ਕੋਟਕਪੂਰਾ, 22 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਕ ਪਾਸੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕੀਤੀ ਹਦਾਇਤ ਦੇ ਆਧਾਰ ’ਤੇ ਅਤਿ ਸੁਰੱਖਿਆ ਵਾਲੀ ਮੰਨੀ ਜਾਂਦੀ ਕੇਂਦਰੀ ਮਾਡਰਨ ਜੇਲ ਫਰੀਦਕੋਟ ਦੇ ਕੈਦੀਆਂ ਦੀ ਕਾਲੇ ਪੀਲੀਏ ਸਬੰਧੀ ਜਾਂਚ ਕੀਤੀ ਗਈ ਅਤੇ ਦੂਜੇ ਪਾਸੇ ਹਰਜੀਤ ਸਿੰਘ ਜਿਲਾ ਪੁਲਿਸ ਮੁਖੀ ਫਰੀਦਕੋਟ ਦੀ ਅਗਵਾਈ ਵਿੱਚ ਖੋਜੀ ਕੁੱਤਿਆਂ ਨਾਲ ਜੇਲ ਦੀ ਤਲਾਸ਼ੀ ਲਈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਈਕੋਰਟ ਨੇ ਪਿਛਲੇ ਦਿਨੀਂ ਇਕ ਨੋਟਿਸ ਜਾਰੀ ਕਰਕੇ ਪੰਜਾਬ ਅਤੇ ਹਰਿਆਣਾ ਤੋਂ ਜਾਣਕਾਰੀ ਮੰਗੀ ਸੀ ਕਿ ਜੋ ਕੈਦੀ ਜੇਲ ਵਿੱਚ ਸਜਾ ਕੱਟ ਰਹੇ ਹਨ, ਉਹਨਾਂ ਵਿੱਚੋਂ ਕਿੰਨੇ ਕਾਲੇ ਪੀਲੀਏ ਤੋਂ ਪੀੜਤ ਹਨ? ਇਸ ਨੋਟਿਸ ਸਬੰਧੀ ਫਰੀਦਕੋਟ ਜੇਲ ਵਿੱਚ ਬੰਦ 2941 ਕੈਦੀਆਂ ਦਾ ਪਿਛਲੇ ਦਿਨੀਂ ਟੈਸਟ ਕਰਵਾਇਆ ਗਿਆ, ਜਿਸ ਵਿੱਚੋਂ 908 ਕੈਦੀਆਂ ਦਾ ਟੈਸਟ ਪਾਜੇਟਿਵ ਪਾਇਆ ਗਿਆ। ਦੱਸਣਯੋਗ ਹੈ ਕਿ ਸਥਾਨਕ ਜੇਲ੍ਹ ਇਕ ਹਾਈ ਸਕਿਊਰਟੀ ਜੇਲ ਹੈ ਪਰ ਫਿਰ ਵੀ ਆਏ ਦਿਨ ਕਿਸੇ ਨਾ ਕਿਸੇ ਵਿਵਾਦ ਵਿੱਚ ਘਿਰੀ ਰਹਿੰਦੀ ਹੈ। ਇਸ ਸਬੰਧੀ ਸਿਵਲ ਸਰਜਨ ਡਾ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ 2941 ਕੈਦੀਆਂ ਦੇ ਟੈਸਟ ਕਰਵਾਏ ਗਏ ਸਨ, ਜਿੰਨਾ ਵਿੱਚੋਂ 908 ਕੈਦੀ ਹੈਪੇਟਾਈਟਸ-ਸੀ ਪਾਜੇਟਿਵ ਪਾਏ ਗਏ। ਉਹਨਾਂ ਦੱਸਿਆ ਕਿ ਉਕਤਾਨ ਵਿੱਚੋਂ 308 ਮਰੀਜਾਂ ਨੂੰ ਇਲਾਜ ਦੀ ਲੋੜ ਸੀ, ਜਿਸ ਵਿੱਚੋਂ 242 ਕੈਦੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਐਸਐਸਪੀ ਫਰੀਦਕੋਟ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਜੇਲ ਵਿੱਚ ਬੰਦ ਕੈਦੀਆਂ ਤੇ ਹਵਾਲਾਤੀਆਂ ਦੀ ਤਲਾਸ਼ੀ ਮੁਹਿੰਮ ਦੌਰਾਨ ਖੋਜੀ ਕੁੱਤਿਆਂ ਦੀ ਵਰਤੋਂ ਕੀਤੀ ਅਤੇ 3 ਹਵਾਲਾਤੀਆਂ ਤੋਂ ਜਦਕਿ 2 ਲਵਾਰਸ ਹਾਲਤ ਵਿੱਚ ਅਰਥਾਤ ਕੁੱਲ 5 ਮੋਬਾਇਲ ਫੋਨ ਬਰਾਮਦ ਕਰਦਿਆਂ ਦੱਸਿਆ ਕਿ ਇਹ ਤਲਾਸ਼ੀ ਮੁਹਿੰਮ ਵਾਲਾ ਸਿਲਸਿਲਾ ਭਵਿੱਖ ਵਿੱਚ ਵੀ ਜਾਰੀ ਰਹੇਗਾ।