22 ਕਿਸਮ ਦੇ ਖੂੰਖਾਰ ਕੁੱਤਿਆਂ ਦੀ ਨਸਲ ’ਤੇ ਲਾਈ ਪਾਬੰਦੀ : ਡਿਪਟੀ ਕਮਿਸ਼ਨਰ
ਫਰੀਦਕੋਟ, 3 ਅਪੈ੍ਰਲ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਖੂੰਖਾਰ ਕਿਸਮ ਦੀ ਪ੍ਰਵਿਰਤੀ ਵਾਲੇ ਕੁੱਤਿਆਂ ਵਲੋਂ ਮਨੁੱਖਾਂ ਅਤੇ ਛੋਟੇ ਬੱਚਿਆਂ ’ਤੇ ਹਮਲੇ ਕਰਨ ਦੀਆਂ ਘਟਨਾਵਾਂ ਨੂੰ ਗੰਭੀਰ ਅਤੇ ਚਿੰਤਾਜਨਕ ਕਰਾਰ ਦਿੰਦਿਆਂ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ 22 ਕਿਸਮ ਦੇ ਅਜਿਹੇ ਕੁੱਤਿਆਂ ਦੀਆਂ ਨਸਲਾਂ ਨੂੰ ਰੱਖਣ/ਪ੍ਰਜਣਨ ’ਤੇ ਮੁਕੰਮਲ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ। ਇਸ ਸਬੰਧੀ ਪਸ਼ੂ ਪਾਲਣ ਵਿਭਾਗ ਚੰਡੀਗੜ੍ਹ ਤੋਂ ਪ੍ਰਾਪਤ ਲਿਖਤੀ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਡਿਪਟੀ ਕਮਿਸਨਰ ਨੇ ਕਿਹਾ ਕਿ ਜੁਆਇੰਟ ਸੈਕਟਰੀ ਮੱਛੀ ਪਾਲਣ, ਪਸ਼ੂ ਪਾਲਣ ਮੰਤਰਾਲੇ ਭਾਰਤ ਸਰਕਾਰ ਨੇ ਵੀ ਇਸ ਬਾਬਤ ਸਖਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਹਨਾਂ ਦੱਸਿਆ ਕਿ ਸਮੇਂ ਸਮੇਂ ਤੇ ਅਜਿਹੇ ਖੂੰਖਾਰ ਪਾਲਤੂ ਅਤੇ ਅਵਾਰਾ ਕੁੱਤਿਆਂ ਖਿਲਾਫ ਐੱਨ.ਜੀ.ਓ. ’ਤੇ ਲੋਕ ਭਲਾਈ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਇਸ ਸਬੰਧੀ ਮਾਮਲੇ ਉਠਾਏ ਗਏ ਹਨ। ਉਹਨਾਂ ਦੱਸਿਆ ਕਿ ਦਿੱਲੀ ਅਤੇ ਚੰਡੀਗੜ੍ਹ ਤੋਂ ਪ੍ਰਾਪਤ ਲਿਖਤੀ ਹਦਾਇਤਾਂ ’ਚ ਦਿੱਲੀ ਹਾਈਕੋਰਟ ਵਲੋਂ ਵੀ ਖੂੰਖਾਰ ਕੁੱਤਿਆਂ ਨੂੰ ਘਰਾਂ ’ਚ ਪਾਲਣ ਅਤੇ ਜਨਤਕ ਥਾਵਾਂ ’ਤੇ ਮੁਕੰਮਲ ਪਬੰਦੀ ਲਾਉਣ ਦੇ ਹੁਕਮ ਜਾਰੀ ਹੋਏ ਹਨ। ਅਦਾਲਤ ਵਲੋਂ ਜਾਰੀ ਇਹਨਾਂ ਹੁਕਮਾਂ ’ਚ ਅਜਿਹੀ ਖੂੰਖਾਰ ਨਸਲ ਦੇ ਕੁੱਤਿਆਂ ਦੀ ਖਰੀਦ ਅਤੇ ਵੇਚ ’ਤੇ ਮੁਕੰਮਲ ਪਾਬੰਦੀ ਲਾਉਣ ਦੇ ਆਦੇਸ਼ ਦਿੱਤੇ ਗਏ ਹਨ। ਉਹਨਾਂ ਇਹ ਵੀ ਕਿਹਾ ਕਿ ਜਿਨਾਂ ਵਲੋਂ ਪਹਿਲਾਂ ਹੀ ਅਜਿਹੀਆਂ ਨਸਲਾਂ ਦੇ ਕੁੱਤੇ ਪਾਲਤੂ ਜਾਨਵਰ ਵਜੋਂ ਰੱਖੇ ਗਏ ਹਨ, ਉਹਨਾਂ ਦੀ ਵੀ ਨਸਬੰਦੀ ਕੀਤੀ ਜਾਵੇ ਤਾਂ ਜੋ ਪ੍ਰਜਣਨ ਕਿਰਿਆ ਨਾ ਹੋ ਸਕੇ। ਇਹਨਾਂ ਪਾਬੰਦੀਸੁਧਾ ਨਸਲਾਂ ਵਿੱਚ (ਮੀਕਸ ਅਤੇ ਕਰੋਸ ਬਰੀਡ) ਪਿੱਟਬੁੱਲ ਟੈਰੀਅਰ, ਤੋਸਾ ਈਨੋ, ਅਮਰੀਕਨ ਸੈਫਰਡ ਸਾਇਰ ਟੈਰੀਅਰ, ਫਿਲਾਹ ਬਰਸੀਲੈਰੋ, ਡੋਗੋ ਅਰਜਨਟੀਨੋ, ਅਮਰੀਕਨ ਬੁੱਲਡੋਗ, ਬੋਰਬੁੱਲ, ਕੰਗਲ, ਸੈਟਰਲ ਏਸੀਅਨ ਸੈਫਰਡ ਡੋਗ, (ਓਵਚਰਕਾ) ਕਾਉਕੇਸੀਅਨ ਸੈਫਰਡ ਡੋਗ (ਓਵਚਰਕਾ), ਸਾਊਥ ਰਸੀਅਨ ਸੈਫਰਡ ਡੋਗ (ਓਵਚਰਕਾ) ਟਰੋਨਜਕ ਸਰਪਲਾਨੀਨੈਕ, ਜਾਪਾਨੀ ਟੋਸਾ ਅਤੇ ਅਕੀਤਾ, ਮਸਟਿਵਸ (ਬੋਰਬੁੱਲ) ਰੋਟਵੇਲਰ, ਟੈਰੀਅਰ, ਰੋਡੀਸੀਅਨ ਰਿਜਬੈਕ, ਵੁਲਫ ਡੋਗਸ, ਅਕਬਸ ਡੋਗਸ, ਮੁਸਕਾਉ ਗਾਰਡ ਡੋਗ, ਕੇਨ ਕੋਰਸੋ, ਕਿਨਾਰੀਓ ਅਤੇ ਹਰ ਤਰ੍ਹਾਂ ਦਾ ਉਹ ਕੁੱਤਾ ਜਿਸ ਨੂੰ ਆਮ ਭਾਸ਼ਾ ’ਚ ਬੈਨ ਡੋਗ ਕਿਹਾ ਜਾਂਦਾ ਹੈ ਸਾਮਿਲ ਹਨ। ਉਹਨਾਂ ਇਹ ਵੀ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵਲੋਂ ਅਜਿਹੀ ਬਰੀਡ ਦੇ ਕੁੱਤਿਆਂ ਦੇ ਮਾਲਕਾਂ ਨੂੰ ਕੋਈ ਵੀ ਲਾਇਸੈਂਸ ਜਾਂ ਵੇਚਣ ਅਤੇ ਬਰੀਡਿੰਗ ਦੀ ਇਜਾਜਤ ਨਾ ਦਿੱਤੀ ਜਾਵੇ।
Leave a Comment
Your email address will not be published. Required fields are marked with *