ਸੰਗਰੂਰ 16 ਨਵੰਬਰ (ਡਾ. ਭਗਵੰਤ ਸਿੰਘ /ਵਰਲਡ ਪੰਜਾਬੀ ਟਾਈਮਜ਼)
ਪ੍ਰਸਿੱਧ ਸਾਹਿਤਕਾਰ ਅਤੇ ਸਾਬਕਾ ਆਈ.ਏ.ਐਸ. ਅਧਿਕਾਰੀ ਸ਼੍ਰੀ ਨ੍ਰਿਪਇੰਦਰ ਸਿੰਘ ਰਤਨ ਦੇ ਵਿਛੋੜੇ ਤੇ ਪੰਜਾਬੀ ਸਾਹਿਤ ਸਭਾ ਸੰਗਰੂਰ ਅਤੇ ਮਾਲਵਾ ਰਿਸਰਚ ਸੈਂਟਰ ਪਟਿਆਲਾ ਤੇ ਗੁਰਮਤਿ ਲੋਕਧਾਰਾ ਵਿਚਾਰਮੰਚ ਵੱਲੋਂ ਗਹਿਰੇ ਸ਼ੋਕ ਦਾ ਪ੍ਰਗਟਾਵਾ ਕੀਤਾ ਗਿਆ ਹੈ। ਡਾ. ਭਗਵੰਤ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੰਦਰਭ ਵਿੱਚ ਇੱਕ ਸ਼ੋਕ ਇੱਕਤਰਤਾ ਡਾ. ਤੇਜਵੰਤ ਮਾਨ ਸਾਹਿਤ ਰਤਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਬਹੁਤ ਸਾਰੇ ਸਾਹਿਤਕਾਰ ਤੇ ਚਿੰਤਕ ਇੱਕਠੇ ਹੋਏ। ਇੱਕਤਰਤਾ ਵਿੱਚ ਸ਼੍ਰੀ ਰਤਨ ਦੇ ਪੰਜਾਬ, ਭਾਸ਼ਾ ਸਾਹਿਤ ਤੇ ਸੱਭਿਆਚਾਰ ਅਤੇ ਪੰਜਾਬੀ ਦੀ ਅਕਾਦਮਿਕਤਾ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ ਗਿਆ। ਡਾ. ਤੇਜਵੰਤ ਮਾਨ ਨੇ ਸ. ਰਤਨ ਦੇ ਸਾਹਿਤਕ ਕਾਰਜਾਂ ਅਤੇ ਪੰਜਾਬੀ ਭਾਸ਼ਾ ਨੀਤੀ ਤਿਆਰ ਕਰਨ ਸਬੰਧੀ ਕੀਤੇ ਕਾਰਜਾਂ ਦੀ ਤਫਸ਼ੀਲ ਪੇਸ਼ ਕੀਤੀ। ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਰਤਨ ਸਾਹਿਬ ਵੱਲੋਂ ਉਚੇਰੀ ਸਿੱਖਿਆ ਵਿੱਚ ਕੀਤੇ ਉਸਾਰੂ ਸੁਧਾਰਾਂ ਨੂੰ ਯਾਦ ਕੀਤਾ। ਡਾ. ਭਗਵੰਤ ਸਿੰਘ ਨੇ ਸ਼੍ਰੀ ਰਤਨ ਦੇ ਕਹਾਣੀ ਸੰਗ੍ਰਹਿ ਸ਼ੇਰਾਂ ਦਾ ਵਾਨ ਪ੍ਰਸਤ ਨੂੰ ਪੰਜਾਬੀ ਕਹਾਣੀ ਦਾ ਅਦੁੱਤੀ ਸੰਗ੍ਰਹਿ ਦੱਸਿਆ ਅਤੇ ਉਨ੍ਹਾਂ ਦੀ ਭਾਸ਼ਾ ਵਿਭਾਗ ਪੰਜਾਬ ਦੇ ਸੁਧਾਰ ਹਿੱਤ ਪਾਏ ਯੋਗਦਾਨ ਬਾਰੇ ਦੱਸਿਆ। ਗੁਰਨਾਮ ਸਿੰਘ, ਜਗਦੀਪ ਸਿੰਘ ਐਡਵੋਕੇਟ, ਦੇਸ਼ ਭੂਸ਼ਨ, ਸੰਦੀਪ ਸਿੰਘ, ਡਾ. ਦਵਿੰਦਰ ਕੌਰ ਨੇ ਸ਼੍ਰੀ ਰਤਨ ਦੇ ਪ੍ਰਸ਼ਾਸਨਿਕ ਕਾਰਜਾਂ ਬਾਰੇ ਵਿਚਾਰ ਪ੍ਰਗਟ ਕੀਤੇ। ਇਸ ਸਮੇਂ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਪ੍ਰਧਾਨ ਗੁਰਮਤਿ ਲੋਕ ਧਾਰਾ ਵਿਚਾਰ ਮੰਚ ਨੇ ਸ਼੍ਰੀ ਰਤਨ ਦੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਲਈ ਕੀਤੇ ਕਾਰਜਾਂ ਬਾਰੇ ਦੱਸਿਆ ਕਿ ਉਹ ਜ਼ਮੀਨ ਨਾਲ ਜੁੜੇ ਹੋਏ ਅਧਿਕਾਰੀ ਸਨ। ਉਨ੍ਹਾਂ ਦੇ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ ਹੈ।