ਕਹਾਣੀਕਾਰ ਜਤਿੰਦਰ ਹਾਂਸ ਨਾਲ ਰੂ-ਬ-ਰੂ
ਚੰਡੀਗੜ੍ਹ, 30 ਅਕਤੂਬਰ (ਹਰਦੇਵ ਚੌਹਾਨ/ ਵਰਲਡ ਪੰਜਾਬੀ ਟਾਈਮਜ) ਭਾਸ਼ਾ ਵਿਭਾਗ (ਪੰਜਾਬੀ ਸੈੱਲ) ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ, ਚੰਡੀਗੜ੍ਹ ਦੇ ਵਿਹੜੇ ਕਹਾਣੀਕਾਰ ਜਤਿੰਦਰ ਹਾਂਸ ਨਾਲ ਰੂ-ਬ-ਰੂ ਸਮਾਗਮ ਦਾ ਆਯੋਜਨ ਕੀਤਾ ਗਿਆ।ਸਮਾਗਮ ਦੇ ਆਰੰਭ ਵਿੱਚ – ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਿਹਾ ਗਿਆ ਅਤੇ ਜਤਿੰਦਰ ਹਾਂਸ ਦੇ ਪੰਜਾਬੀ ਕਹਾਣੀ ਵਿਚ ਸਥਾਨ ਬਾਰੇ ਚਾਨਣਾ ਪਾਇਆ ਗਿਆ।
ਪ੍ਰੋ. ਐੱਚ.ਐੱਸ.ਡਿੰਪਲ (ਪੀ.ਸੀ.ਐੱਸ.) ਨੇ ਜਤਿੰਦਰ ਹਾਂਸ ਦੀਆਂ ਕਹਾਣੀਆਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਜਤਿੰਦਰ ਹਾਂਸ ਚੌਥੀ ਪੀੜ੍ਹੀ ਦਾ ਕਹਾਣੀਕਾਰ ਹੈ। ਉਹ ਹਰੇਕ ਕਹਾਣੀ ਵਿਚ ਨਵਾਂ ਪ੍ਰਯੋਗ ਕਰਦਾ ਹੈ ਅਤੇ ਕਹਾਣੀ ਵਿਚ ਗਿਆਨ ਨੂੰ ਕਿਤੇ ਭਾਰੂ ਨਹੀਂ ਹੋਣ ਦਿੰਦਾ ਸਗੋਂ ਗਿਆਨ ਨੂੰ ਕਸ਼ੀਦ ਕੇ ਪੇਸ਼ ਕਰਦਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਜਤਿੰਦਰ ਹਾਂਸ ਕਿਸੇ ਵਾਦ ਨਾਲ ਨਹੀਂ ਜੁੜਦਾ ਸਗੋਂ ਸ਼ੋਸ਼ਿਤ ਧਿਰ ਨਾਲ ਖੜ੍ਹਦਾ ਹੈ।
ਜਤਿੰਦਰ ਹਾਂਸ ਨੇ ਆਖਿਆ ਕਿ ਵਾਧੂ ਗੱਲ ਮੇਰੇ ਤੋਂ ਸਹਿ ਨਹੀਂ ਹੁੰਦੀ। ਇਸੇ ਲਈ ਮੇਰੀਆਂ ਕਹਾਣੀਆਂ ਵਿਚ ਸੰਖੇਪਤਾ ਦਾ ਤੱਤ ਮੌਜੂਦ ਹੈ। ‘ਕੀ ਲੁਕਾਉਣਾ ਅਤੇ ਕੀ ਦਿਖਾਉਣਾ’ ਮੇਰੀ ਕਹਾਣੀ ਦੀ ਮੁੱਖ ਜੁਗਤ ਹੈ। ਮੇਰੇ ਲਈ ਅਣਕਿਹਾ ਅਹਿਮ ਹੈ। ਮੈਂ ਵਿਸ਼ਵੀਕਰਨ ਦੇ ਦੌਰ ਵਿਚ ਸਮਾਜ ਅਤੇ ਪਰਿਵਾਰ ਦੇ ਨਾਲ-ਨਾਲ ਸਵੈ ਨਾਲੋਂ ਟੁੱਟ ਚੁੱਕੇ ਬੰਦੇ ਬਾਰੇ ਕਹਾਣੀਆਂ ਲਿਖਦਾ ਹਾਂ।
ਇਸ ਮੌਕੇ ਕਹਾਣੀਕਾਰ ਜਤਿੰਦਰ ਹਾਂਸ ਅਤੇ ਸ੍ਰੋਤਿਆਂ ਵਿਚਾਲੇ ਸਵਾਲ ਜਵਾਬ ਦਾ ਸਿਲਸਿਲਾ ਵੀ ਚੱਲਿਆ।
ਸਮਾਗਮ ਦੇ ਅੰਤ ਵਿੱਚ ਸਹਾਇਕ ਡਾਇਰੈਕਟਰ (ਪੰਜਾਬੀ ਸੈੱਲ) ਚੰਡੀਗੜ੍ਹ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਕਹਾਣੀਕਾਰ ਜਤਿੰਦਰ ਹਾਂਸ ਅਤੇ ਪ੍ਰੋ. ਐੱਚ.ਐੱਸ.ਡਿੰਪਲ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਰੂ-ਬ-ਰੂ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ।
ਫੋਟੋ: ਜਤਿੰਦਰ ਹਾਂਸ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼ (ਚੌਹਾਨ)