ਊਂਘਦੇ ਜਿਹੇ ਘਰ ਵਿੱਚ ਕੁਝ ਚਹਿਲ-ਪਹਿਲ ਵਧ ਗਈ ਹੈ। ਮਿੰਨੀ ਜੁ ਆ ਰਹੀ ਹੈ। ਸਾਲ ਤੋਂ ਉੱਤੇ ਹੋ ਗਿਆ ਹੈ। ਉੱਚੀਆਂ- ਉੱਚੀਆਂ ਕੰਧਾਂ ਵਾਲ਼ੀ ਵਿਸ਼ਾਲ, ਦੂਰ-ਦੂਰ ਤੱਕ ਫੈਲੀ ਕੋਠੀ ਕਿਵੇਂ ਚੁੱਪ ਹੋ ਗਈ ਹੈ! ਮਹਾਂਮਾਰੀ! ਅਤੇ ਮਹਾਂਮਾਰੀ ਦੀ ਭਿਅੰਕਰਤਾ! ਡਰੇ-ਸਹਿਮੇ ਸਾਰੇ, ਕਮਰਿਆਂ ਵਿੱਚ ਕੈਦ! ਕਿੰਨੇ ਹੀ ਨਵੇਂ ਸ਼ਬਦ ਉਹ ਸਿੱਖ ਗਈ ਹੈ! ਮਰ ਜਾਣੇ ਅਜਿਹੇ ਸ਼ਬਦ ਮੂੰਹ ਤੇ ਹੀ ਨਹੀਂ ਚੜ੍ਹਦੇ ਸਨ। ਬਹੂ ਨੇ ਇੰਨੀ ਵਾਰ ਬੋਲਿਆ ਕਿ ਜ਼ਬਾਨ ਨੇ ਉਨ੍ਹਾਂ ਨੂੰ ਖ਼ੁਦ ਹੀ ਪਹਿਨ ਲਿਆ। ਚਲੋ, ਮਿੰਨੀ ਆਵੇਗੀ ਤਾਂ ਘਰ ਵਿੱਚ ਰੌਣਕ ਆ ਜਾਵੇਗੀ! ਕਿਵੇਂ ਦਾਦੀ ਨੂੰ ਫਿਰਕੀ ਵਾਂਗ ਗੋਲ-ਗੋਲ ਘੁਮਾ ਕੇ, ਛਾਤੀ ਨਾਲ ਲੱਗ ਜਾਂਦੀ ਹੈ। ਹੋਰ ਕੀ ਚਾਹੀਦੈ, ਉਨ੍ਹਾਂ ਨੂੰ ਬੁਢਾਪੇ ਵਿੱਚ! ਇੰਨਾ ਸਾਰਾ ਸੁਖ ਪ੍ਰਾਪਤ ਕਰਕੇ ਛਾਤੀ ਨੂੰ ਠੰਡ ਪੈ ਜਾਂਦੀ ਹੈ। ਉਹਦਾ ਖਿੜਿਆ-ਖਿੜਿਆ ਚਿਹਰਾ ਵੇਖ ਕੇ ਤਾਂ ਜਿਵੇਂ ਉਨ੍ਹਾਂ ਨੂੰ ਸਵਰਗ ਮਿਲ ਜਾਂਦਾ ਹੈ। ਇਨ੍ਹੀਂ ਦਿਨੀਂ ਕਿਹੋ ਜਿਹੀ ਉਦਾਸੀ, ਕਿਹੋ ਜਿਹਾ ਇਕੱਲਾਪਣ ਘਰ ਕਰ ਗਿਆ ਹੈ ਉਨ੍ਹਾਂ ਦੇ ਮਨ ਵਿੱਚ! ਉਹੀ ਇੱਕੋ ਜਿਹਾ ਰਸਤਾ! ਉਸੇ ਰਸਤੇ ਤੇ ਊਂਘਦੀ ਜਿਹੀ ਚਲਦੀ ਜ਼ਿੰਦਗੀ!
