21 ਸਾਲ ਦੀ ਸ਼ਿੱਦਤ ਗੂੜੇ ਰੰਗ ਦਾ ਸੂਟ ਤੇ ਗੁੱਤ ਚ ਪਰਾਦੀ ਪਾਈਂ ਗਲੀ ਚੋਂ ਘਰ ਵੱਲ ਨੂੰ ਭੱਜੀ ਆਈ ਤੇ ਹੱਸ ਕੇ ਅਪਣੀ ਮਾਂ ਨੂੰ ਗਲ਼ ਨਾਲ ਲਾਇਆਂ | ਇਹ ਦੇਖਕੇ ਉਹਦੀ ਭਾਬੀ ਦੀਪ ਬੋਲੀ ਸ਼ਿੱਦਤੇ ਤੂੰ ਹੁਣ ਵਿਆਹੁਣ ਵਾਲੀ ਹੋਈ ਪਈ ਐਂ, ਘੱਟ ਖਿੜ ਖਿੜ ਕਰਿਆਂ ਕਰ ਤੇ ਘਰੇ ਵੀ ਬਹਿ ਜਾਇਆਂ ਕਰ | ਸਾਰਾ ਦਿਨ ਲੋਕਾਂ ਦੇ ਕੋਅਲੇ ਕਸਦੀ ਰਹਿਣੀ ਆਂ | ਇਹ ਸੁਣਕੇ ਸ਼ਿੱਦਤ ਨੇ ਆਪਣੀ ਮਾਂ ਚਰਨੋਂ ਵੱਲ ਦੇਖਿਆਂ ਤੇ ਕਹਿਣ ਲੱਗੀ ” ਦੇਖ ਲਾ ਮਾਂ”, ਮੇਰੀ ਉਮਰ ਹੀ ਕੀ ਆਂ ਹਲੇ, ਨਾਲੇ ਸਹੁਰੇ ਜਾਕੇ ਕੰਮ ਹੀ ਤਾਂ ਕਰਨਾ | ਇਹ ਸੁਣਕੇ ਸ਼ਿੱਦਤ ਦੀ ਮਾਂ ਬੋਲੀ ਧੀਏ ਹੁਣ ਤੂੰ ਘਰ ਦੇ ਕੰਮ ਚ ਆਪਣੀ ਭਾਬੀ ਦਾ ਹੱਥ ਵਟਾਇਆਂ ਕਰ | ਇੰਨੇ ਨੂੰ ਸ਼ਿੱਦਤ ਦਾ ਪਿਓ ਮਹਿੰਦਰ ਸਿਓ ਤੇ ਉਹਦਾ ਭਰਾ ਸਾਹਿਬ ਆ ਗਿਆਂ | ਸਾਹਿਬ ਆਪਣੀ ਭੈਣ ਦੇ ਸਿਰ ਤੇ ਹੱਥ ਰੱਖਕੇ ਬੋਲਿਆਂ, ਅਸੀਂ ਸ਼ਿੱਦਤ ਨੂੰ ਉੱਥੇ ਵਿਆਹਵਾਂ ਗਏ, ਜਿੱਥੇ ਕੰਮ ਕਰਨ ਦੀ ਲੌੜ ਹੀ ਨਾ ਪਵੇ | ਫਿਰ ਸ਼ਿੱਦਤ ਦਾ ਬਾਪੂ ਬੋਲਿਆਂ , ” ਹਾਂ ” , ਮੈਂ ਆਪਣੀ ਧੀ ਲਈ ਰਾਜਾ ਵਰ ਲੱਭੂ | ਆਖ਼ਿਰ ਮੇਰੀ ਧੀ ਰਾਜ ਕੁਮਾਰੀ ਆਂ | ਇਹ ਸੁਣਕੇ ਸ਼ਿੱਦਤ ਨੇ ਆਪਣੇ ਬਾਪੂ ਨੂੰ ਜੱਫੀ ਪਾ ਲਈ ਤੇ ਅੱਖਾਂ ਭਰ ਕੇ ਕਹਿੰਦੀ, “ਹਰ ਇੱਕ ਨੂੰ ਤੇਰੇ ਵਰਗਾ ਬਾਪੂ ਮਿਲੇ ” |
