ਡਾਲੀ-ਡਾਲੀ, ਪੱਤਾ-ਪੱਤਾ,
ਕੁਦਰਤ ਦੀ ਹਰ ਸ਼ੈਅ।
ਅੰਡਜ, ਜੇਰਜ, ਸੇਤਜ, ਉਤਭੁਜ,
ਜਿਉਂ ਨਗ਼ਮੇ ਦੀ ਲੈਅ।
ਹਰ ਜ਼ੱਰੇ ਤੇ ਹਰ ਕਿਣਕੇ ਵਿੱਚ,
ਦਿੱਸੇ ਓਹਦਾ ਨੂਰ।
ਨਦੀਆਂ, ਚਸ਼ਮੇ, ਪਰਬਤ, ਘਾਟੀ,
ਜਾਂ ਹੈ ਕੋਹਿਤੂਰ।
ਰਮਿਆ ਵਿੱਚ ਪ੍ਰਕਿਰਤੀ ਦੇ,
ਪਰ ਨਜ਼ਰੀਂ ਨਾ ਆਵੇ।
ਜੋਤੀ ਵਿੱਚ ਜਦ ਜੋਤੀ ਮਿਲਦੀ,
ਆਪਣਾ ਰੂਪ ਵਿਖਾਵੇ।
ਪੱਥਰ ਵਿੱਚ ਵੀ ਰਿਜ਼ਕ ਪੁਚਾਵੇ,
ਸਭ ਦੀ ਲੈਂਦਾ ਸਾਰ।
ਓਸ ਮਾਲਕ ਦੇ ਜੁਗਾਂ ਜੁਗਾਂ ਤੋਂ,
ਭਰੇ ਪਏ ਭੰਡਾਰ।
ਕਾਦਰ ਦੀ ਕੁਦਰਤ ਹੈ ਵੇਖੋ,
ਕਿੰਨੀ ਪਾਕ-ਪੁਨੀਤ।
ਥਾਹ ਨਾ ਕੋਈ ਪਾ ਸਕਿਆ,
ਸੱਚ ਆਖੇ ‘ਨਵ ਸੰਗੀਤ’।

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.