ਇੱਕ ਯੁਵਕ ਕਵਿਤਾਵਾਂ ਲਿਖਦਾ ਸੀ, ਪਰ ਉਹਦੇ ਇਸ ਗੁਣ ਦਾ ਕੋਈ ਮੁੱਲ ਨਹੀਂ ਸੀ ਪਾਉਂਦਾ। ਘਰ ਵਾਲੇ ਵੀ ਉਹਨੂੰ ਤਾਅਨੇ-ਮਿਹਣੇ ਦਿੰਦੇ ਰਹਿੰਦੇ ਕਿ ਤੂੰ ਕਿਸੇ ਕੰਮ ਦਾ ਨਹੀਂ, ਬਸ ਕਾਗਜ਼ ਹੀ ਕਾਲੇ ਕਰਦਾ ਰਹਿੰਦਾ ਹੈਂ। ਉਹਦੇ ਅੰਦਰ ਹੀਣ-ਭਾਵਨਾ ਘਰ ਕਰ ਗਈ। ਉਹਨੇ ਆਪਣੇ ਇੱਕ ਜੌਹਰੀ ਮਿੱਤਰ ਨੂੰ ਆਪਣੀ ਇਹ ਦੁਖਭਰੀ ਕਹਾਣੀ ਸੁਣਾਈ। ਜੌਹਰੀ ਨੇ ਉਹਦੀ ਗੱਲ ਸੁਣ ਕੇ ਉਹਨੂੰ ਇੱਕ ਪੱਥਰ ਦਿੰਦਿਆਂ ਕਿਹਾ, “ਜ਼ਰਾ ਮੇਰਾ ਇੱਕ ਕੰਮ ਕਰ ਦੇਹ! ਇਹ ਇੱਕ ਕੀਮਤੀ ਪੱਥਰ ਹੈ। ਵੱਖ-ਵੱਖ ਤਰ੍ਹਾਂ ਦੇ ਲੋਕਾਂ ਕੋਲੋਂ ਇਹਦੀ ਕੀਮਤ ਦਾ ਪਤਾ ਕਰਕੇ ਆ, ਬਸ ਇਹਨੂੰ ਵੇਚੀਂ ਨਾ।”
ਯੁਵਕ ਪੱਥਰ ਲੈ ਕੇ ਚਲਾ ਗਿਆ। ਉਹ ਪਹਿਲਾਂ ਇੱਕ ਕਬਾੜੀਏ ਕੋਲ ਗਿਆ। ਕਬਾੜੀਆ ਬੋਲਿਆ, “ਪੰਜ ਰੁਪਏ ਵਿੱਚ ਮੈਂ ਇਹਨੂੰ ਖਰੀਦ ਸਕਦਾ ਹਾਂ।” ਫਿਰ ਉਹ ਸਬਜ਼ੀ ਵਾਲੇ ਕੋਲ ਗਿਆ। ਉਹਨੇ ਕਿਹਾ, “ਤੂੰ ਇੱਕ ਕਿੱਲੋ ਆਲੂਆਂ ਦੇ ਬਦਲੇ ਮੈਨੂੰ ਦੇ ਦੇਹ। ਇਹਨੂੰ ਮੈਂ ਵੱਟੇ ਦੀ ਥਾਂ ਤੇ ਵਰਤ ਲਵਾਂਗਾ।” ਇਸ ਪਿੱਛੋਂ ਉਹ ਇੱਕ ਮੂਰਤੀਕਾਰ ਕੋਲ ਗਿਆ। ਮੂਰਤੀਕਾਰ ਨੇ ਕਿਹਾ, “ਇਸ ਪੱਥਰ ਦੀ ਮੈਂ ਮੂਰਤੀ ਬਣਾ ਸਕਦਾ ਹਾਂ। ਤੂੰ ਇਹ ਮੈਨੂੰ ਇੱਕ ਹਜ਼ਾਰ ਵਿੱਚ ਦੇ ਦੇਹ।” ਆਖ਼ਰਕਾਰ ਯੁਵਕ ਉਸ ਪੱਥਰ ਨੂੰ ਲੈ ਕੇ ਰਤਨਾਂ ਦੇ ਪਾਰਖੂ ਕੋਲ ਗਿਆ। ਉਹਨੇ ਪੱਥਰ ਨੂੰ ਪਰਖ ਕੇ ਕਿਹਾ, “ਇਹ ਪੱਥਰ ਬਹੁਤ ਕੀਮਤੀ ਹੈ, ਜੀਹਨੂੰ ਤਰਾਸ਼ਿਆ ਨਹੀਂ ਗਿਆ। ਕਰੋੜਾਂ ਰੁਪਏ ਵੀ ਇਹਦੇ ਲਈ ਘੱਟ ਹਨ।” ਯੁਵਕ ਜਦੋਂ ਸਾਰੀ ਜਾਣਕਾਰੀ ਲੈ ਕੇ ਵਾਪਸ ਆਇਆ ਤਾਂ ਜੌਹਰੀ ਨੇ ਦੱਸਿਆ ਕਿ ਇਸ ਪੱਥਰ ਵਾਂਗ ਸਾਡਾ ਜੀਵਨ ਵੀ ਬਹੁਮੁੱਲਾ ਹੈ, ਬਸ ਇਹਨੂੰ ਮਾਹਿਰ ਹੀ ਪਰਖ ਸਕਦਾ ਹੈ। ਹੁਣ ਯੁਵਕ ਦੇ ਅੰਦਰੋਂ ਹੀਣ-ਭਾਵਨਾ ਖਤਮ ਹੋ ਚੁੱਕੀ ਸੀ ਤੇ ਉਹਨੂੰ ਸੰਦੇਸ਼ ਮਿਲ ਚੁੱਕਾ ਸੀ।

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.