ਅਗਲੀ ਸਵੇਰ ਸ਼ਿੱਦਤ ਆਪਣੀ ਸਹੇਲੀ ਦੇ ਘਰ ਬੈਠੀ | ਇੰਨੇ ਨੂੰ ਇੱਕ ਮੁੰਡਾ ਭੱਜਕੇ ਆਇਆਂ ਤੇ ਸਾਹੋਂ ਸਾਹ ਹੋਇਆਂ ਸ਼ਿੱਦਤ ਨੂੰ ਕਹਿਣ ਲੱਗਾ, ਸ਼ਿੱਦਤੇ ਘਰ ਚੱਲ ਤੂੰ ਆਪਣੇ , “ਦੇਖ ਕੀ ਹੋਇਆਂ” | ਇਹ ਦੇਖਕੇ ਸ਼ਿੱਦਤ ਆਪਣੇ ਘਰ ਵੱਲ ਦੌੜੀ |
ਘਰ ਦੇ ਦਰਵਾਜ਼ੇ ਤੇ ਜਾਕੇ ਸ਼ਿੱਦਤ ਨੇ ਕੀ ਦੇਖਿਆਂ ਕਿ ਉਨਾਂ ਦੇ ਘਰ ਕੂਕਾਂ ਪੈ ਰਹੀਆਂ | ਉਹਦੀ ਮਾਂ ਚਰਨੋਂ ਦੇ ਖਿਲਰੇ ਵਾਲ, ਉਹ ਧਰਤੀ ਤੇ ਲਿਟ ਰਹੀਂ ਸੀ ਤੇ ਉਸਦਾ ਭਰਾ ਸਾਹਿਬ ਤੇ ਭਾਬੀ ਦੀਪ ਮਾਂ ਨੂੰ ਸੰਭਾਲ ਰਹੇ ਸਨ | ਜਦ ਸ਼ਿੱਦਤ ਅੱਗੇ ਵਧੀ ਤੇ ਦੇਖਿਆਂ ਤਾਂ ਉਸਦਾ ਬਾਪੂ ਇਸ ਦੁਨੀਆਂ ਤੋਂ ਚਲ ਵਸਿਆਂ | ਅਚਾਨਕ ਇਹ ਦੇਖਕੇ ਸ਼ਿੱਦਤ ਸਦਮੇ ਚ ਚਲੀ ਗਈ | ਉਹ ਨਾ ਕੁਜ ਮੂੰਹੋਂ ਬੋਲੀ ਤੇ ਨਾ ਰੋਈ | ਬਸ ਚੁੱਪ ਕਰਕੇ ਆਪਣੇ ਬਾਪੂ ਦੇ ਪੈਰ ਫੜਕੇ ਬੈਠੀ ਰਹੀਂ |
ਢਾਈ ਮਹੀਨੇ ਬੀਤ ਜਾਣ ਬਾਅਦ ਇੱਕ ਦਿਨ ਪਿੰਡ ਚੋਂ ਗੋਗੀ ਵਿਚੋਲਾ ਸ਼ਿੱਦਤ ਲਈ ਰਿਸ਼ਤਾ ਲੈ ਕੇ ਆਇਆਂ ਕਿ ਪੜਿਆਂ ਲਿਖਿਆਂ ਕੱਲਾ ਕੇਰਾ ਮੁੰਡਾ , ਦਸ ਕਿਲ੍ਹੇ ਪੈਲੀ ਤੇ ਖੇਤਾਂ ਚ ਕੋਠੀ ਆਂ | ਰਿਸ਼ਤਾ ਵਧੀਆਂ ਦੇਖਕੇ ਸਾਹਿਬ ਨੇ ਮਾਂ ਚਰਨੋਂ ਨਾਲ ਸਲਾਹ ਕਰਕੇ ਰਿਸ਼ਤੇ ਲਈ ਹਾਂ ਬੋਲ ਦਿੱਤੀ | ਪਰ, ਸ਼ਿੱਦਤ ਆਪਣੀ ਮਾਂ ਵੱਲ ਦੇਖਕੇ ਨਾ ਵਿੱਚ ਸਿਰ ਹਿਲਾ ਰਹੀ ਸੀ |
ਰਾਤ ਨੂੰ ਨਾਰਾਜ਼ ਹੋਈ ਸ਼ਿੱਦਤ ਨੇ ਰੋਟੀ ਨਾ ਖਾਂਦੀ | ਸ਼ਿੱਦਤ ਦੀ ਮਾਂ ਚਰਨੋਂ ਸਿੱਦਤ ਨੂੰ ਸਮਝਾ ਰਹੀ ਹੈ ਕਿ ਧੀਏ ਵਿਆਹ ਤਾਂ ਤੇਰਾ ਇੱਕ ਦਿਨ ਕਰਨਾ ਹੀ ਆਂ | ਵਧੀਆਂ ਰਿਸ਼ਤੇ ਕਿਹੜਾ ਵਾਰ ਵਾਰ ਮਿਲਦੇ ਆਂ | ਨਾਲੇ ਮੇਰਾ ਕੀ ਪਤਾ ਮੈਂ ਕੱਲ ਹੋਵਾਂ ਜਾਂ ਨਾ ਹੋਵਾਂ | ਇਹ ਸੁਣਕੇ ਸ਼ਿੱਦਤ ਆਪਣੀ ਮਾਂ ਦੇ ਗਲ਼ ਲੱਗ ਕੇ ਰੋਣ ਲੱਗ ਪਈ |