“ਮਿੱਤਾ (ਬਹੂ ਮੀਤਾ ਨੂੰ ਉਹ ਮਿੱਤਾ ਕਹਿੰਦੇ ਹਨ), ਕਿੰਨੇ ਵਜੇ ਦੀ ਫ਼ਲਾਈਟ ਹੈ? ਰਾਜਮਾਹ ਬਣਾ ਲੈ ਓਹਦੇ ਵਾਸਤੇ! ਮਟਰ-ਪੁਲਾਓ ਮੈਂ ਬਣਾ ਦਿਆਂਗੀ।”
ਮੀਤਾ ਨੇ ਉਨ੍ਹਾਂ ਨੂੰ ਵੱਡੀਆਂ-ਵੱਡੀਆਂ ਅੱਖਾਂ ਨਾਲ ਵੇਖਿਆ ਅਤੇ ਮੁਸਕਰਾ ਪਈ। ਹਾਰਟ ਸਰਜਰੀ ਤੋਂ ਪਿੱਛੋਂ ਉਹ ਬੈੱਡ ਤੇ ਹਨ। ਉਂਜ ਤਾਂ ਉਹ ਠੀਕ ਹੋ ਗਏ ਹਨ ਪਰ ਉਨ੍ਹਾਂ ਦੇ ਅੰਦਰਲਾ ਜੋਸ਼ ਖਤਮ ਹੋ ਗਿਆ ਹੈ। ਕੁਝ ਕਰਨ ਨੂੰ ਜੀਅ ਹੀ ਨਹੀਂ ਕਰਦਾ।
“ਮਿੱਤਾ, ਤੂੰ ਪਰ੍ਹੇ ਹੋ, ਮੈਂ ਕਰਦੀ ਹਾਂ। ਜੇ ਤੂੰ ਬਣਾਏਂਗੀ ਤਾਂ ਚੌਲ ਜੁੜ ਜਾਣਗੇ। ਮਿੰਨੀ ਨੂੰ ਮੇਰੇ ਹੱਥਾਂ ਦਾ ਪੁਲਾਓ ਬੜਾ ਸੁਆਦੀ ਲੱਗਦਾ ਹੈ।”
ਮੀਤਾ ਝੱਟ ਸਹਾਇਕਾ ਦੀ ਭੂਮਿਕਾ ਸੰਭਾਲ ਕੇ ਬੀ-ਜੀ ਕੋਲ ਹੀ ਖੜ੍ਹੀ ਹੋ ਗਈ। “ਪੁੱਤਰ, ਹੁਣ ਤੁਸੀਂ ਏਅਰਪੋਰਟ ਜਾਓ!”
“ਬੀ-ਜੀ, ਹਾਲੇ ਤਾਂ ਬੜਾ ਟਾਈਮ ਪਿਆ ਹੈ, ਥੋੜ੍ਹੀ ਦੇਰ ਨੂੰ ਜਾਂਦੇ ਹਾਂ।”
ਅੱਧਾ ਘੰਟਾ ਪਹਿਲਾਂ ਹੀ ਉਹ ਏਅਰਪੋਰਟ ਪਹੁੰਚ ਗਏ। ਫਲਾਈਟ ਲੈਂਡ ਹੋਣ ਵਾਲੀ ਸੀ। ਵਿਨੋਦ ਅਤੇ ਮੀਤਾ ਆਪ ਵੀ ਬੇਟੀ ਨੂੰ ਮਿਲਣ ਲਈ ਉਤਾਵਲੇ ਸਨ।
ਉਦੋਂ ਹੀ ਲਹਿਰਾਉਂਦੇ ਲੰਮੇ ਵਾਲਾਂ ਵਾਲੀ, ਗੋਰੀ ਚਿੱਟੀ, ਉੱਚੀ ਮਿੰਨੀ ਨੇ ਵੇਵ ਕੀਤਾ। ਮਾਸਕ ਬੰਨ੍ਹੀ ਚਿਹਰਿਆਂ ਦੀ ਭੀੜ ਵਿੱਚ ਵੀ ਮੀਤਾ ਅਤੇ ਵਿਨੋਦ ਆਪਣੀ ਮਿੰਨੀ ਨੂੰ ਪਹਿਚਾਣ ਕੇ ਉਹਨੂੰ ਗਲੇ ਲਾਉਣ ਦੀ ਲੰਮੀ ਅਤ੍ਰਿਪਤ ਇੱਛਾ ਨਾਲ ਦੌੜ ਪਏ। ਪਰ ਜਿਵੇਂ ਕਿਸੇ ਨੇ ਉਨ੍ਹਾਂ ਦੇ ਪੈਰਾਂ ਵਿੱਚ ਬੇੜੀਆਂ ਪਾ ਦਿੱਤੀਆਂ। ਖ਼ੁਦ ਨੂੰ ਪੂਰੀ ਤਰ੍ਹਾਂ ਬੰਨ੍ਹ, ਦੂਰੋਂ ਹੀ ਬੇਟੀ ਨੂੰ ਵੇਖਦੇ ਰਹੇ।
