ਕੋਟਕਪੂਰਾ, 22 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗੈਰ ਕਾਨੂੰਨੀ ਗਿ੍ਰਫਤਾਰੀ ਅਤੇ ਕੇਂਦਰ ਸਰਕਾਰ ਦੀ ਤਾਨਾਸ਼ਾਹੀ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਤੋਂ ਇਲਾਵਾ ਦੇਸ਼ ਭਰ ਦੀਆਂ ਇਨਸਾਫ ਪਸੰਦ ਪਾਰਟੀਆਂ ਇਹ ਸਿੱਧ ਕਰ ਰਹੀਆਂ ਹਨ ਕਿ ਆਦਰਸ਼ ਚੋਣ ਜਾਬਤਾ ਲਾਗੂ ਹੋ ਜਾਣ ਤੋਂ ਬਾਅਦ ਕੋਈ ਵੀ ਸਰਕਾਰ ਇਸ ਤਰਾਂ ਦੇ ਕੋਝੇ ਹੱਥਕੰਢੇ ਨਹੀਂ ਅਪਣਾਅ ਸਕਦੀ। ਸਥਾਨਕ ਬੱਤੀਆਂ ਵਾਲਾ ਚੌਂਕ ਵਿੱਚ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਨਾਹਰੇਬਾਜੀ ਕਰਦਿਆਂ ਖੂਬ ਭੜਾਸ ਕੱਢੀ। ਆਪਣੇ ਸੰਬੋਧਨ ਦੌਰਾਨ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਸਮੇਤ ਇੰਦਰਜੀਤ ਸਿੰਘ ਨਿਆਮੀਵਾਲਾ, ਮਾ. ਕੁਲਦੀਪ ਸਿੰਘ ਮੌੜ, ਅਰੁਣ ਸਿੰਗਲਾ, ਸੁਖਦੇਵ ਸਿੰਘ ਪਦਮ, ਨਰੇਸ਼ ਸਿੰਗਲਾ, ਕੌਰ ਸਿੰਘ ਸੰਧੂ, ਪਿੰਦਰ ਸਿੰਘ ਗਿ, ਹਰਪ੍ਰੀਤ ਸਿੰਘ ਮੜਾਕ ਆਦਿ ਨੇ ਆਖਿਆ ਕਿ ਜੇਕਰ ਭਾਜਪਾ ਇਹ ਸੋਚਦੀ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਕੇ ਉਹ ਆਮ ਆਦਮੀ ਪਾਰਟੀ ਨੂੰ ਤਬਾਹ ਕਰ ਦੇਵੇਗੀ ਜਾਂ ਵਿਰੋਧੀ ਧਿਰ ਨੂੰ ਡਰਾ ਲਵੇਗੀ, ਇਹ ਉਸਦੀ ਬਹੁਤ ਵੱਡੀ ਗਲਤਫਹਿਮੀ ਹੈ, ਕਿਉਂਕਿ ਇਸ ਲੜਾਈ ਨੂੰ ਭਾਜਪਾ ਵਿਰੋਧੀ ਪਾਰਟੀਆਂ ਰਲ ਕੇ ਲੜਨਗੀਆਂ। ਉਹਨਾ ਆਖਿਆ ਕਿ ਜੇਕਰ ਭਾਜਪਾ ਵਿੱਚ ਹਿੰਮਤ ਹੈ ਤਾਂ ਉਹ ਚੋਣ ਮੈਦਾਨ ’ਚ ਉਤਰੇ ਅਤੇ ਝੂਠੇ ਕੇਸ ਬਣਾ ਕੇ ਪਿੱਛੋਂ ਹਮਲਾ ਕਰਨ ਦੀ ਨੀਤੀ ਦਾ ਤਿਆਗ ਕਰੇ। ਉਹਨਾਂ ਦਾਅਵਾ ਕੀਤਾ ਕਿ ਹੁਣ ਇਹ ਲੜਾਈ ਦੇਸ਼ ਦੀ ਜਨਤਾ-ਬਨਾਮ ਭਾਜਪਾ ਦੀ ਲੜਾਈ ਬਣ ਚੁੱਕੀ ਹੈ, ਕਿਉਂਕਿ ਤਾਨਾਸ਼ਾਹੀ ਵਿਰੁੱਧ ਛਿੜੇ ਦੇਸ਼ਵਿਆਪੀ ਸੰਘਰਸ਼ ਤੋਂ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਹੁਣ ਹਰ ਪਰਿਵਾਰ ਅਰਵਿੰਦ ਕੇਜਰੀਵਾਲ ਨਾਲ ਹੈ। ਉਹਨਾ ਕਿਹਾ ਕਿ ਲਗਾਤਾਰ 2 ਸਾਲ ਦੀ ਜਾਂਚ ਪੜਤਾਲ ਵਿੱਚ ਨਾ ਤਾਂ ਸੀਬੀਆਈ ਅਤੇ ਨਾ ਹੀ ਈ.ਡੀ. ਨੂੰ ਇਕ ਪੈਸਾ ਵੀ ਮਿਲਿਆ ਤੇ ਨਾ ਹੀ ਕੋਈ ਸਬੂਤ ਇਕੱਠੇ ਕਰ ਸਕੀ ਪਰ ਚੋਣਾ ਦਾ ਐਲਾਨ ਹੁੰਦੇ ਹੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਹੈਰਾਨੀ ਪ੍ਰਗਟਾਈ ਕਿ ਭਾਜਪਾ ਨੇ ਆਪਣੇ ਵਿਰੋਧੀ ਪਾਰਟੀਆਂ ਦੇ ਦੋ ਮੁੱਖ ਮੰਤਰੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਇਕ ਪਾਰਟੀ ਦਾ ਖਾਤਾ ਜਬਤ ਕਰਕੇ ਤਾਨਾਸ਼ਾਹੀ ਦਾ ਸਬੂਤ ਦਿੱਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਦਾਗਰ ਸਿੰਘ ਦੇਵੀਵਾਲਾ, ਪ੍ਰਣਾਮ ਸਿੰਘ ਚਾਨਾ, ਮੁਖਤਿਆਰ ਸਿੰਘ ਸੰਧਵਾਂ, ਨੀਟੂ ਸਿੰਘ ਚੱਕ ਕਲਿਆਣ, ਪ੍ਰਿੰਸ ਬਹਿਲ, ਨਛੱਤਰ ਸਿੰਘ ਬਾਬਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜਰ ਸਨ।
Leave a Comment
Your email address will not be published. Required fields are marked with *