ਵਿਆਹ ਤੋਂ ਤਿੰਨ ਮਹੀਨੇ ਬਾਅਦ ਹੀ ਉਹਦੇ ਸਹੁਰਾ ਪਰਿਵਾਰ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ | ਸ਼ਿੱਦਤ ਦਾ ਘਰਵਾਲਾ ਬਿਕਰਮ ਰੋਜ਼ ਰਾਤ ਨੂੰ ਸ਼ਰਾਬ ਪੀ ਕੇ ਆਉਦਾ ਤੇ ਕੁੱਟ ਮਾਰ ਕਰਦਾ |
ਇੱਕ ਰਾਤ ਪਿੰਡ ਦੇ ਦੋ ਮੁੰਡੇ ਬਿਕਰਮ ਨੂੰ ਘਰ ਛੱਡ ਕੇ ਗਏ, ਕਿਉਂਕਿ ਸ਼ਰਾਬ ਦੇ ਨਸ਼ੇ ਚ ਉਹ ਆਪਣੇ ਪੈਰਾਂ ਦੇ ਭਾਰ ਖੜ ਵੀ ਨਹੀਂ ਸਕਦਾ ਸੀ |
ਇਹ ਦੇਖਕੇ ਸ਼ਿੱਦਤ ਬੋਲੀ, “ਤੁਸੀ ਨਾ ਪੀਆਂ ਕਰੋ ਇੰਨੀ ਸ਼ਰਾਬ “|
ਬਿਕਰਮ ਸ਼ਰਾਬੀ ਹੋਇਆਂ ਲੜਖੜਾਉਦੀ ਆਵਾਜ਼ ਵਿੱਚ ਬੋਲਿਆਂ, ਮੈਂ ਤਾਂ ਪੀਉ, ਇੱਦਾਂ ਹੀ ਪੀਉ, ਰੋਜ਼ ਪੀਉ, ” ਤੂੰ ਕਰਲਾ ਕੀ ਕਰਦੀ ਐਂ” |
ਇਹ ਦੇਖ ਸ਼ਿੱਦਤ ਦੀ ਸੱਸ ਗੁੱਸੇ ਵਿੱਚ ਸ਼ਿੱਦਤ ਵੱਲ ਦੇਖਕੇ ਬੋਲੀ, ਇਹ ਤੇਰੇ ਪਿਓ ਦੀ ਨੀ ਪੀਂਦਾ, ਦਸ ਕਿਲ੍ਹਿਆਂ ਦਾ ਮਾਲਕ ਆਂ ਮੇਰਾ ਮੁੰਡਾ, ਕੁਛ ਮਰਜ਼ੀ ਖਾਵੇ ਤੇ ਕੁਛ ਮਰਜ਼ੀ ਪੀਵੇ | ਤੂੰ ਕੰਮ ਕਰ, ਤੈਨੂੰ ਰੋਟੀ ਮਿਲ ਜਾਂਦੀ ਆਂ, “ਹੋਰ ਤੂੰ ਕੀ ਭਾਲਦੀ ਐਂ” | ਇਹ ਸੁਣ ਸ਼ਿੱਦਤ ਆਪਣੇ ਕਮਰੇ ਵੱਲ ਤੁਰ ਪੈਂਦੀ ਆਂ |