“ਬੇਟਾ, ਸਮਾਨ ਸੈਨੇਟਾਈਜ਼ ਕਰ ਲਵੋ। ਤੇ ਖ਼ੁਦ ਨੂੰ ਵੀ।” ਮਿੰਨੀ ਪਿੱਛੇ ਹੀ ਸੀਟ ਤੇ ਬਹਿ ਗਈ।
ਕਿਹੋ ਜਿਹਾ ਸਮਾਂ ਹੈ ਇਹ! ਇੰਨੇ ਚਿਰ ਪਿੱਛੋਂ ਬੇਟੀ ਮਿਲੀ, ਚਿਹਰਾ ਵੀ ਨਹੀਂ ਵੇਖ ਸਕੀ। ਅੱਖਾਂ ਦੇ ਕੋਨਿਆਂ ਤੋਂ ਹੰਝੂਆਂ ਦੀਆਂ ਬੂੰਦਾਂ ਗੱਲ੍ਹਾਂ ਤੇ ਡਿੱਗ ਪਈਆਂ, ਜੋ ਚਿਹਰੇ ਤੇ ਲੱਗੇ ਮਾਸਕ ਵਿੱਚ ਜਜ਼ਬ ਹੋ ਗਈਆਂ। ਮੀਤਾ ਨੇ ਦਿਲ ਵਿੱਚ ਉਠਦੀਆਂ ਤਰੰਗਾਂ ਨੂੰ ਰੋਕ ਕੇ ਖ਼ੁਦ ਨੂੰ ਅਨੁਸ਼ਾਸਿਤ ਕਰ ਲਿਆ।
“ਮਿੰਨੀ ਦਾ ਟੈਸਟ ਵੀ ਕਰਾਉਣਾ ਹੋਵੇਗਾ ਅਤੇ ਕੁਆਰੰਟੀਨ ਵੀ…। ਮੁੰਬਈ ਦੇ ਹਾਲਾਤ ਤਾਂ ਉਂਜ ਵੀ ਖਰਾਬ ਹਨ।”
ਇਕਦਮ ਘਬਰਾ ਕੇ ਮੀਤਾ ਅੰਦਰੋ-ਅੰਦਰ ਖ਼ੁਦ ਵਿੱਚ ਸਿਮਟ ਗਈ।
ਸੋਚਦੇ-ਸੋਚਦੇ ਕਦੋਂ ਘਰ ਆ ਗਿਆ, ਪਤਾ ਹੀ ਨਹੀਂ ਲੱਗਿਆ। ਗੱਡੀ ਪੋਰਚ ਵਿੱਚ ਖੜ੍ਹੀ ਸੀ।
ਹਫੜਾ-ਦਫੜੀ ਵਿੱਚ ਬੈਗ ਅਤੇ ਬਾਕੀ ਸਮਾਨ ਸਿੱਧਾ ਮਿੰਨੀ ਦੇ ਕਮਰੇ ਵਿੱਚ ਪਹੁੰਚਾ ਦਿੱਤਾ ਗਿਆ ਅਤੇ ਮਿੰਨੀ ਵੀ ਕਿਸੇ ਅਪਰਾਧੀ ਵਾਂਗ ਮੂੰਹ ਲਪੇਟੀ ਝਟਪਟ ਉਤਲੇ ਕਮਰੇ ਵਿੱਚ ਬੰਦ ਹੋ ਗਈ।
“ਮਿੱਤਾ, ਕੁੜੀ ਕਿੱਥੇ ਹੈ? ਅਸੀਂ ਤਾਂ ਉਹਦੇ ਨਾਲ ਗੱਲ ਵੀ ਨਹੀਂ ਕੀਤੀ। ਪਿਆਰ ਨਾਲ ਗਲੇ ਵੀ ਨਹੀਂ ਲਾਇਆ। ਉੱਤੇ ਚਲੀ ਗਈ ਹੈ? ਕੀ ਹੋਇਐ ਉਹਨੂੰ…?”
“ਬੀ-ਜੀ ਉਹਨੂੰ ਕੁਆਰੰਟੀਨ ਰਹਿਣਾ ਪਵੇਗਾ ਅੱਠ ਦਿਨ। ਬਾਹਰੋਂ ਆਈ ਹੈ ਨਾ!”
“ਇਹ ਕੀ ਗੱਲ ਹੋਈ? ਨ੍ਹਾ-ਧੋ ਕੇ ਵੀ!”
ਬੀ-ਜੀ ਅਤੇ ਪਾਪਾ ਜੀ ਕੁਝ ਨਾ ਸਮਝਦੇ ਹੋਏ ਵੀ ਇੱਕ-ਦੂਜੇ ਨੂੰ ਸਮਝਾਉਣ ਦੀ ਸਫ਼ਲ-ਅਸਫ਼ਲ ਕੋਸ਼ਿਸ਼ ਕਰ ਰਹੇ ਸਨ।

* ਮੂਲ : ਯਸ਼ੋਧਰਾ ਭਟਨਾਗਰ, ਦੇਵਾਸ (ਮੱਧਪ੍ਰਦੇਸ਼)