ਸਰੀ, 12 ਦਸੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ ਅੱਜ ਬਜ਼ੁਰਗਾਂ, ਬੱਚਿਆਂ ਅਤੇ ਘੱਟ ਆਮਦਨ ਵਾਲੇ ਕਨੇਡੀਅਨ ਲਈ ਨਵੀਂ ਦੰਦ ਸੰਭਾਲ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ ਅਗਲੇ ਸਾਲ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਦੰਦਾਂ ਦੀ ਰੂਟੀਨ ਚੈਕਿੰਗ ਲਈ ਖਰਚਿਆਂ ਤੋਂ ਰਾਹਤ ਮਿਲੇਗੀ। ਇਹ ਐਲਾਨ ਕਰਦਿਆਂ ਸਿਹਤ ਮੰਤਰੀ ਮਾਰਕ ਹੌਲੈਂਡ ਨੇ ਸਰਕਾਰ ਦੀ ਯੋਜਨਾ ਨੂੰ ਪਰਿਵਰਤਨਸ਼ੀਲ ਦੱਸਿਆ ਕਿਉਂਕਿ ਇਹ ਲਗਭਗ 90 ਲੱਖ ਕੈਨੇਡੀਅਨਾਂ ਨੂੰ ਕਵਰੇਜ ਪ੍ਰਦਾਨ ਕਰੇਗੀ ਜਿਨ੍ਹਾਂ ਕੋਲ ਪਹਿਲਾਂ ਦੰਦਾਂ ਦੇ ਬੀਮੇ ਤੱਕ ਪਹੁੰਚ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਕੋਲ ਦੁਨੀਆ ਦੀ ਸਭ ਤੋਂ ਵਧੀਆ ਸਿਹਤ ਪ੍ਰਣਾਲੀ ਹੈ ਅਤੇ ਅੱਜ ਉਸ ਦਿਸ਼ਾ ਵਿੱਚ ਇਹ ਇੱਕ ਹੋਰ ਮਹੱਤਵਪੂਰਨ ਕਦਮ ਹੈ।
ਇਹ ਪ੍ਰੋਗਰਾਮ ਇਸ ਸਾਲ ਤੋਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਕੁਝ ਬਜ਼ੁਰਗਾਂ ਲਈ ਲਾਗੂ ਹੋਵੇਗਾ। 87 ਸਾਲ ਅਤੇ ਇਸ ਤੋਂ ਵਧੇਰੇ ਉਮਰ ਵਾਲੇ ਬਜ਼ੁਰਗ ਇਸ ਯੋਜਨਾ ਦਾ ਲਾਭ ਇਸ ਮਹੀਨੇ ਤੋਂ ਹੀ ਲੈ ਸਕਣਗੇ ਅਤੇ ਹੋਰ ਉਮਰ ਵਰਗਾਂ ਦੇ ਲੋਕ ਅਗਲੇ ਸਾਲ ਤੋਂ ਇਸ ਵਾਸਤੇ ਯੋਗ ਹੋ ਜਾਣਗੇ।
ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਇਸ ਯੋਜਨਾ ਤਹਿਤ ਲੱਖਾਂ ਲੋਕ ਕਨੇਡਾ ਦੇ ਸਮਾਜਿਕ ਸੁਰੱਖਿਆ ਪ੍ਰੋਗਰਾਮ ਦੇ ਇਸ ਨਵੇਂ ਸਿਹਤ ਪ੍ਰੋਗਰਾਮ ਦਾ ਲਾਭ ਉਠਾ ਸਕਣਗੇ। ਇਸ ਪ੍ਰੋਗਰਾਮ ਨੂੰ ਪੜਾਅਵਾਰ ਲਾਗੂ ਕੀਤਾ ਜਾਵੇਗਾ ਤੇ ਕੁਝ ਯੋਗ ਉਮੀਦਵਾਰ ਮਈ 2024 ਦੇ ਸ਼ੁਰੂ ਵਿੱਚ ਇਸ ਦਾ ਲਾਭ ਲੈਣ ਦੇ ਹੱਕਦਾਰ ਹੋ ਜਾਣਗੇ।
ਇਸੇ ਦੌਰਾਨ ਫੈਡਰਲ ਐਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਪਿਛਲੇ ਲੰਮੇ ਸਮੇਂ ਤੋਂ ਇਸ ਪ੍ਰੋਗਰਾਮ ਲਈ ਲੜਦੀ ਆ ਰਹੀ ਹੈ ਅਤੇ ਅੱਜ ਉਹਨਾਂ ਲਈ ਬੇਹਦ ਖੁਸ਼ੀ ਦਾ ਮੌਕਾ ਹੈ ਕਿ ਇਹ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਐਨਡੀਪੀ ਨੇ ਅੰਤਰਿਮ ਦੰਦਾਂ ਦੇ ਲਾਭ ਦੇ ਨਾਲ ਦੰਦਾਂ ਦੀ ਦੇਖਭਾਲ ਪ੍ਰਦਾਨ ਕਰਨ ਲਈ ਇਹ ਲੜਾਈ ਸ਼ੁਰੂ ਕੀਤੀ ਸੀ ਜਿਸ ਨਾਲ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ ਪਰਿਵਾਰਾਂ ਨੂੰ 1300 ਡਾਲਰ ਤੱਕ ਦਾ ਸਾਲਾਨਾ ਲਾਭ ਮਿਲਦਾ ਹੈ। ਉਹਨਾਂ ਕਿਹਾ ਕਿ ਇਸ ਰਾਸ਼ਟਰੀ ਪ੍ਰੋਗਰਾਮ ਨਾਲ 4.5 ਮਿਲੀਅਨ ਬਜ਼ੁਰਗਾਂ, ਹੋਰ ਯੋਗ ਲੋਕਾਂ ਨੂੰ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਲਾਭ ਹੋਵੇਗਾ ਜਿਨ੍ਹਾਂ ਕੋਲ ਨਿੱਜੀ ਬੀਮਾ ਨਹੀਂ ਹੈ ਅਤੇ ਜਿਨ੍ਹਾਂ ਦੀ ਆਮਦਨ 90 ਹਜਾਰ ਡਾਲਰ ਸਾਲਾਨਾ ਤੋਂ ਘੱਟ ਹੈ। ਉਹਨਾਂ ਦੱਸਿਆ ਕਿ 2025 ਤੱਕ ਇਹ ਅਨੁਮਾਨ ਹੈ ਕਿ 90 ਲੱਖ ਯੋਗ ਕਨੇਡੀਅਨ ਇਸ ਪ੍ਰੋਗਰਾਮ ਦਾ ਲਾਭ ਲੈ ਸਕਣਗੇ ਅਤੇ ਇੱਕ ਔਸਤ ਪਰਿਵਾਰ ਨੂੰ ਇਸ ਪ੍ਰੋਗਰਾਮ ਦੇ ਲਾਗੂ ਹੋਣ ਨਾਲ 1300 ਡਾਲਰ ਪ੍ਰਤੀ ਸਾਲ ਦੀ ਬੱਚਤ ਹੋਵੇਗੀ।
Leave a Comment
Your email address will not be published. Required fields are marked with *