ਪੰਜ਼ ਸਾਲ ਬੀਤ ਗਏ ਤੇ ਸ਼ਿੱਦਤ ਨੇ ਆਪਣੇ ਪੇਕੇ ਪਿੰਡ ਆਪਣੀ ਦੂਜੀ ਕੁੜੀ ਨੂੰ ਜਨਮ ਦਿੱਤਾ | ਹੁਣ ਸ਼ਿੱਦਤ ਜ਼ਿੱਦ ਕਰਨ ਲੱਗੀ ਕਿ ਮਾਂ ਮੈਂ ਹੁਣ ਉਸ ਘਰ ਨਹੀਂ ਜਾਣਾ | ਉੱਥੇ ਮੇਰੀ ਕੋਈ ਕਦਰ ਨਹੀਂ ਕਰਦਾ | ਇਹ ਸੁਣਕੇ ਸ਼ਿੱਦਤ ਦੀ ਭਾਬੀ ਬੋਲੀ, ” ਸ਼ਿੱਦਤੇ ਤੇਰੇ ਦੋ ਕੁੜੀਆਂ ਨੇ ਹੁਣ”, ਜੇ ਤੂੰ ਪੇਕੇ ਬਹਿ ਗਈ ਲੋਕ ਕੀ ਸੋਚਣ ਗਏ | ਸ਼ਿੱਦਤ ਦੀ ਮਾਂ ਉਹਦੀ ਭਾਬੀ ਦੀ ਹਾਂ ਚ ਹਾਂ ਮਿਲਾਉਦੀ ਬੋਲੀ, ਧੀਏ ਤੇਰਾ ਘਰ ਤਾਂ ਉਹੀ ਆਂ ਹੁਣ, ਤੈਨੂੰ ਉੱਥੇ ਹੀ ਰਹਿਣਾ ਪੈਣਾ |
ਸਮਾਂ ਗੁਜ਼ਰ ਦਾ ਗਿਆਂ | ਸ਼ਿੱਦਤ ਦੀ ਮਾਂ ਵੀ ਗੁਜ਼ਰ ਗਈ | ਪਰ ਸ਼ਿੱਦਤ ਨਾਲ ਉਹਦੇ ਘਰ ਉਹੀਂ ਸਲੂਕ ਹੁੰਦਾ ਰਿਹਾ | ਉਹ ਘੁੱਟ ਘੁੱਟ ਕੇ ਦਿਨ ਕੱਪ ਰਹੀ ਸੀ | ਹੁਣ ਸ਼ਿੱਦਤ ਦੇ ਤੀਜਾ ਬੱਚਾ ਹੋਣਾ ਸੀ ਅਤੇ ਇਸ ਵਾਰ ਉਸਦੀ ਸੱਸ ਨੂੰ ਇਹਬੱਚਾ ਮੁੰਡਾ ਹੀ ਚਾਹੀਦਾ ਸੀ | ਸ਼ਿੱਦਤ ਦਾ ਭਰਾ ਸਾਹਿਬ ਸ਼ਿੱਦਤ ਨੂੰ ਉਹਦਾ ਅੱਠਾ ਮਹੀਨਾ ਲੱਗੇ ਤੇ ਲੈਣ ਲਈ ਆਇਆਂ ਤੇ ਉਸਦਾ ਜਣੇਪਾ ਪੇਕੇ ਪਿੰਡ ਹੋਣਾ ਸੀ | ਜਾਣ ਲੱਗੀ ਸ਼ਿੱਦਤ ਨੂੰ ਉਹਦੀ ਸੱਸ ਬੋਲੀ ਜੇ ਏਸ ਵਾਰ ਮੁੰਡਾ ਨਾ ਹੋਇਆਂ ਤਾਂ ਇਸ ਘਰੇ ਦੁਬਾਰਾ ਪੈਰ ਨਾ ਪਾਈਂ | ਇਹ ਸੁਣਕੇ ਸ਼ਿੱਦਤ ਨਮ ਅੱਖਾਂ ਨਾਲ ਸਹੁਰੇ ਘਰੋਂ ਆਪਣੇ ਪੇਕੇ ਪਿੰਡ ਆ ਗਈ |
ਸ਼ਿੱਦਤ ਨੂੰ ਪੇਕੇ ਪਿੰਡ ਆਈ ਨੂੰ ਅੱਜ ਤਿੰਨ ਦਿਨ ਹੋ ਗਏ ਤੇ ਸ਼ਿੱਦਤ ਦੀ ਭਾਬੀ ਦੀਪ ਬੋਲੀ, ਸ਼ਿੱਦਤੇ ਤੂੰ ਆਪ ਸਮਝਦਾਰ ਆਂ, ਅਸੀਂ ਆਪਣੇ ਜਵਾਕ ਵੀ ਪੜਾਉਣੇ ਆਂ, ਨਾਲੇ ਤੈਨੂੰ ਪਤਾ ਤੇਰੇ ਵੀਰੇ ਦੀ ਇੰਨੀ ਆਮਦਨ ਵੀ ਨੀ ਤੇ ਉੱਤੇ ਦੀ ਤੇਰੇ ਜੰਮਣੇ ਲੋਟ ਨੀ ਆਉਂਦੇ | ਇਹ ਆਖਕੇ ਉਹਦੀ ਭਾਬੀ ਅੰਦਰ ਚਲੀ ਗਈ ਤੇ ਸ਼ਿੱਦਤ ਉੱਥੀਂ ਬੈਠੀ ਅੰਦਰੋਂ ਅੰਦਰੀ ਰੋਣ ਲੱਗ ਪਈ | ਸ਼ਿੱਦਤ ਉਹ ਪਲ ਯਾਦ ਕਰਨ ਲੱਗ ਪਈ ਜਦ ਉਹ ਆਪਣੀਆਂ ਹਾਣ ਦੀਆਂ ਨਾਲ ਗਲੀਆਂ ਚ ਨੱਚਦੀ ਟੱਪਦੀ ਸੀ ਤੇ ਆਪਣੇ ਮਾਂ ਬਾਪੂ ਦੇ ਸਿਰ ਤੇ ਐਸ਼ ਕਰਦੀ ਸੀ |
ਮੂੰਹ ਹਨੇਰੇ ਜਹੇ ਸ਼ਿੱਦਤ ਆਪਣੀਆਂ ਦੋਹਾਂ ਕੁੜੀਆਂ ਨੂੰ ਲੈ ਕੇ ਗੁਰੂ ਘਰ ਚਲੀ ਗਈ ਤੇ ਉੱਥੇ ਆਪਣੀਆਂ ਦੋਹਾਂ ਕੂੜੀਆਂ ਦਾ ਮੱਥਾ ਚੁੰਮਕੇ ਉਨਾਂ ਨੂੰ ਲੰਗਰ ਹਾਲ ਅੰਦਰ ਛੱਡਕੇ ਆਪ ਗੁਰੂ ਘਰ ਤੋਂ ਬਾਹਰ ਆ ਗਈ | ਸ਼ਿੱਦਤ ਸੜਕੋਂ ਸੜਕ ਤੁਰੀ ਜਾਵੇ | ਅਚਾਨਕ ਉਹਦੇ ਦਰਦ ਹੋਣਾ ਸ਼ੁਰੂ ਹੋ ਗਿਆਂ ਤੇ ਉਹ ਹਸਪਤਾਲ ਵੱਲ ਤੁਰ ਪਈ | ਲੱਤਾਂ ਘਿਸਾਕੇ ਸ਼ਿੱਦਤ ਮਸਾਂ ਹਸਪਤਾਲ ਪਹੁੰਚੀ | ਉਹਦੀ ਇਹ ਹਾਲਤ ਦੇਖਕੇ ਨਰਸਾਂ ਨੇ ਸ਼ਿੱਦਤ ਨੂੰ ਬਾਹੋਂ ਫੜਕੇ ਬੈੱਡ ਤੇ ਲਿਟਾ ਦਿੱਤਾ |
ਦੋ ਕੁ ਘੰਟੇ ਬਾਅਦ ਸ਼ਿੱਦਤ ਨੇ ਇੱਕ ਨੰਨੀ ਪਰੀ ਦੀ ਕਿਲਕਾਰੀ ਸੁਣੀ, ਤੇ ਉਸੇ ਵੇਲੇ ਸਰਕਾਰੀ ਬੈੱਡ ਤੇ ਸ਼ਿੱਦਤ ਨੇ ਆਪਣੇ ਪ੍ਰਾਣ ਤਿਆਗ ਦਿੱਤੇ |
ਕਿ ਹਾਸੇ ਹੋ ਗਏ ਪਾਸੇ
ਗੱਲ ਇੱਕ ਗੰਭੀਰ ਵਿਸ਼ੇ ਦੀ
ਜਿਹਦੇ ਸਰਕਾਰੀ ਬੈੱਡ ਤੇ ਸਾਹ ਨਿਕਲੇ
ਉਹ ਵੀ ਧੀ ਸੀ ਕਿਸੇ ਦੀ……
ਅਮਨ ਗਿੱਲ
ਪਿੰਡ ਰਾਣਵਾਂ ( ਮਾਲੇਰਕੋਟਲਾ )
ਮੋ. 8288972132
Leave a Comment
Your email address will not be published. Required fields are marked with *