ਕੋਟਕਪੂਰਾ, 1 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਧਾਰਮਿਕ ਭਾਵਨਾਵਾਂ ਦੀ ਆੜ ਹੇਠ ਫਿਰਕੂ ਪਿਛਾਖੜੀ ਸਾਵਨਵਾਦੀ ਸਿਆਸੀ ਵਿਚਾਰਧਾਰਾ ਨੂੰ ਪ੍ਰਫੁੱਲਿਤ ਕਰ ਰਹੀ ਕੇਂਦਰੀ ਹਕੂਮਤ ਅਤੇ ਮੁੱਢਲੇ ਅਧਿਕਾਰਾਂ ਦਾ ਗਲਾ ਘੁੱਟ ਕੇ ਜਮਹੂਰੀ ਕਾਰਕੁਨਾਂ ਨੂੰ ਜੇਲਾਂ ’ਚ ਡੱਕਣ ਦੇ ਰਾਹ ਪਈ ‘ਆਪ’ ਸਰਕਾਰ ਆਮ ਲੋਕਾਂ ਦੀ ਦੋਖੀ ਸਾਬਿਤ ਹੋਈ ਹੈ। ਡੈਮੋਕ੍ਰੇਟਿਕ ਟੀਚਰਜ ਫਰੰਟ ਫਰੀਦਕੋਟ ਦੇ ਜਿਲਾ ਪ੍ਰਧਾਨ ਸੁਖਵਿੰਦਰ ਸੁੱਖੀ, ਜਨਰਲ ਸਕੱਤਰ ਗਗਨ ਪਾਹਵਾ ਨੇ ਪੰਜਾਬ ਸਰਕਾਰ ਵੱਲੋਂ ਫਿਰਕੂ ਏਜੰਡੇ ਤਹਿਤ ਧਾਰਾ 295 ਅਤੇ 295ਏ ਲਾ ਕੇ ਤਰਕਸੀਲ ਸੁਸਾਇਟੀ ਦੇ ਆਗੂ, ਭੁਪਿੰਦਰ ਫੌਜੀ, ਸੁਰਜੀਤ ਦੌਧਰ ਸਮੇਤ ਹੋਰ ਜਮਹੂਰੀ ਲੋਕ ਆਗੂਆਂ ਤੇ ਕੇਸ ਦਰਜ ਕਰਕੇ ਜੇਲ੍ਹਾਂ ’ਚ ਬੰਦ ਕਰਨ ਦੀ ਸਖਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਕਿਹਾ ਦੇਸ਼ ਭਰ ’ਚ ਫਿਰਕੂ ਤਾਕਤਾਂ ਵਲੋਂ ਜਮਹੂਰੀ ਅਤੇ ਇਨਸਾਫ ਪਸੰਦ ਹਿੱਸਿਆਂ, ਘੱਟਗਿਣਤੀਆਂ, ਪੱਛੜੇ ਅਤੇ ਦਲਿਤ ਵਰਗ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੀਨੀਅਰ ਮੀਤ ਪ੍ਰਧਾਨ ਹਰਜਸਦੀਪ ਸਿੰਘ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਰੰਧਾਵਾ ਨੇ ਸੂਬੇ ਅਤੇ ਦੇਸ਼ ਭਰ ’ਚ ਦਹਿਸ਼ਤੀ ਮਹੌਲ ਸਿਰਜਣ ਖਿਲਾਫ ਲੋਕਾਂ ਨੂੰ ਲਾਮਬੰਦੀ ਕਰਨ ਅਤੇ ਸੰਵਿਧਾਨਕ ਹੱਕਾਂ ਦੀ ਰਾਖੀ ਲਈ ਇੱਕਜੁੱਟ ਹੋ ਕੇ ਨਜਾਇਜ ਤੌਰ ’ਤੇ ਜੇਲਾਂ ’ਚ ਬੰਦ ਕੀਤੇ ਜਮਹੂਰੀ ਕਾਰਕੁਨਾਂ ਨੂੰ ਇਨਸਾਫ ਦਿਵਾਉਣ ਲਈ ਦਿ੍ਰੜਤਾ ਨਾਲ ਲੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਬੇਰੁਜਗਾਰੀ, ਅਲਪ ਰੁਜਗਾਰ, ਮਹਿੰਗਾਈ, ਗਰੀਬੀ, ਭਿ੍ਰਸ਼ਟਾਚਾਰ ਵਰਗੇ ਅਨੇਕਾਂ ਮੁੱਦੇ ਠੰਡੇ ਬਸਤੇ ’ਚ ਪਾ ਕੇ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਆੜ੍ਹ ਹੇਠ ਲੋਕਾਂ ਨੂੰ ਦਹਿਸ਼ਤਜਦਾ ਕਰਨ ਖਿਲਾਫ ਲੋਕ ਰੋਹ ਪੈਦਾ ਹੋ ਚੁੱਕਾ ਹੈ, ਜਿਸ ਦਾ ਸੇਕ ਹਾਕਮਾਂ ਦੇ ਤਖਤ ਦੇ ਪਾਵਿਆਂ ਤੱਕ ਪਹੁੰਚਣ ’ਚ ਦੇਰ ਨਹੀਂ ਲੱਗਣੀ। ਆਗੂਆਂ ਨੇ ਕਿਹਾ ਕਿ ਹਾਲੀਆ ਰਿਪੋਰਟਾਂ ਅਨੁਸਾਰ ਭਿ੍ਰਸ਼ਟਾਚਾਰ ਦੇ ਮਾਮਲੇ ’ਚ 193 ਮੁਲਕਾਂ ਦੀ ਜਾਰੀ ਕੀਤੀ ਸੂਚੀ ਅਨੁਸਾਰ ਭਾਰਤ 93ਵੇਂ ਨੰਬਰ ਤੇ ਹੈ, ਪਿਛਲੇ ਸਮੇਂ ’ਚ ਪਾਸ ਕੀਤੇ ਦੂਰ ਸੰਚਾਰ ਬਿੱਲ ਨੇ ਨਾਗਰਿਕਾਂ ਦੇ ਬੁਨਿਆਦੀ ਅਤੇ ਮੌਲਿਕ ਅਧਿਕਾਰਾਂ ਲਈ ਖਤਰਾ ਖੜ੍ਹਾ ਕੀਤਾ ਹੈ।
Leave a Comment
Your email address will not be published. Required fields are marked with *