਵੀਪ, ਖੇਡਾਂ ਵਤਨ ਪੰਜਾਬ, ਮਿਸ਼ਨ ਸਮਰੱਥ, ਮਿਸ਼ਨ 100%, ਪਰਾਲ਼ੀ ਨਾ ਸਾੜਨਾ,ਫਲੱਡ ਡਿਊਟੀ, ਪਤਾ ਨਹੀਂ ਹੋਰ ਨਿੱਕ ਸੁੱਕ ਕੀ ਹੈ?ਇੱਕ ਹੀ ਡਾਕ ਨੂੰ ਵਾਰ ਵਾਰ ਮੰਗਵਾਉਣਾ, ਕਾਗਜ਼ੀ ਕੰਮ ਘਟਾਉਣ ਲਈ ਕੰਪਿਊਟਰ ਲਾਏ ਸੀ, ਪਰ ਕਾਗਜ਼ ਦੀ ਵਰਤੋਂ ਵੱਧ ਗਈ। ਇੱਕ ਹੀ ਡਾਕ ਮੇਲ਼ ਵੀ ਕਰੋ।ਹਾਰਡ ਕਾਪੀ ਵੀ ਭੇਜੋ, ਵੱਟਸਐਪ ਵੀ ਕਰੋ।ਕਦੇ ਕਦੇ ਤਾਂ ਲੱਗਦਾ ਕਿ ਜਿਵੇਂ ਅਧਿਆਪਕ ਪੜ੍ਹਾਉਣ ਲਈ ਨਹੀਂ, ਤਿੰਨ ਚਾਰ ਸਾਲ ਪੁਰਾਣੀ ਰੱਦੀ ਫ਼ਰੋਲਣ, ਜਾਂ ਫ਼ੋਟੋਆਂ ਅੱਪਲੋਡ ਕਰਨ ਹੀ ਆਇਆ।ਸਾਰਾ ਦਿਨ ਕਮਲਿਆਂ ਵਾਂਗ ਮੋਬਾਈਲ ਫ਼ੋਨ ਤੇ ਹੀ ਨਜ਼ਰ ਰਹਿੰਦੀ ਹੈ।ਕਿਹੜੀ ਡਾਕ ਭੇਜ ਦਿੱਤੀ,ਕਿਹੜੀ ਰਹਿ ਗਈ। ਨਵੀਂ ਕਿਹੜੀ ਆ ਗਈ। ਘਰ ਪਹੁੰਚ ਦੇ ਨਹੀਂ, ਮੈਸੇਜ ਪਹਿਲਾਂ ਆਇਆ ਹੁੰਦਾ ਕਿ ਹੁਣੇ ਭੇਜਣਾ ਯਕੀਨੀ ਬਣਾਇਆ ਜਾਵੇ। ਲੋਕਾਂ ਦੀਆਂ ਨਜ਼ਰਾਂ ਵਿੱਚ ਅਧਿਆਪਕ ਵਿਹਲੜ ਹੈ।ਸਭ ਤੋਂ ਵੱਡੀ ਸਮੱਸਿਆ ਪਹਿਲੀ ਤੋਂ ਅੱਠਵੀਂ ਤੱਕ ਫੇਲ੍ਹ ਨਾ ਕਰਨਾ।ਜਿਸ ਕਰਕੇ ਬੱਚੇ ਨਾ ਅਧਿਆਪਕ ਦੇ ਕਹਿਣੇ ਵਿੱਚ ਤੇ ਨਾ ਮਾਪਿਆਂ ਦੇ ਕਹਿਣੇ ਵਿੱਚ ਰਹੇ ਹਨ। ਬਹੁ ਗਿਣਤੀ ਅਧਿਆਪਕ ਅਜਿਹੇ ਹਨ ਜਿਨ੍ਹਾਂ ਨੇ ਆਪਣੇ ਪਿੱਤਰੀ ਸਕੂਲਾਂ ਨੂੰ ਦੇਖਿਆਂ ਮੁੱਦਤਾਂ ਹੋ ਗਈਆਂ।ਅਜਿਹੇ ਸਮੇਂ ਦੇ ਵਿੱਚ ਸਾਨੂੰ ਲੋੜ ਹੈ ਆਪਣੀ ਸਿੱਖਿਆ ਨੀਤੀਆਂ ਤੇ ਅਧਿਆਪਨ ਦੇ ਖੇਤਰ ਵਿੱਚ ਧਿਆਨ ਦੇਣ ਦੀ ਅਧਿਆਪਕਾਂ ਦੇ ਨਾਲ਼ ਮਾਪਿਆਂ ਦੀ ਜ਼ਿੰਮੇਵਾਰੀ ਤੈਅ ਕਰਨ ਦੀ।ਬੇਲੋੜੀਆਂ ਡਾਕਾਂ ਨੂੰ ਦਰੋਂ ਕਿਨਾਰ ਕਰਕੇ ਬੱਚਿਆਂ ਦੇ ਨੈਤਿਕ ਕਦਰਾਂ ਕੀਮਤਾਂ ਤੇ ਸਰਬਪੱਖੀ ਵਿਕਾਸ ਵਾਸਤੇ ਇੱਕ ਚੰਗੀ ਸਿੱਖਿਆ ਨੀਤੀ ਤਿਆਰ ਕਰਨ ਵਾਸਤੇ ਯਤਨ ਕਰਨ ਦੀ ਪਹਿਲ ਕਦਮੀ ਕਰਕੇ ਸਿੱਖਿਆ ਨੂੰ ਉਸਾਰੂ ਬਣਾਉਣ ਦੀ।

ਰਣਬੀਰ ਸਿੰਘ ਪ੍ਰਿੰਸ ( ਸ਼ਾਹਪੁਰ ਕਲਾਂ)
ਆਫ਼ਿਸਰ ਕਾਲੋਨੀ ਸੰਗਰੂਰ 148001
9872299613
Leave a Comment
Your email address will not be published. Required fields are marked with *